ਸੰਵਿਧਾਨ ਵਿਰੋਧੀਆਂ ਨੂੰ ਚੋਣਾਂ ਵਿੱਚ ਮਿਲੇਗੀ ਸਜ਼ਾ: ਮੋਦੀ

ਸੰਵਿਧਾਨ ਵਿਰੋਧੀਆਂ ਨੂੰ ਚੋਣਾਂ ਵਿੱਚ ਮਿਲੇਗੀ ਸਜ਼ਾ: ਮੋਦੀ


ਪੂਰਨੀਆ/ਗਯਾ (ਬਿਹਾਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਦੋਸ਼ਾਂ ਕਿ ਭਾਜਪਾ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਦਾ ਖੰਡਨ ਕਰਦਿਆਂ ਅੱਜ ਕਿਹਾ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਪ੍ਰਤੀ ਸ਼ੁਕਰਗੁਜ਼ਾਰ ਹਨ ਕਿਉਂਕਿ ਇਹ ਸੰਵਿਧਾਨ ਨਾ ਹੁੰਦਾ ਤਾਂ ਕਦੇ ਵੀ ਇੱਕ ਪੱਛੜੇ ਪਰਿਵਾਰ ਵਿੱਚ ਪੈਦਾ ਹੋਇਆ ਗ਼ਰੀਬ ਲੜਕਾ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਸੀ। ਬਿਹਾਰ ਦੇ ਗਯਾ ਅਤੇ ਪੂਰਨੀਆ ਜ਼ਿਲ੍ਹਿਆਂ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਦੌਰਾਨ ਮੋਦੀ ਨੇ ਸੰਵਿਧਾਨ ਪ੍ਰਤੀ ਆਪਣੇ ਉੱਚ ਸਨਮਾਨ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਆਪਣੀ ਸਰਕਾਰ ਵੱਲੋਂ ਸਕੂਲਾਂ ਤੋਂ ਲੈ ਕੇ ਸੁਪਰੀਮ ਕੋਰਟ ਤੇ ਸੰਸਦ ਤੱਕ ‘ਸੰਵਿਧਾਨ ਦਿਵਸ’ ਮਨਾਏ ਜਾਣ ਦਾ ਜ਼ਿਕਰ ਕੀਤਾ। ਮੋਦੀ ਨੇ ਵਿਰੋਧੀ ਧਿਰ ’ਤੇ ਅਫਵਾਹਾਂ ਫੈਲਾ ਕੇ ਦੇਸ਼ ਦੇ ਸੰਵਿਧਾਨ ਨੂੰ ਸਿਆਸੀ ਹਥਕੰਡੇ ਵਜੋਂ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਸਮੇਤ ਵਿਰੋਧੀ ਆਗੂਆਂ ’ਤੇ ਸੰਵਿਧਾਨ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਵੀ ਲਾਇਆ।ਉਨ੍ਹਾਂ ਕਿਹਾ ਕਿ ਇਹ ਚੋਣ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗੀ ਜੋ ਸੰਵਿਧਾਨ ਦੇ ਖ਼ਿਲਾਫ਼ ਹਨ ਅਤੇ ਦੇਸ਼ ਨੂੰ ‘ਵਿਕਸਤ ਭਾਰਤ’ ਬਣਾਉਣ ਦੇ ਕੇਂਦਰ ਦੇ ਯਤਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਗ਼ਰੀਬਾਂ, ਦਲਿਤਾਂ ਦੀ ਏਨੀ ਪਰਵਾਹ ਕਿਉਂ ਕਰਦਾ ਹਾਂ। ਮੈਂ ਅਜਿਹਾ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਉਨ੍ਹਾਂ ਵਿਚੋਂ ਆਇਆ ਹਾਂ। ਇਸ ਲਈ ਮੈਂ ਖੁਦ ਨੂੰ ਇਸ ਸਮਾਜਿਕ ਵਰਗ ਦਾ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ। ਮੈਂ ਬਾਬਾ ਸਾਹਿਬ ਅੰਬੇਡਕਰ ਵੱਲੋਂ ਬਣਾਏ ਗਏ ਸੰਵਿਧਾਨ ਪ੍ਰਤੀ ਵੀ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ ਕਿਉਂਕਿ ਇਸ ਤੋਂ ਬਿਨਾਂ ਗ਼ਰੀਬ ਦਾ ਬੇਟਾ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਸੀ।’’ ਦੇਸ਼ ਦੇ ਸੰਵਿਧਾਨ ਨੂੰ ਲੈ ਕੇ ਮੋਦੀ ਦੀ ਇਹ ਟਿੱਪਣੀ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਇਸ ਦੋਸ਼ ਤੋਂ ਇੱਕ ਦਿਨ ਬਾਅਦ ਆਈ ਹੈ ਕਿ ਭਾਜਪਾ ਦੇ ਆਗੂ ਮੁੜ ਤੋਂ ਸੱਤਾ ਵਿੱਚ ਆਉਣ ਲਈ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਪਾਰਟੀ ਅਤੇ ਪ੍ਰਧਾਨ ਮੰਤਰੀ ਨੇ ਚੁੱਪ ਵੱਟੀ ਹੋਈ ਹੈ। ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਇਨ੍ਹਾਂ ਚੋਣਾਂ ਵਿੱਚ ਹੰਕਾਰੀ ਗੱਠਜੋੜ ਦੇ ਆਗੂਆਂ ਨੂੰ ਸਜ਼ਾ ਮਿਲੇਗੀ।