ਹਵਾ ਪ੍ਰਦੂਸ਼ਣ: ਭਾਜਪਾ ਵੱਲੋਂ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

ਹਵਾ ਪ੍ਰਦੂਸ਼ਣ: ਭਾਜਪਾ ਵੱਲੋਂ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ- ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਆਕਸੀਜਨ ਮਾਸਕ ਪਾ ਕੇ ਅੱਜ ਸਵੇਰੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਕੌਮੀ ਰਾਜਧਾਨੀ ਵਿੱਚ ਚਾਰ ਥਾਵਾਂ ’ਤੇ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਆਈਟੀਓ ਕਰਾਸਿੰਗ, ਇੰਡੀਆ ਗੇਟ ਨੇੜੇ, ਲੀ ਮੈਰੀਡੀਅਨ ਹੋਟਲ ਨੇੜੇ ਗੋਲ ਚੌਕ ਅਤੇ 11 ਮੂਰਤੀ ਚੌਕ ’ਤੇ ਕੀਤੇ ਗਏ। ਸੰਸਦ ਮੈਂਬਰ ਮਨੋਜ ਤਿਵਾੜੀ ਤੇ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਕਮਲਜੀਤ ਸਹਿਰਾਵਤ 11 ਮੂਰਤੀ ਚੌਕ ’ਤੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਭਾਜਪਾ ਆਗੂ ਮਾਸਕ ਪਾ ਕੇ ਪ੍ਰਦਰਸ਼ਨ ਕਰ ਰਹੇ ਸਨ। ਦਿੱਲੀ ਭਾਜਪਾ ਦੇ ਜਨਰਲ ਸਕੱਤਰ ਹਰਸ਼ ਮਲਹੋਤਰਾ ਅਤੇ ਯੋਗੇਂਦਰ ਚੰਦੋਲੀਆ ਕ੍ਰਮਵਾਰ ਆਈਟੀਓ ਕਰਾਸਿੰਗ ਤੇ ਲੀ ਮੈਰੀਡੀਅਨ ਚੌਕ ਅਤੇ ਰਾਜੀਵ ਬੱਬਰ ਇੰਡੀਆ ਗੇਟ ’ਤੇ ਹੋਏ ਪ੍ਰਦਰਸ਼ਨ ਵਿੱਚ ਪਹੁੰਚੇ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਦਿੱਲੀ ਦੀ ਹਵਾ ਵਿੱਚ ਧੂੜ ਦੇ ਕਣ ਵਧਣ ਕਾਰਨ ਲੋਕ ਪ੍ਰਦੂਸ਼ਣ ਵਿੱਚ ਜਿਉਣ ਲਈ ਮਜਬੂਰ ਹਨ। ਪੰਜਾਬ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਕਾਰਨ ਪ੍ਰਦੂਸ਼ਣ ਵਿੱਚ ਹੋਰ ਵਾਧਾ ਹੋਇਆ ਹੈ, ਜੋ ਕਿ ਹੁਣ ਧੂੜ ਕਾਰਨ ਹੋਰ ਵੱਧ ਗਿਆ ਹੈ। ਦਿੱਲੀ ਸਰਕਾਰ ਦੀ ਸਰਦ ਰੁੱਤ ਕਾਰਜ ਯੋਜਨਾ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਕਿਉਂਕਿ ਧੂੜ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਮੁੱਖ ਮੰਤਰੀ ਅਤੇ ਵਾਤਾਵਰਨ ਮੰਤਰੀ ਗਾਇਬ ਹਨ। ਮੁੱਖ ਮੰਤਰੀ ਪਿਛਲੇ ਇੱਕ ਹਫ਼ਤੇ ਤੋਂ ਛੁੱਟੀ ’ਤੇ ਹਨ, ਜਦੋਂਕਿ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ। ਸ੍ਰੀ ਸਚਦੇਵਾ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਜਗਾਉਣ ਲਈ ਸਾਡੇ 5 ਸੀਨੀਅਰ ਆਗੂ ਅੱਜ ਦਿੱਲੀ ਦੇ ਮੁੱਖ ਟਰੈਫਿਕ ਚੌਰਾਹਿਆਂ ’ਤੇ ਆਕਸੀਜਨ ਮਾਸਕ ਲੈ ਕੇ ਖੜ੍ਹੇ ਹੋਏ ਹਨ। ਕੇਂਦਰ ਨੇ 22 ਦਸੰਬਰ ਨੂੰ ਖੇਤਰ ਵਿੱਚ ਵਿਗੜਦੀ ਹਵਾ ਦੀ ਗੁਣਵੱਤਾ ਦੇ ਵਿਚਕਾਰ ਦਿੱਲੀ-ਐੱਨਸੀਆਰ ਵਿੱਚ ਗੈਰ-ਜ਼ਰੂਰੀ ਉਸਾਰੀ ਕਾਰਜਾਂ ਅਤੇ ਬੀਐੱਸ-3 ਪੈਟਰੋਲ ਅਤੇ ਬੀਐੱਸ-4 ਡੀਜ਼ਲ ਚਾਰ-ਪਹੀਆ ਵਾਹਨਾਂ ਦੇ ਚਲਾਉਣ ’ਤੇ ਪਾਬੰਦੀ ਦੇ ਹੁਕਮ ਦਿੱਤੇ ਸਨ।