ਅਸ਼ੋਕ ਚਵਾਨ ਨੇ ਕਾਂਗਰਸ ਪਾਰਟੀ ਛੱਡੀ

ਅਸ਼ੋਕ ਚਵਾਨ ਨੇ ਕਾਂਗਰਸ ਪਾਰਟੀ ਛੱਡੀ

ਮੁੰਬਈ-ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਹਾਰਾਸ਼ਟਰ ’ਚ ਇਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਪਾਰਟੀ ਛੱਡ ਦਿੱਤੀ। ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ਛੇਤੀ ਹੀ ਭਾਜਪਾ ’ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਬਾਬਾ ਸਿੱਦੀਕੀ ਅਤੇ ਮਿਲਿੰਦ ਦਿਉੜਾ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਾਨਾ ਪਟੋਲੇ ਨੂੰ ਲਿਖੇ ਪੱਤਰ ’ਚ ਚਵਾਨ (65) ਨੇ ਕਿਹਾ ਕਿ ਉਹ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਵਿਧਾਇਕ ਵਜੋਂ ਵੀ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੂੰ ਸੌਂਪ ਦਿੱਤਾ ਹੈ। ਚਵਾਨ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਚਰਚੇ ਦੌਰਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਆਗੇ ਆਗੇ ਦੇਖੋ ਹੋਤਾ ਹੈ ਕਿਆ।’ ਚਵਾਨ ਮਰਾਠਵਾੜਾ ਖ਼ਿੱਤੇ ਦੇ ਨਾਂਦੇੜ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਪਿਤਾ ਮਰਹੂਮ ਸ਼ੰਕਰਰਾਓ ਚਵਾਨ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਸਨ। ਮੁੰਬਈ ’ਚ ਆਦਰਸ਼ ਹਾਊਸਿੰਗ ਘੁਟਾਲੇ ’ਚ ਕਥਿਤ ਸ਼ਮੂਲੀਅਤ ਮਗਰੋਂ ਅਸ਼ੋਕ ਚਵਾਨ ਨੇ 2010 ’ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਲ 2014-19 ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਰਹੇ ਚਵਾਨ ਨੇ ਕਿਹਾ ਕਿ ਉਨ੍ਹਾਂ ਅਜੇ ਭਾਜਪਾ ’ਚ ਸ਼ਾਮਲ ਹੋਣ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ ਅਤੇ ਉਹ ਦੋ ਕੁ ਦਿਨਾਂ ’ਚ ਆਪਣੇ ਅਗਲੇ ਸਿਆਸੀ ਕਦਮ ਬਾਰੇ ਫ਼ੈਸਲਾ ਲੈਣਗੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਵਾਨ ਨੇ ਕਿਹਾ,‘‘ਮੈਂ ਜਨਤਕ ਮੰਚ ’ਤੇ ਕਾਂਗਰਸ ਪਾਰਟੀ ਬਾਰੇ ਕੁਝ ਵੀ ਨਹੀਂ ਬੋਲਾਂਗਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਛੱਡਣ ਦਾ ਨਿੱਜੀ ਕਾਰਨ ਹੈ। ਚਵਾਨ ਨੇ ਇਹ ਦਾਅਵਾ ਵੀ ਨਕਾਰਿਆ ਕਿ ਸੰਸਦ ’ਚ ਰੱਖੇ ਗਏ ਵ੍ਹਾਈਟ ਪੇਪਰ ਮਗਰੋਂ ਉਨ੍ਹਾਂ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਹੈ ਜਿਸ ’ਚ ਆਦਰਸ਼ ਬਿਲਡਿੰਗ ਘੁਟਾਲੇ ਦਾ ਵੀ ਜ਼ਿਕਰ ਸੀ। ਉਧਰ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੇ ਦਾਅਵਾ ਕੀਤਾ ਕਿ ਭਾਜਪਾ ‘ਕਾਂਗਰਸ ਦੇ ਕਬਜ਼ੇ ਵਾਲੀ ਭਾਜਪਾ’ ਬਣਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤ,‘‘ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛਾਤੀ ਠੋਕ ਕੇ ਆਖਦੇ ਹਨ ਕਿ ਉਨ੍ਹਾਂ ਦੀ ਪਾਰਟੀ 2024 ਚੋਣਾਂ ’ਚ 400 ਸੀਟਾਂ ਜਿੱਤੇਗੀ ਤਾਂ ਉਹ ਹੋਰ ਪਾਰਟੀਆਂ ਨੂੰ ਕਿਉਂ ਤੋੜ ਰਹੇ ਹਨ। ਇੰਨੇ ਸਾਰੇ ਕਾਂਗਰਸ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਇਕ ਦਿਨ ਅਜਿਹਾ ਆਵੇਗਾ ਜਦੋਂ ਉਸ ਦਾ ਕੌਮੀ ਪ੍ਰਧਾਨ ਕਾਂਗਰਸ ਤੋਂ ਹੋਵੇਗਾ।’’ ਭਾਜਪਾ ਪ੍ਰਦੇਸ਼ ਪ੍ਰਧਾਨ ਚੰਦਰਸ਼ੇਖਰ ਬਾਵਨਕੂਲੇ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਕਈ ਸੀਨੀਅਰ ਆਗੂ ਭਾਜਪਾ ਦੇ ਸੰਪਰਕ ਵਿੱਚ ਹਨ। ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਪਾਰਟੀ ਨੇ ਕਈ ਆਗੂਆਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਪਾਰਟੀ ਲੋਕਤੰਤਰ ਤੇ ਸੰਵਿਧਾਨ ਬਚਾਉਣ ਦੀਆਂ ਕੋਸ਼ਿਸ਼ਾਂ ’ਚ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚਵਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਜਦੋਂ ਦੋਸਤ ਅਤੇ ਸਾਥੀ ਵਧੇਰੇ ਕੁਝ ਮਿਲਣ ਦੇ ਬਾਵਜੂਦ ਸਿਆਸੀ ਪਾਰਟੀ ਛੱਡਦੇ ਹਨ ਤਾਂ ਗੁੱਸਾ ਆਉਣਾ ਲਾਜ਼ਮੀ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ,‘‘ਇਨ੍ਹਾਂ ਧੋਖੇਬਾਜ਼ਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦਾ ਬਾਹਰ ਜਾਣਾ, ਉਨ੍ਹਾਂ ਲਈ ਵਿਸ਼ਾਲ ਨਵੇਂ ਰਾਹ ਖੋਲ੍ਹਦਾ ਹੈ, ਜਿਨ੍ਹਾਂ ਦੇ ਵਿਕਾਸ ਨੂੰ ਉਨ੍ਹਾਂ ਨੇ ਹਮੇਸ਼ਾ ਡੱਕਿਆ ਸੀ।’’ ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਕਿਹਾ ਕਿ ਕੁਝ ਆਗੂਆਂ ਨੂੰ ਲਾਲਚ ਅਤੇ ਕੁਝ ’ਤੇ ਜਾਂਚ ਏਜੰਸੀਆਂ ਰਾਹੀਂ ਦਬਾਅ ਬਣਾ ਕੇ ਭਰਮਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ’ਚ ਰਹਿ ਕੇ ਮੌਜੂਦਾ ਸਮੇਂ ’ਚ ਸਿਆਸਤ ਕਰਨਾ ਮੁਸ਼ਕਲ ਹੋ ਗਿਆ ਹੈ ਪਰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਭਾਜਪਾ ਨੂੰ ਢੁੱਕਵਾਂ ਜਵਾਬ ਦੇਣਗੇ। ਕਾਂਗਰਸ ਆਗੂ ਮਨੀਕਮ ਟੈਗੋਰ ਨੇ ਚਵਾਨ ਵੱਲੋਂ ਪਾਰਟੀ ਛੱਡਣ ਦੀ ਪੋਸਟ ਐਕਸ ’ਤੇ ਨੱਥੀ ਕਰਦਿਆਂ ਫਿਲਮ ਸ਼ੋਲੇ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ ਜਿਸ ਵਿੱਚ ਡਾਇਲਾਗ ਹੈ,‘ਜੋ ਡਰ ਗਯਾ ਸਮਝੋ ਮਰ ਗਯਾ।’