ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ 102 ਸੀਟਾਂ ’ਤੇ ਵੋਟਿੰਗ ਅੱਜ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ 102 ਸੀਟਾਂ ’ਤੇ ਵੋਟਿੰਗ ਅੱਜ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਭਲਕੇ 102 ਸੀਟਾਂ ’ਤੇ ਪੋਲਿੰਗ ਹੋਵੇਗੀ ਜਿਸ ’ਚ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਇਕ ਸਾਬਕਾ ਰਾਜਪਾਲ ਸਮੇਤ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਜਾਵੇਗੀ। ਵੋਟਿੰਗ ਵਾਲੇ ਇਹ ਹਲਕੇ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਪੈਂਦੇ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾਵਾਂ ਦੀਆਂ 92 ਸੀਟਾਂ ਲਈ ਵੀ ਵੋਟਾਂ ਪੈਣਗੀਆਂ। ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ’ਚੋਂ ਭਾਜਪਾ ਦੀ ਅਗਵਾਈ ਹੇਠ ਐੱਨਡੀਏ ਨੇ 2019 ’ਚ 39 ਸੀਟਾਂ ਜਿੱਤੀਆਂ ਸਨ। ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਵੇਗਾ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਉਂਜ ਕੁਝ ਸੀਟਾਂ ’ਤੇ ਪੋਲਿੰਗ ਖ਼ਤਮ ਹੋਣ ਦਾ ਸਮਾਂ ਵੱਖੋ ਵੱਖਰਾ ਰਹੇਗਾ। ਚੋਣ ਕਮਿਸ਼ਨ ਨੇ 1.87 ਲੱਖ ਪੋਲਿੰਗ ਸਟੇਸ਼ਨਾਂ ’ਤੇ 18 ਲੱਖ ਤੋਂ ਜ਼ਿਆਦਾ ਅਮਲਾ ਤਾਇਨਾਤ ਕੀਤਾ ਹੈ ਜਿਥੇ 16.63 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਵੋਟਰਾਂ ’ਚ 8.4 ਕਰੋੜ ਪੁਰਸ਼, 8.23 ਕਰੋੜ ਔਰਤਾਂ ਅਤੇ 11,371 ਕਿੰਨਰ ਸ਼ਾਮਲ ਹਨ। ਇਸ ਗੇੜ ’ਚ 35.67 ਲੱਖ ਵੋਟਰ ਪਹਿਲੀ ਵਾਰ ਆਪਣੇ ਹੱਕ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਨੇ ਪੋਲਿੰਗ ਅਤੇ ਸੁਰੱਖਿਆ ਅਮਲੇ ਦੀ ਤਾਇਨਾਤੀ ਲਈ 41 ਹੈਲੀਕਾਪਟਰਾਂ, 84 ਵਿਸ਼ੇਸ਼ ਰੇਲ ਗੱਡੀਆਂ ਅਤੇ ਕਰੀਬ ਇਕ ਲੱਖ ਵਾਹਨਾਂ ਦੀ ਵਰਤੋਂ ਕੀਤੀ ਹੈ। ਸਾਰੇ ਪੋਲਿੰਗ ਸਟੇਸ਼ਨਾਂ ’ਤੇ ਮਾਈਕਰੋ ਆਬਜ਼ਰਵਰ ਦੀ ਤਾਇਨਾਤੀ ਦੇ ਨਾਲ ਨਾਲ 50 ਫ਼ੀਸਦ ਤੋਂ ਵੱਧ ਪੋਲਿੰਗ ਸਟੇਸ਼ਨਾਂ ਦੀ ਵੈੱਬਕਾਸਟਿੰਗ ਵੀ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਦੇਖ-ਰੇਖ ਹੇਠ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਹਰੇਕ ਵੋਟ ਦੀ ਅਹਿਮੀਅਤ ਚੇਤੇ ਕਰਾਉਂਦਿਆਂ ਕਿਹਾ ਕਿ ਅਜਿਹੇ ਵੀ ਮੁਕਾਬਲੇ ਦੇਖਣ ਨੂੰ ਮਿਲੇ ਹਨ ਜਦੋਂ ਇਕ ਵੋਟ ਨਾਲ ਜਿੱਤ-ਹਾਰ ਦਾ ਫ਼ੈਸਲਾ ਹੋਇਆ। ਉਨ੍ਹਾਂ ਵੀਡੀਓ ਸੁਨੇਹੇ ’ਚ ਕਿਹਾ ਕਿ ਦੇਸ਼ ਦੇ ਲੋਕਤੰਤਰ ’ਚ ਚੋਣਾਂ ਸਭ ਤੋਂ ਖ਼ੂਬਸੂਰਤ ਪ੍ਰਗਟਾਵਾ ਹੈ ਅਤੇ ਵੋਟਿੰਗ ਤੋਂ ਵੱਧ ਕੁਝ ਵੀ ਨਹੀਂ ਹੈ। ਗਰਮੀ ਜ਼ਿਆਦਾ ਪੈਣ ਕਾਰਨ ਰਾਜੀਵ ਕੁਮਾਰ ਨੇ ਲੋਕਾਂ ਨੂੰ ਪੂਰੀ ਇਹਤਿਆਤ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਕਿ ਵੋਟਰਾਂ ਨੇ ਨਾ ਸਿਰਫ਼ ਆਪਣੇ ਲਈ ਸਗੋਂ ਪਰਿਵਾਰ ਅਤੇ ਦੇਸ਼ ਲਈ ਸਰਕਾਰ ਚੁਣਨੀ ਹੈ। ਪਹਿਲੇ ਗੇੜ ਦੀਆਂ ਚੋਣਾਂ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਗਪੁਰ, ਕਿਰਨ ਰਿਜਿਜੂ ਅਰੁਣਾਚਲ ਪ੍ਰਦੇਸ਼ (ਪੱਛਮੀ), ਅਰਜੁਨ ਰਾਮ ਮੇਘਵਾਲ ਬੀਕਾਨੇਰ, ਸਰਬਾਨੰਦ ਸੋਨੋਵਾਲ ਡਿਬਰੂਗੜ੍ਹ, ਸੰਜੀਵ ਬਾਲਿਆਨ ਮੁਜ਼ੱਫਰਨਗਰ, ਜੀਤੇਂਦਰ ਸਿੰਘ ਊਧਮਪੁਰ, ਭੁਪੇਂਦਰ ਯਾਦਵ ਅਲਵਰ, ਸਾਬਕਾ ਰਾਜਪਾਲ ਤਾਮਿਲਸਾਈ ਸੌਂਦਰਰਾਜਨ ਚੇਨੱਈ (ਦੱਖਣ), ਕਮਲਨਾਥ ਦਾ ਪੁੱਤਰ ਨਕੁਲਨਾਥ ਛਿੰਦਵਾੜਾ ਅਤੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਪੱਛਮੀ ਤ੍ਰਿਪੁਰਾ ਤੋਂ ਕਿਸਮਤ ਆਜ਼ਮਾ ਰਹੇ ਹਨ।