ਲਖਨਊ ਦਾ ਆਦਿੱਤਿਆ ਸ੍ਰੀਵਾਸਤਵ ਸਿਵਲ ਸਰਵਸਿਜ਼ ਪ੍ਰੀਖਿਆ ’ਚ ਅੱਵਲ

ਲਖਨਊ ਦਾ ਆਦਿੱਤਿਆ ਸ੍ਰੀਵਾਸਤਵ ਸਿਵਲ ਸਰਵਸਿਜ਼ ਪ੍ਰੀਖਿਆ ’ਚ ਅੱਵਲ

ਨਵੀਂ ਦਿੱਲੀ- ਲਖਨਊ ਦਾ ਆਦਿੱਤਿਆ ਸ੍ਰੀਵਾਸਤਵ ਸਿਵਲ ਸੇਵਾਵਾਂ ਪ੍ਰੀਖਿਆ 2023 ਵਿਚ ਅੱਵਲ ਨੰਬਰ ਰਿਹਾ ਹੈ। ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਅੱਜ ਐਲਾਨੇ ਨਤੀਜਿਆਂ ਵਿਚ ਅਨੀਮੇਸ਼ ਪ੍ਰਧਾਨ ਦੂਜੇ ਅਤੇ ਦੋਨੁਰੂ ਅਨੰਨਿਆ ਰੈੱਡੀ ਤੀਜੇ ਸਥਾਨ ’ਤੇ ਰਹੀ। ਸ੍ਰੀਵਾਸਵਤਾ ਨੇ ਇਲੈਕਟ੍ਰੀਕਲ ਇੰਜਨੀਅਰਿੰਗ ਦੇ ਆਪਣੇ ਚੋਣਵੇਂ ਵਿਸ਼ੇ ਨਾਲ ਪ੍ਰੀਖਿਆ ਪਾਸ ਕੀਤੀ ਹੈ। ਇਸ ਦੌਰਾਨ ਹਰਿਆਣਾ ਦੇ ਬਹਾਦਰਗੜ੍ਹ ਦੇ ਸ਼ੌਰਿਆ ਅਰੋੜਾ ਨੂੰ 14ਵਾਂ, ਪੰਚਕੂਲਾ ਦੇ ਯੋਗੇਸ਼ ਦਿਲਹੋਰ ਨੂੰ 55ਵਾਂ ਅਤੇ ਪਟਿਆਲਾ ਦੇ ਦੇਵਦਰਸ਼ ਸਿੰਘ ਨੂੰ 370ਵਾਂ ਰੈਂਕ ਮਿਲਿਆ ਹੈ। ਯੂਪੀਐੱਸਸੀ ਵੱਲੋਂ ਸਿਵਲ ਸਰਵਸਿਜ਼ ਪ੍ਰੀਖਿਆ 2023 ਦੇ ਐਲਾਨੇ ਨਤੀਜਿਆਂ ਮੁਤਾਬਕ ਸ੍ਰੀਵਾਸਤਵ ਨੇ ਆਈਆਈਟੀ ਕਾਨਪੁਰ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਵਿਚ ਗਰੈਜੂਏਸ਼ਨ (ਬੈਚਲਰ ਆਫ਼ ਟੈਕਨਾਲੋਜੀ) ਕੀਤੀ ਸੀ। ਉਧਰ ਦੂਜੇ ਨੰਬਰ ’ਤੇ ਰਹਿਣ ਵਾਲਾ ਅਨੀਮੇਸ਼ ਪ੍ਰਧਾਨ ਰੂੜਕੇਲਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਵਿਚ ਗਰੈਜੂਏਟ (ਬੀਟੈੱਕ) ਹੈ। ਪ੍ਰੀਖਿਆ ਦੌਰਾਨ ਸੋਸ਼ਿਆਲੋਜੀ ਉਸ ਦਾ ਚੋਣਵਾਂ ਵਿਸ਼ਾ ਸੀ। ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਬੀਏ (ਆਨਰਜ਼) ਭੂਗੋਲ ਕਰਨ ਵਾਲੀ ਦੋਨੁਰੂ ਅਨੰਨਿਆ ਰੈੱਡੀ ਦਰਜਾਬੰਦੀ ਵਿਚ ਤੀਜੇ ਸਥਾਨ ’ਤੇ ਰਹੀ। ਉਸ ਨੇ ਚੋਣਵੇਂ ਵਿਸ਼ੇ ਵਜੋਂ ਮਾਨਵ ਵਿਗਿਆਨ (ਐਂਥਰੋਪੋਲੋਜੀ) ਦੀ ਚੋਣ ਕੀਤੀ ਸੀ। ਕੁੱਲ 1016 ਉਮੀਦਵਾਰਾਂ (664 ਪੁਰਸ਼ ਤੇ 352 ਮਹਿਲਾਵਾਂ) ਨੇ ਪ੍ਰੀਖਿਆ ਪਾਸ ਕੀਤੀ ਹੈ ਤੇ ਕਮਿਸ਼ਨ ਨੇ ਵੱਖ ਵੱਖ ਸੇਵਾਵਾਂ ਵਿਚ ਨਿਯੁਕਤੀ ਲਈ ਇਨ੍ਹਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ।ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਵਿਚ ਸਿਖਰਲੇ ਪੰਜ ਵਿਚੋਂ ਤਿੰਨ ਪੁਰਸ਼ ਤੇ ਦੋ ਮਹਿਲਾ ਉਮੀਦਵਾਰ ਹਨ। ਪੀ.ਕੇ.ਸਿਧਾਰਥ ਰਾਮਕੁਮਾਰ ਤੇ ਰੁਹਾਨੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ’ਤੇ ਰਹੇ। ਰਾਮਕੁਮਾਰ ਨੇ ਤ੍ਰਿਵੇਂਦਰਮ ਦੇ ਕਾਲਜ ਆਫ਼ ਆਰਕੀਟੈਕਚਰ ਤੋਂ ਬੈਚਲਰ ਕੀਤੀ ਹੈ। ਉਸ ਦਾ ਚੋਣਵਾਂ ਵਿਸ਼ਾ ਵੀ ਮਾਨਵ ਵਿਗਿਆਨ ਸੀ। ਰੁਹਾਨੀ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫ਼ਨਜ਼ ਕਾਲਜ ਤੋਂ ਅਰਥਸ਼ਾਸਤਰ ਵਿਚ ਬੀਏ (ਆਨਰਜ਼) ਕੀਤੀ ਹੋਈ ਹੈ। ਉਸ ਦਾ ਚੋਣਵਾਂ ਵਿਸ਼ਾ ਇਕਨਾਮਿਕਸ ਹੀ ਸੀ। ਸਿਖਰਲੇ 25 ਉਮੀਦਵਾਰਾਂ ਵਿਚ 10 ਮਹਿਲਾਵਾਂ ਤੇ 15 ਪੁਰਸ਼ ਹਨ।ਯੂਪੀਐੱਸਸੀ ਵੱਲੋਂ ਸਿਵਲ ਸਰਵਸਿਜ਼ ਪ੍ਰੀਖਿਆ ਸਾਲਾਨਾ ਤਿੰਨ ਪੜਾਵਾਂ- ਪ੍ਰੀਲਿਮਨਰੀ, ਮੇਨ ਤੇ ਇੰਟਰਵਿਊ- ਵਿਚ ਲਈ ਜਾਂਦੀ ਹੈ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਚੋੋਣ ਆਈਏਐੱਸ, ਆਈਐੱਫਐੱਸ ਤੇ ਆਈਪੀਐੱਸ ਅਧਿਕਾਰੀਆਂ ਵਜੋਂ ਕੀਤੀ ਜਾਂਦੀ ਹੈ। ਸਿਵਲ ਸਰਵਸਿਜ਼ (ਪ੍ਰੀਲਿਮਨਰੀ) ਪ੍ਰੀਖਿਆ 2023 ਪਿਛਲੇ ਸਾਲ 28 ਮਈ ਨੂੰ ਲਈ ਗਈ ਸੀ। ਇਸ ਪ੍ਰੀਖਿਆ ਲਈ ਕੁੱਲ 10,16,850 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਪਰ 5,92,141 ਉਮੀਦਵਾਰ ਹੀ ਪ੍ਰੀਖਿਆ ਵਿਚ ਬੈਠੇ। ਸਤੰਬਰ ਵਿਚ ਹੋਈ ਲਿਖਤੀ (ਮੇਨ) ਪ੍ਰੀਖਿਆ ਲਈ 14,624 ਹੀ ਕੁਆਲੀਫਾਈ ਕਰ ਸਕੇ। ਅੱਗੇ ਇਨ੍ਹਾਂ ਵਿਚੋਂ ਕੁੱਲ 2855 ਉਮੀਦਵਾਰ ਹੀ ਪਰਸਨੈਲਿਟੀ ਟੈਸਟ ਲਈ ਕੁਆਲੀਫਾਈ ਕਰ ਸਕੇ। ਸਿਫਾਰਸ਼ ਕੀਤੇ ਕੁੱਲ 1016 ਉਮੀਦਵਾਰਾਂ ਵਿਚੋਂ 347 ਜਨਰਲ ਵਰਗ, 115 ਆਰਥਿਕ ਕਮਜ਼ੋਰ ਵਰਗਾਂ, 303 ਹੋਰਨਾਂ ਪੱਛੜੇ ਵਰਗਾਂ, 165 ਐੱਸਸੀ ਤੇ 86 ਐੱਸਸੀ ਵਰਗਾਂ ਨਾਲ ਸਬੰਧਤ ਹਨ।