ਮੂਸੇਵਾਲਾ ਦੇ ਪਰਿਵਾਰ ਤੋਂ ਹਮਾਇਤ ਲੈਣ ਲਈ ਸਰਗਰਮ ਹੋਈਆਂ ਰਾਜਸੀ ਪਾਰਟੀਆਂ

ਮੂਸੇਵਾਲਾ ਦੇ ਪਰਿਵਾਰ ਤੋਂ ਹਮਾਇਤ ਲੈਣ ਲਈ ਸਰਗਰਮ ਹੋਈਆਂ ਰਾਜਸੀ ਪਾਰਟੀਆਂ

ਮਾਨਸਾ - ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਸਣੇ ਐਲਾਨੇ ਹੋਏ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਆਸ਼ੀਰਵਾਦ ਲੈਣ ਲਈ ਕਾਹਲੇ ਹਨ। ਭਾਵੇਂ ਅਜੇ ਤੱਕ ਪੰਜਾਬੀ ਗਾਇਕ ਦਾ ਪਰਿਵਾਰ ਕਿਸੇ ਵੀ ਉਮੀਦਵਾਰ ਨੂੰ ਮਿਲਣ ਤੋਂ ਦੂਰੀ ਬਣਾਈ ਬੈਠਾ ਹੈ ਪਰ ਮੈਦਾਨ ਵਿੱਚ ਆਏ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਸਮਰਥਕਾਂ ਰਾਹੀਂ ਬਲਕੌਰ ਸਿੰਘ ਸਿੱਧੂ ਸਣੇ ਚਮਕੌਰ ਸਿੰਘ ਸਿੱਧੂ ਤੋਂ ਸਮਾਂ ਮੰਗਿਆ ਜਾਣ ਲੱਗਿਆ ਹੈ। ਇਸੇ ਦੌਰਾਨ ਇਲਾਕੇ ਦੇ ਨੌਜਵਾਨ ਅਤੇ ਵੱਖ-ਵੱਖ ਕਲੱਬਾਂ ਸਣੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਜੇ ਵੀ ਮੂਸੇਵਾਲਾ ਦੇ ਪਰਿਵਾਰ ’ਚੋਂ ਕਿਸੇ ਜੀਅ ਨੂੰ ਮੈਦਾਨ ਵਿੱਚ ਉਤਰਨ ਲਈ ਰਾਜ਼ੀ ਕਰਨ ਲੱਗੇ ਹੋਏ ਹਨ। ਕਾਂਗਰਸ ਵੱਲੋਂ ਇੱਥੋੋਂ ਐਲਾਨੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਮਾਨਸਾ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਹੇਠ ਬੁਲਾਈ ਮੀਟਿੰਗ ਮਗਰੋਂ ਮੂਸੇਵਾਲਾ ਦੇ ਪਰਿਵਾਰ ਨਾਲ ਤਾਲਮੇਲ ਕਰਨ ਲਈ ਉਪਰਾਲਾ ਕੀਤਾ ਗਿਆ ਪਰ ਪਰਿਵਾਰ ਨੇ ਅਜੇ ਤੱਕ ਕੋਈ ਹਾਮੀ ਨਹੀਂ ਭਰੀ। ਉਧਰ, ਭਾਜਪਾ ਵੱਲੋਂ ਐਲਾਨੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਸਮਰਥਕਾਂ ਅਤੇ ਭਾਜਪਾ ਨੇਤਾਵਾਂ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਤਾਲਮੇਲ ਬਣਾਉਣ ਦਾ ਬੇਸ਼ੱਕ ਯਤਨ ਕੀਤਾ ਪਰ ਪਰਿਵਾਰ ਨੇ ਅਜੇ ਤੱਕ ਉਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਹਮਾਇਤ ਦੀ ਹਾਮੀ ਨਹੀਂ ਭਰੀ।
ਇੱਥੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿਣ ਵਾਲੀ ਹਰਸਿਮਰਤ ਕੌਰ ਬਾਦਲ ਦਾ ਚੋਣ ਮੀਟਿੰਗਾਂ ਦੌਰਾਨ ਮੂਸੇਵਾਲਾ ਪਰਿਵਾਰ ਨਾਲ ਅਜੇ ਤੱਕ ਕੋਈ ਮੇਲ-ਜੋਲ ਨਹੀਂ ਹੋ ਸਕਿਆ। ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਾਈ ਗੁਰਸੇਵਕ ਸਿੰਘ ਜਵਾਹਰਕੇ ਦੀ ਥਾਂ ਲੱਖਾ ਸਿਧਾਣਾ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ, ਉਸ ਲਈ ਵੀ ਹਮਾਇਤ ਦੇਣ ਲਈ ਮੂਸੇਵਾਲਾ ਪਰਿਵਾਰ ਚੁੱਪ ਵੱਟੀ ਬੈਠਾ ਹੈ।