ਇੰਦਰਾ ਦੀ ਸੰਪਤੀ ਬਚਾਉਣ ਲਈ ਰਾਜੀਵ ਨੇ ਖ਼ਤਮ ਕੀਤਾ ਸੀ ਟੈਕਸ: ਮੋਦੀ

ਇੰਦਰਾ ਦੀ ਸੰਪਤੀ ਬਚਾਉਣ ਲਈ ਰਾਜੀਵ ਨੇ ਖ਼ਤਮ ਕੀਤਾ ਸੀ ਟੈਕਸ: ਮੋਦੀ

ਮੋਰੈਨਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਖ਼ਿਲਾਫ਼ ਹਮਲੇ ਜਾਰੀ ਰਖਦਿਆਂ ਕਿਹਾ ਕਿ ਇੰਦਰਾ ਗਾਂਧੀ ਦੀ ਸੰਪਤੀ ਸਰਕਾਰ ਕੋਲ ਨਾ ਜਾਣ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵਿਰਾਸਤੀ ਟੈਕਸ ਖ਼ਤਮ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਲੈਣ ਮਗਰੋਂ ਹੁਣ ਕਾਂਗਰਸ ਇਹ ਟੈਕਸ ਦੇਸ਼ ਦੇ ਲੋਕਾਂ ’ਤੇ ਥੋਪਣਾ ਚਾਹੁੰਦੀ ਹੈ। ਮੱਧ ਪ੍ਰਦੇਸ਼ ਦੇ ਮੋਰੈਨਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ’ਚ ਆਈ ਤਾਂ ਉਹ ਵਿਰਾਸਤੀ ਟੈਕਸ ਲਗਾ ਕੇ ਲੋਕਾਂ ਦੀ ਅੱਧੀ ਤੋਂ ਵਧ ਕਮਾਈ ਖੋਹ ਲਵੇਗੀ। ‘ਮੈਂ ਕਾਂਗਰਸ ਨੂੰ ਇਹ ਲੁੱਟ ਨਹੀਂ ਕਰਨ ਦੇਵਾਂਗਾ। ਮੈਂ ਲੋਕਾਂ ਅਤੇ ਕਾਂਗਰਸ ਵਿਚਕਾਰ ਦੀਵਾਰ ਬਣ ਕੇ ਖੜ੍ਹਾ ਰਹਾਂਗਾ।’ ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜਿਹੜੇ ਆਪਣੇ ਆਪ ਨੂੰ ਦੇਸ਼ਭਗਤ ਆਖਦੇ ਹਨ, ਉਹ ਜਾਤੀ ਜਨਗਣਨਾ ਦੇ ‘ਐਕਸ-ਰੇਅ’ ਤੋਂ ਘਬਰਾਏ ਹੋਏ ਹਨ। ਮੋਦੀ ਨੇ ਕਿਹਾ ਕਿ ਕਾਂਗਰਸ ਲੋਕਾਂ ਦੀਆਂ ਸੰਪਤੀਆਂ ਅਤੇ ਬੇਸ਼ਕੀਮਤੀ ਵਸਤਾਂ ਦਾ ਐਕਸ-ਰੇਅ ਕਰਵਾ ਕੇ ਉਨ੍ਹਾਂ ਦੇ ਗਹਿਣੇ ਅਤੇ ਛੋਟੀਆਂ ਬੱਚਤਾਂ ਜ਼ਬਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਸ਼ਹਿਜ਼ਾਦੇ’ ਦੇ ਸਲਾਹਕਾਰ ਨੇ ਵਿਰਾਸਤੀ ਟੈਕਸ ਲਾਉਣ ਦਾ ਸੁਝਾਅ ਦਿੱਤਾ ਹੈ ਪਰ ਜਦੋਂ ਤੱਕ ਭਾਜਪਾ ਹੈ, ਉਹ ਅਜਿਹੇ ਨਾਪਾਕ ਇਰਾਦਿਆਂ ਨੂੰ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਮੁਸਲਿਮ ਵੋਟ ਬੈਂਕਲਈ ਐੱਸਸੀਜ਼/ਐੱਸਟੀਜ਼/ਓਬੀਸੀਜ਼ ਦਾ ਰਾਖਵਾਂਕਰਨ ਖੋਹਣਾ ਚਾਹੁੰਦੀ ਹੈ। ‘ਉਹ ਲੋਕਾਂ ਦਾ ਭਵਿੱਖ ਬਰਬਾਦ ਕਰਕੇ ਧਾਰਮਿਕ ਤੁਸ਼ਟੀਕਰਨ ਰਾਹੀਂ ਸੱਤਾ ਹਥਿਆਉਣਾ ਚਾਹੁੰਦੀ ਹੈ। ਕਾਂਗਰਸ ਆਖਦੀ ਹੈ ਕਿ ਦੇਸ਼ ਦੇ ਵਸੀਲਿਆਂ ’ਤੇ ਮੁਸਲਮਾਨਾਂ ਦਾ ਪਹਿਲਾਂ ਹੱਕ ਹੈ ਪਰ ਮੈਂ ਆਖਦਾ ਹਾਂ ਕਿ ਪਹਿਲਾ ਹੱਕ ਗਰੀਬਾਂ ਦਾ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਦੀ ਸਭ ਤੋਂ ਵੱਡੀ ਵਿਰੋਧੀ ਹੈ ਅਤੇ ਉਸ ਨੇ ਹੋਰ ‘ਬਿਮਾਰੂ’ ਸੂਬਿਆਂ ਵਾਂਗ ਮੱਧ ਪ੍ਰਦੇਸ਼ ਨੂੰ ਵੀ ਉਸੇ ਲੀਹ ’ਤੇ ਪਾ ਦਿੱਤਾ ਸੀ। ਕਾਂਗਰਸ ’ਤੇ ਤਿੱਖੇ ਨਿਸ਼ਾਨੇ ਸੇਧਦਿਆਂ ਮੋਦੀ ਨੇ ਕਿਹਾ ਕਿ ਉਸ ਨੇ ਕਰਨਾਟਕ ’ਚ ਮੁਸਲਮਾਨਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਓਬੀਸੀ ਦੀ ਸੂਚੀ ’ਚ ਪਾ ਦਿਤਾ ਹੈ। ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪਾਰਟੀ ਦੇ ਚੋਣ ਮਨੋਰਥ ਪੱਤਰ ’ਚ ਸੰਪਤੀ ਦੀ ਵੰਡ ਸਬੰਧੀ ਹੋਇਆ ਕੋਈ ਵੀ ਜ਼ਿਕਰ ਦਿਖਾਉਣ। ਉਨ੍ਹਾਂ ਮੋਦੀ ’ਤੇ ਦੋਸ਼ ਲਾਇਆ ਕਿ ਉਹ ਚੋਣਾਂ ’ਚ ਅਸਲ ਮੁੱਦਿਆਂ ਤੋਂ ਧਿਆਨ ਵੰਡਾਉਣ ਲਈ ਝੂਠ ਫੈਲਾਅ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਮੋਦੀ ‘ਅਸਤਿਆਮੇਵ ਜਯਤੇ’ ਦੇ ਪ੍ਰਤੀਕ ਬਣ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਫਿਰ ਝੂਠ ਬੋਲਿਆ ਹੈ ਕਿਉਂਕਿ ਇੰਦਰਾ ਗਾਂਧੀ ਨੇ 1970 ’ਚ ਹੀ ਅਲਾਹਾਬਾਦ ’ਚ ਆਪਣੀ ਜੱਦੀ ਜਾਇਦਾਦ ਜਵਾਹਰਲਾਲ ਨਹਿਰੂ ਮੈਮੋਰੀਅਲ ਫੰਡ ਨੂੰ ਦਾਨ ਦੇ ਦਿੱਤੀ ਸੀ। ਉਨ੍ਹਾਂ ਰਾਜੀਵ ਗਾਂਧੀ ਸਰਕਾਰ ’ਚ ਵਿੱਤ ਮੰਤਰੀ ਰਹੇ ਵੀ ਪੀ ਸਿੰਘ ਦੇ ਬਜਟ ਭਾਸ਼ਣ ਦਾ ਇਕ ਅੰਸ਼ ‘ਐਕਸ’ ’ਤੇ ਸਾਂਝਾ ਕਰਦਿਆਂ ਕਿਹਾ ਕਿ ਇਸ ’ਚ ਵਿਰਾਸਤ ਟੈਕਸ ਖ਼ਤਮ ਕਰਨ ਦਾ ਮਤਾ ਰੱਖਿਆ ਗਿਆ ਸੀ ਅਤੇ ਭਾਸ਼ਣ ਦੀ ਧਾਰਾ 88 ’ਚ ਇਸ ਦੇ ਕਾਰਨ ਸਪੱਸ਼ਟ ਤੌਰ ’ਤੇ ਦੱਸੇ ਗਏ ਹਨ। ਚੋਣਾਂ ਦੇ ਦੂਜੇ ਪੜਾਅ ਤੋਂ ਪਹਿਲਾਂ ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਭਾਜਪਾ ਵੱਲੋਂ ਤਿਆਰ ਕੀਤੀ ਗਈ ਪਿਚ ’ਤੇ ਨਹੀਂ ਸਗੋਂ ਉਹ ਬੇਰੁਜ਼ਗਾਰੀ ਤੇ ਮਹਿੰਗਾਈ ਜਿਹੇ ਮੁੱਦਿਆਂ ਦੀ ਪਿਚ ’ਤੇ ਖੇਡੇਗੀ। ‘ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਜੈ ਸ਼ਾਹ ਅਤੇ ਅਮਿਤ ਸ਼ਾਹ ਵੱਲੋਂ ਤਿਆਰ ਕੀਤੀ ਗਈ ਪਿਚ ’ਤੇ ਅਸੀਂ ਖੇਡੀਏ। ਪਰ ਅਸੀਂ ਇਸ ਪਿਚ ’ਤੇ ਨਹੀਂ ਖੇਡਾਂਗੇ।’ ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੇ 2021 ’ਚ ਜਨਗਣਨਾ ਨਹੀਂ ਕਰਵਾਈ ਕਿਉਂਕਿ ਮੋਦੀ ਦੇਸ਼ ’ਚੋਂ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਨਗਣਨਾ ਨਾ ਕਰਾਉਣ ਲਈ ਕੋਵਿਡ ਦਾ ਬਹਾਨਾ ਬਣਾਇਆ ਗਿਆ ਪਰ ਮੱਧ ਪ੍ਰਦੇਸ਼ ’ਚ ਚੁਣੀ ਹੋਈ ਸਰਕਾਰ ਡੇਗਣ ਲਈ ਕੋਈ ਕੋਵਿਡ ਨਹੀਂ ਸੀ।