ਸ਼ਹਿਜ਼ਾਦੇ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਜ਼ੁਲਮ ਭੁੱਲਿਆ: ਮੋਦੀ

ਸ਼ਹਿਜ਼ਾਦੇ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਜ਼ੁਲਮ ਭੁੱਲਿਆ: ਮੋਦੀ

ਬੇਲਗਾਵੀ/ਦਾਵਨਗੇਰੇ(ਕਰਨਾਟਕ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਰਾਜਿਆਂ-ਮਹਾਰਾਜਿਆਂ ਦਾ ਅਪਮਾਨ ਕਰਨ ਅਤੇ ਤੁਸ਼ਟੀਕਰਨ ਦੀ ਸਿਆਸਤ ਲਈ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਹੋਰਨਾਂ ਨਵਾਬਾਂ/ਨਿਜ਼ਾਮਾਂ ਵੱਲੋਂ ਕੀਤੇ ਜ਼ੁਲਮਾਂ ਨੂੰ ਭੁੱਲਣ ਤੇ ਚੁੱਪ ਧਾਰਨ ਦਾ ਦੋਸ਼ ਲਾਇਆ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ‘ਇੰਡੀਆ’ ਬਲਾਕ ਵੱਲੋਂ ਤਿਆਰ ‘ਫਾਰਮੂਲੇ’ ਤਹਿਤ ਵਿਰੋਧੀ ਧਿਰਾਂ ਦੇ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਨੂੰ ਹਰ ਸਾਲ ਪ੍ਰਧਾਨ ਮੰਤਰੀ ਦਾ ਅਹੁਦਾ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਬੰਧ ਨਾਲ ਦੇਸ਼ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਸ੍ਰੀ ਮੋਦੀ ਕਰਨਾਟਕ ਦੇ ਬੇਲਗਾਵੀ ਤੇ ਦਾਵਨਗੇਰੇ ਵਿਚ ਜਨਤਕ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ, ‘‘ਕਾਂਗਰਸ ਦੇ ਸ਼ਹਿਜ਼ਾਦੇ ਦਾ ਕਹਿਣਾ ਹੈ ਕਿ ਭਾਰਤ ਦੇ ਰਾਜੇ ਮਹਾਰਾਜੇ ਜ਼ਾਲਮ ਸਨ, ਉਨ੍ਹਾਂ ਗਰੀਬਾਂ ਦੀਆਂ ਜ਼ਮੀਨਾਂ ਖੋਹੀਆਂ। ਉਸ (ਰਾਹੁਲ) ਨੇ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਕਿੱਤੁਰ ਦੀ ਰਾਣੀ ਚੇਨੰਮਾ ਜਿਹੀਆਂ ਸ਼ਖ਼ਸੀਅਤਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੇ ਸ਼ਾਸਨ, ਉਨ੍ਹਾਂ ਦੀ ਦੇਸ਼ਭਗਤੀ ਸਾਨੂੰ ਸਾਰਿਆਂ ਨੂੰ ਅੱਜ ਵੀ ਪ੍ਰੇਰਨਾ ਦਿੰਦੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਦੇ ਸ਼ਹਿਜ਼ਾਦੇ ਦੀ ਟਿੱਪਣੀ ਤੁਸ਼ਟੀਕਰਨ ਲਈ ਬਹੁਤ ਸੋਚ-ਸਮਝ ਕੇ ਘੜੀ ਗਈ ਹੈ। ਉਹ ਰਾਜਿਆਂ ਤੇ ਮਹਾਰਾਜਿਆਂ ਦਾ ਜ਼ਿਕਰ ਕਰਦੇ ਹਨ ਪਰ ਉਨ੍ਹਾਂ ਇਕ ਵਾਰ ਵੀ ਭਾਰਤ ਦੇ ਇਤਿਹਾਸ ਵਿਚ ਨਿਜ਼ਾਮਾਂ-ਨਵਾਬਾਂ ਤੇ ਸੁਲਤਾਨਾਂ ਵੱਲੋਂ ਕੀਤੇ ਜ਼ੁਲਮਾਂ ਦਾ ਜ਼ਿਕਰ ਨਹੀਂ ਕੀਤਾ। ਕਾਂਗਰਸ ਔਰੰਗਜ਼ੇਬ, ਜਿਸ ਨੇ ਸਾਡੇ ਸੈਂਕੜੇ ਮੰਦਰਾਂ ਨੂੰ ਤਬਾਹ ਕੀਤਾ ਤੇ ਉਨ੍ਹਾਂ ਦੀ ਬੇਅਦਬੀ ਕੀਤੀ, ਦੇ ਜ਼ੁਲਮਾਂ ਤੇ ਅੱਤਿਆਚਾਰਾਂ ਨੂੰ ਯਾਦ ਨਹੀਂ ਕਰਦੀ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ‘ਤੁਸ਼ਟੀਕਰਨ ਦੀ ਮਾਨਸਿਕਤਾ’ ਹੁਣ ‘ਖੁੱਲ੍ਹ ਕੇ ਸਾਹਮਣੇ’ ਆ ਗਈ ਹੈ, ਜਿਹੜੀ ਉਨ੍ਹਾਂ ਦੇ ਚੋਣ ਮੈਨੀਫੈਸਟੋ ਵਿਚ ਵੀ ਨਜ਼ਰ ਆਉਂਦੀ ਹੈ। ਸ੍ਰੀ ਮੋਦੀ ਨੇ ਕਿਹਾ, ‘‘ਕੀ ਬਨਾਰਸ ਦੇ ਰਾਜੇ ਬਿਨਾਂ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਸਥਾਪਤ ਕੀਤਾ ਜਾ ਸਕਦਾ ਸੀ? ਕੀ ਮਹਾਰਾਣੀ ਆਹਿੱਲਿਆਬਾਈ ਹੋਲਕਰ ਨੇ ਮੰਦਿਰਾਂ ਦਾ ਮੁੜ ਨਿਰਮਾਣ ਤੇ ਸਾਡੇ ਪੂਜਾ ਅਸਥਾਨਾਂ ਦੀ ਰਾਖੀ ਨਹੀਂ ਕੀਤੀ? ਇਹ ਉਹੀ ਮਹਾਨ ਰਾਜੇ ਸਨ, ਜਿਨ੍ਹਾਂ ਡਾ.ਬਾਬਾਸਾਹਿਬ ਦੇ ਹੁਨਰ ਦੀ ਪਛਾਣ ਕੀਤੀ ਤੇ ਪੜ੍ਹਨ ਲਈ ਵਿਦੇਸ਼ ਭੇਜਿਆ। ਕਾਂਗਰਸ ਨੂੰ ਉਨ੍ਹਾਂ ਦਾ ਯੋਗਦਾਨ ਨਜ਼ਰ ਨਹੀਂ ਆਉਂਦਾ।’’