ਰਿੰਕੂ ਤੇ ਅੰਗੁਰਾਲ ਭਾਜਪਾ ’ਚ ਸ਼ਾਮਲ

ਰਿੰਕੂ ਤੇ ਅੰਗੁਰਾਲ ਭਾਜਪਾ ’ਚ ਸ਼ਾਮਲ

ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਇਕੋ-ਇਕ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਅੰਗੁਰਾਲ ਨੇ 2022 ਦੀਆਂ ਅਸੈਂਬਲੀ ਚੋਣਾਂ ਵਿਚ ਇਸੇ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ ਸੀ। ਸ਼ਰਾਬ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਪਹਿਲਾਂ ਹੀ ਸੰਕਟ ਵਿਚ ਘਿਰੀ ‘ਆਪ’ ਲਈ ਇਹ ਵੱਡਾ ਝਟਕਾ ਹੈ। ਜਲੰਧਰ ਤੋਂ ਸੰਸਦ ਮੈਂਬਰ ਰਿੰਕੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਵਿਕਾਸ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਵਿਚ ਮਦਦ ਨਾ ਕੀਤੇ ਜਾਣ ਦਾ ਦੋਸ਼ ਲਾਇਆ। ਰਿੰਕੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਕਰਕੇ ਉਹ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦਾ ਆਬਕਾਰੀ ਨੀਤੀ ਘੁਟਾਲਾ ਦਿੱਲੀ ਨਾਲੋਂ ਕਿਤੇ ਵੱਡਾ ਹੈ। ਰਿੰਕੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੰਮ ਕਰਨ ਦੀ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਜਲੰਧਰ ਵਿਚ ਨਵੀਆਂ ਰੇਲ ਗੱਡੀਆਂ ਤੇ ਹਵਾਈ ਸੇਵਾਵਾਂ ਨੂੰ ਹੁਲਾਰੇ ਸਣੇ ਸ਼ੁਰੂ ਕੀਤੇ ਹੋਰਨਾਂ ਵਿਕਾਸ ਕਾਰਜਾਂ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ। ਰਿੰਕੂ ਨੇ ਭਾਜਪਾ ਵਿਚ ਰਸਮੀ ਦਾਖਲੇ ਲਈ ਰੱਖੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ। ਮੈਂ ਜਲੰਧਰ ਦੀ ਬਿਹਤਰੀ ਲਈ ਨਵਾਂ ਤਜਰਬਾ ਕਰ ਰਿਹਾ ਹਾਂ।’’ ਰਿੰਕੂ ਤੇ ਅੰਗੁਰਾਲ, ਜੋ ਜਲੰਧਰ ਪੱਛਮੀ ਤੋਂ ਪੰਜਾਬ ਅਸੈਂਬਲੀ ਲਈ ਚੁਣੇ ਗਏ ਸਨ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ’ਚ ਭਾਜਪਾ ਵਿਚ ਸ਼ਾਮਲ ਹੋਏ।