ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਛੇਤੀ: ਮੋਦੀ

ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਛੇਤੀ: ਮੋਦੀ

ਊਧਮਪੂਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇੱਥੇ ਵਿਧਾਨ ਸਭਾ ਚੋਣਾਂ ਵੀ ਜਲਦੀ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ ਅਗਾਮੀ ਲੋਕ ਸਭਾ ਚੋਣਾਂ ਬਿਨਾਂ ਕਿਸੇ ਅਤਿਵਾਦ, ਹੜਤਾਲ, ਪੱਥਰਬਾਜ਼ੀ ਤੇ ਸਰਹੱਦ ਪਾਰੋਂ ਹੋਣ ਵਾਲੀ ਗੋਲੀਬਾਰੀ ਦੇ ਹੋਣਗੀਆਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਰਾਮ ਮੰਦਰ ਨੂੰ ਭਾਜਪਾ ਲਈ ਚੋਣ ਮੁੱਦਾ ਦੱਸ ਰਿਹਾ ਹੈ ਜਦਕਿ ਇਹ ਦੇਸ਼ ਦੇ ਲੋਕਾਂ ਲਈ ਆਸਥਾ ਦਾ ਵਿਸ਼ਾ ਹੈ। ਉਹ ਊਧਮਪੁਰ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, ‘ਉਹ ਸਮਾਂ ਹੁਣ ਦੂਰ ਨਹੀਂ ਜਦੋਂ ਜੰਮੂ ਕਸ਼ਮੀਰ ’ਚ ਵੀ ਵਿਧਾਨ ਸਭਾ ਚੋਣਾਂ ਹੋਣਗੀਆਂ। ਜੰਮੂ ਕਸ਼ਮੀਰ ਆਪਣਾ ਰਾਜ ਵਜੋਂ ਦਰਜਾ ਵਾਪਸ ਹਾਸਲ ਕਰੇਗਾ। ਤੁਸੀਂ ਆਪਣੇ ਸੁਫਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਨਾਲ ਸਾਂਝੇ ਕਰਨ ਦੇ ਯੋਗ ਹੋਵੋਗੇ।’ ਪ੍ਰਧਾਨ ਮੰਤਰੀ ਨੇ ਕਿਹਾ ਹੁਣ ਤੱਕ ਜੋ ਵੀ ਕੀਤਾ ਗਿਆ ਉਹ ਇਸ ਖਿੱਤੇ ’ਚ ਕੀਤੇ ਜਾਣ ਵਾਲੇ ਕੰਮਾਂ ਦੀ ਸਿਰਫ਼ ਝਲਕ ਸੀ। ਉਨ੍ਹਾਂ ਕਿਹਾ ਕਿ ਹੁਣ ਦਹਾਕਿਆਂ ਬਾਅਦ ਜੰਮੂ ਕਸ਼ਮੀਰ ਵਿੱਚ ਅਤਿਵਾਦ ਤੇ ਸਰਹੱਦ ਪਾਰ ਗੋਲੀਬਾਰੀ ਦੇ ਡਰ ਤੋਂ ਬਿਨਾਂ ਚੋਣਾਂ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਸਿਰਫ਼ ਇੱਕ ਸੰਸਦ ਮੈਂਬਰ ਚੁਣਨ ਲਈ ਨਹੀਂ ਬਲਕਿ ਦੇਸ਼ ’ਚ ਇੱਕ ਮਜ਼ਬੂਤ ਸਰਕਾਰ ਬਣਾਉਣ ਲਈ ਹੋ ਰਹੀਆਂ ਹਨ। ਜੇਕਰ ਸਰਕਾਰ ਮਜ਼ਬੂਤ ਹੋਵੇਗੀ ਤਾਂ ਹੀ ਇਹ ਚੁਣੌਤੀਆਂ ਨਾਲ ਨਜਿੱਠ ਸਕੇਗੀ। ਉਨ੍ਹਾਂ ਕਿਹਾ, ‘ਹੁਣ ਇੱਥੇ ਸਕੂਲ ਨਹੀਂ ਸਾੜੇ ਜਾਂਦੇ ਬਲਕਿ ਸਕੂਲ ਸਜਾਏ ਜਾਂਦੇ ਹਨ। ਹੁਣ ਇੱਥੇ ਏਮਸ, ਆਈਆਈਟੀਜ਼ ਤੇ ਆਈਆਈਐੱਮਜ਼ ਬਣ ਰਹੇ ਹਨ।’ ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਜੰਮੂ ਕਸ਼ਮੀਰ ਦੇ ਲੋਕਾਂ ਦਾ ਪੁਰਾਣਾ ਦਰਦ ਖਤਮ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਉਨ੍ਹਾਂ ਨਾਲ ਹੀ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਸੰਵਿਧਾਨ ਦੀ ਧਾਰਾ 370 ਵਾਪਸ ਲਿਆਉਣ ਦੀ ਚੁਣੌਤੀ ਦਿੱਤੀ ਜਿਸ ਨੂੰ ਰੱਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਦੀ ਮਾਨਸਿਕਤਾ ਦੀ ਤੁਲਨਾ ਮੁਗਲਾਂ ਨਾਲ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਮੰਦਰ ਤੋੜ ਕੇ ਮਜ਼ਾ ਆਉਂਦਾ ਹੈ। ਉਨ੍ਹਾਂ ਕਿਹਾ, ‘ਤੁਸੀਂ ਦੇਖਿਆ ਹੋਵੇਗਾ ਕਿ ਕਾਂਗਰਸ ਨੂੰ ਰਾਮ ਮੰਦਰ ਨਾਲ ਕਿੰਨੀ ਨਫਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਭਾਜਪਾ ਲਈ ਚੋਣ ਮੁੱਦਾ ਹੈ। ਇਹ ਨਾ ਕਦੀ ਚੋਣ ਮੁੱਦਾ ਸੀ ਤੇ ਨਾ ਹੀ ਕਦੀ ਹੋਵੇਗਾ।’