ਭਾਈਵਾਲਾਂ ਨੂੰ ਵਰਤ ਕੇ ਸੁੱਟ ਦੇਣਾ ਕਾਂਗਰਸ ਦਾ ਏਜੰਡਾ: ਮੋਦੀ

ਭਾਈਵਾਲਾਂ ਨੂੰ ਵਰਤ ਕੇ ਸੁੱਟ ਦੇਣਾ ਕਾਂਗਰਸ ਦਾ ਏਜੰਡਾ: ਮੋਦੀ


ਅਮਰਾਵਤੀ (ਆਂਧਰਾ ਪ੍ਰਦੇਸ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਆਪਣੇ ਭਾਈਵਾਲਾਂ ਨੂੰ ਵਰਤ ਕੇ ਸੁੱਟ ਦੇਣਾ ਹੀ ਕਾਂਗਰਸ ਦਾ ਏਜੰਡਾ ਹੈ। ਉਹ ਆਂਧਰਾ ਪ੍ਰਦੇਸ਼ ਦੇ ਪਲਨਾੜੂ ਜ਼ਿਲ੍ਹੇ ਦੇ ਬੋਪੁਡੀ ਪਿੰਡ ’ਚ ਐੱਨਡੀਏ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ’ਚ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਦੀ ਅਗਵਾਈ ਹੇਠਲੀ ਵਾਈਐੱਸਆਰਸੀਪੀ ਸਰਕਾਰ ਤੇ ਕਾਂਗਰਸ ਦੋਵੇਂ ਇੱਕੋ ਜਿਹੀਆਂ ਹਨ ਅਤੇ ਇਹ ਦੋਵੇਂ ਪਾਰਟੀਆਂ ਸਿਰਫ਼ ਇੱਕ ਪਰਿਵਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਐੱਨਡੀਏ ਵਿੱਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਪਰ ਦੂਜੇ ਪਾਸੇ ਕਾਂਗਰਸ ਦਾ ਸਿਰਫ਼ ਇਕ ਏਜੰਡਾ ਭਾਈਵਾਲਾਂ ਨੂੰ ਵਰਤ ਕੇ ਸੁੱਟ ਦੇਣ ਦਾ ਹੈ। ਅੱਜ ਕਾਂਗਰਸ ਨੂੰ ਮਜਬੂਰੀ ਵਿੱਚ ਇੰਡੀ ਗੱਠਜੋੜ (ਇੰਡੀਆ) ਬਣਾਉਣਾ ਪਿਆ ਹੈ ਪਰ ਸੱਚ ਇਹੀ ਹੈ।’ ਉਨ੍ਹਾਂ ਦੋਸ਼ ਲਾਇਆ, ‘ਤੁਸੀਂ ਦੇਖਿਆ ਕਿ ਕੇਰਲਾ ਵਿੱਚ ਖੱਬੇਪੱਖੀ ਤੇ ਕਾਂਗਰਸ ਇੱਕ-ਦੂਜੇ ਬਾਰੇ ਕੀ ਕਹਿ ਰਹੇ ਹਨ। ਬੰਗਾਲ ਵਿੱਚ ਟੀਐੱਮਸੀ ਤੇ ਖੱਬੇਪੱਖੀ ਇੱਕ-ਦੂਜੇ ਖ਼ਿਲਾਫ਼ ਕੀ ਬੋਲ ਰਹੇ ਨੇ ਅਤੇ ਪੰਜਾਬ ਵਿੱਚ ਕਾਂਗਰਸ ਤੇ ‘ਆਪ’ ਇੱਕ ਦੂਜੇ ਬਾਰੇ ਕਿਹੋ ਜਿਹੀ ਭਾਸ਼ਾ ਵਰਤ ਰਹੇ ਹਨ। ਚੋਣਾਂ ਤੋਂ ਪਹਿਲਾਂ ਹੀ ਜਿਹੜੇ ਲੋਕ ਆਪਣੇ ਹਿੱਤਾਂ ਖਾਤਰ ਇਸ ਤਰ੍ਹਾਂ ਲੜ ਰਹੇ ਹਨ ਉਹ ਚੋਣਾਂ ਤੋਂ ਬਾਅਦ ਕੀ ਕਰਨਗੇ, ਤੁਸੀਂ ਆਪ ਸੋਚ ਸਕਦੇ ਹੋ।’