ਮੋਦੀ ਤੇ ਰਾਹੁਲ ਦੇ ਬਿਆਨਾਂ ’ਤੇ ਨੱਢਾ ਅਤੇ ਖੜਗੇ ਤੋਂ ਜਵਾਬ ਤਲਬ

ਮੋਦੀ ਤੇ ਰਾਹੁਲ ਦੇ ਬਿਆਨਾਂ ’ਤੇ ਨੱਢਾ ਅਤੇ ਖੜਗੇ ਤੋਂ ਜਵਾਬ ਤਲਬ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਚੋਣ ਜ਼ਾਬਤੇ ਦੀਆਂ ਸ਼ਿਕਾਇਤਾਂ ਦਾ ਪਹਿਲੀ ਵਾਰ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਨੋਟਿਸ ਜਾਰੀ ਕਰਕੇ ਸੋਮਵਾਰ ਤੱਕ ਜਵਾਬ ਮੰਗਿਆ ਹੈ। ਵਿਰੋਧੀ ਧਿਰ ਨੇ ਮੋਦੀ ਖ਼ਿਲਾਫ਼ ਦੋਸ਼ ਲਾਇਆ ਹੈ ਕਿ ਉਨ੍ਹਾਂ ਰਾਜਸਥਾਨ ਦੇ ਬਾਂਸਵਾੜਾ ’ਚ ਵੰਡੀਆਂ ਪਾਉਣ ਵਾਲਾ ਭਾਸ਼ਣ ਦਿੱਤਾ ਸੀ। ਚੋਣ ਕਮਿਸ਼ਨ ਨੇ ਵੱਖਰੇ ਤੌਰ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨੋਟਿਸ ਜਾਰੀ ਕਰਕੇ ਭਾਜਪਾ ਵੱਲੋਂ ਉਨ੍ਹਾਂ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਸ਼ਿਕਾਇਤ ਦਾ ਜਵਾਬ ਦੇਣ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਜਾਰੀ ਨੋਟਿਸਾਂ ’ਚ ਸਿੱਧੇ ਤੌਰ ’ਤੇ ਮੋਦੀ, ਰਾਹੁਲ ਗਾਂਧੀ ਜਾਂ ਖੜਗੇ ਦਾ ਨਾਮ ਨਹੀਂ ਲਿਆ ਹੈ ਸਗੋਂ ਨੋਟਿਸਾਂ ਨਾਲ ਸ਼ਿਕਾਇਤਾਂ ਕਰਨ ਵਾਲੇ ਵਫ਼ਦਾਂ ਦੀਆਂ ਚਿੱਠੀਆਂ ਨੱਥੀ ਕੀਤੀਆਂ ਹਨ ਜਿਨ੍ਹਾਂ ’ਚ ਤਿੰਨੋਂ ਆਗੂਆਂ ਖ਼ਿਲਾਫ਼ ਦੋਸ਼ਾਂ ਦੇ ਵੇਰਵੇ ਦਰਜ ਹਨ। ਨੱਢਾ ਨੂੰ ਭੇਜੇ ਨੋਟਿਸ ’ਚ ਚੋਣ ਕਮਿਸ਼ਨ ਨੇ ਕਾਂਗਰਸ, ਸੀਪੀਆਈ, ਸੀਪੀਆਈ (ਐੱਮਐੱਲ) ਅਤੇ ਸਮਾਜਿਕ ਜਥੇਬੰਦੀਆਂ ਨੇ ਮੋਦੀ ਵੱਲੋਂ 21 ਅਪਰੈਲ ਨੂੰ ਬਾਂਸਵਾੜਾ ’ਚ ਦਿੱਤੇ ਬਿਆਨ ਬਾਰੇ ਕੀਤੀਆਂ ਸ਼ਿਕਾਇਤਾਂ ’ਤੇ ਆਉਂਦੇ ਸੋਮਵਾਰ ਤੱਕ ਜਵਾਬ ਮੰਗਿਆ ਹੈ। ਇਨ੍ਹਾਂ ਸ਼ਿਕਾਇਤਾਂ ’ਚ ਮੋਦੀ ਦੇ ਦੋਸ਼ਾਂ ਕਿ ਕਾਂਗਰਸ ਲੋਕਾਂ ਦੀ ਸੰਪਤੀ ਖੋਹ ਕੇ ਮੁਸਲਮਾਨਾਂ ’ਚ ਵੰਡਣਾ ਚਾਹੁੰਦੀ ਹੈ ਅਤੇ ਵਿਰੋਧੀ ਧਿਰ ਔਰਤਾਂ ਦੇ ਮੰਗਲਸੂਤਰ ਤੱਕ ਨਹੀਂ ਬਖ਼ਸ਼ੇਗੀ ਆਦਿ ਦਾ ਜ਼ਿਕਰ ਹੈ। ਚੋਣ ਕਮਿਸ਼ਨ ਨੇ ਨੱਢਾ ਨੂੰ ਇਹ ਵੀ ਕਿਹਾ ਕਿ ਉਹ ਪਾਰਟੀ ਦੇ ਸਾਰੇ ਸਟਾਰ ਪ੍ਰਚਾਰਕਾਂ ਦੇ ਨੋਟਿਸ ’ਚ ਲਿਆ ਦੇਣ ਕਿ ਸਿਆਸੀ ਬਿਆਨਬਾਜ਼ੀ ਦੌਰਾਨ ਉਹ ਉੱਚ ਮਿਆਰ ਸਥਾਪਿਤ ਕਰਨ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਉੱਚੇ ਅਹੁਦਿਆਂ ’ਤੇ ਬੈਠੇ ਆਗੂਆਂ ਵੱਲੋਂ ਪ੍ਰਚਾਰ ਦੌਰਾਨ ਦਿੱਤੇ ਜਾਂਦੇ ਭਾਸ਼ਣਾਂ ਦੇ ਬਹੁਤ ਗੰਭੀਰ ਸਿੱਟੇ ਨਿਕਲਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਚੋਣ ਕਮਿਸ਼ਨ ਨੇ ਕਿਸੇ ਪ੍ਰਧਾਨ ਮੰਤਰੀ ਖ਼ਿਲਾਫ਼ ਹੋਈ ਸ਼ਿਕਾਇਤ ਦਾ ਨੋਟਿਸ ਲਿਆ ਹੈ। ਸਾਲ 2019 ਦੀਆਂ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਵਿਰੋਧੀ ਧਿਰਾਂ ਵੱਲੋਂ ਕੀਤੀਆਂ ਸ਼ਿਕਾਇਤਾਂ ’ਤੇ ਮੋਦੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਤਤਕਾਲੀ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਸ਼ਿਕਾਇਤਾਂ ’ਤੇ ਚੋਣ ਕਮਿਸ਼ਨ ਵੱਲੋਂ ਲਏ ਕੁਝ ਫ਼ੈਸਲਿਆਂ ’ਤੇ ਆਪਣੀ ਅਸਹਿਮਤੀ ਦਰਜ ਕਰਵਾਈ ਸੀ। ਅਧਿਕਾਰੀਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪਾਰਟੀ ਪ੍ਰਧਾਨਾਂ ਨੂੰ ਜਵਾਬਦੇਹ ਠਹਿਰਾ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਵਧਾ ਦਿੱਤੀ ਹੈ। ਦੂਜੇ ਪਾਸੇ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਸੀ ਕਿ ਰਾਹੁਲ ਗਾਂਧੀ ਨੇ ਕੇਰਲਾ ਦੇ ਕੋਟਾਯਮ ’ਚ ਭਾਸ਼ਣ ਦੌਰਾਨ ਮੋਦੀ ਖ਼ਿਲਾਫ਼ ਦੇਸ਼ ’ਚ ‘ਇਕ ਰਾਸ਼ਟਰ, ਇਕ ਭਾਸ਼ਾ, ਇਕ ਧਰਮ’ ਥੋਪਣ ਦੇ ਦੋਸ਼ ਲਾਏ ਸਨ। ਭਾਜਪਾ ਨੇ ਕਿਹਾ ਕਿ ਤਾਮਿਲਨਾਡੂ ਦੇ ਕੋਇੰਬਟੂਰ ’ਚ ਰਾਹੁਲ ਨੇ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਸਾਡੀ ਭਾਸ਼ਾ, ਇਤਿਹਾਸ ਅਤੇ ਰਵਾਇਤ ’ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਖੜਗੇ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਾਇਆ ਜਦੋਂ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਐੱਸਸੀ ਅਤੇ ਐੱਸਟੀਜ਼ ਖ਼ਿਲਾਫ਼ ਵਿਤਕਰੇ ਕਾਰਨ ਉਨ੍ਹਾਂ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਨਹੀਂ ਭੇਜਿਆ ਗਿਆ ਸੀ। -ਪੀਟੀਆਈ