ਪਹਿਲੇ ਗੇੜ ਵਿੱਚ 102 ਸੀਟਾਂ ’ਤੇ 62.37 ਫੀਸਦ ਪੋਲਿੰਗ

ਪਹਿਲੇ ਗੇੜ ਵਿੱਚ 102 ਸੀਟਾਂ ’ਤੇ 62.37 ਫੀਸਦ ਪੋਲਿੰਗ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਅਤੇ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ ਪਈਆਂ। ਲੋਕ ਸਭਾ ਚੋਣਾਂ ਲਈ ਰਾਤ ਨੌਂ ਵਜੇ ਤੱਕ 62.37 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ ਤੇ ਇਹ ਅੰਕੜਾ ਵਧਣ ਦੇ ਆਸਾਰ ਹਨ। ਵੋਟਿੰਗ ਦੌਰਾਨ ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਸਾਹਮਣੇ ਆਈਆਂ। ਛੱਤੀਸਗੜ੍ਹ ਵਿਚ ਗ਼ਲਤੀ ਨਾਲ ਹਥਗੋਲਾ ਫਟਣ ਕਰਕੇ ਸੀਆਰਪੀਐੱਫ ਜਵਾਨ ਦੀ ਮੌਤ ਹੋ ਗਈ ਜਦੋਂਕਿ ਆਈਈਡੀ ਧਮਾਕੇ ’ਚ ਅਧਿਕਾਰੀ ਜ਼ਖ਼ਮੀ ਹੋ ਗਿਆ। ਤਾਮਿਲ ਨਾਡੂ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਅਸਾਮ ਵਿਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿਚ ਮਾਮੂਲੀ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਤ੍ਰਿਪੁਰਾ ਵਿਚ 80.40 ਫੀਸਦ ਨਾਲ ਸਭ ਤੋਂ ਵੱਧ ਅਤੇ ਬਿਹਾਰ ਵਿਚ 48.50 ਫੀਸਦ ਨਾਲ ਸਭ ਤੋਂ ਘੱਟ ਪੋਲਿੰਗ ਹੋਈ। ਪੱਛਮੀ ਬੰਗਾਲ ਵਿਚ 77.57 ਫੀਸਦ, ਪੁੱਡੂਚੇਰੀ 73.50 ਫੀਸਦ, ਅਸਾਮ ’ਚ 72.10 ਫੀਸਦ ਤੇ ਮੇਘਾਲਿਆ ਵਿਚ 74.21 ਫੀਸਦ ਵੋਟਾਂ ਪਈਆਂ। ਪਹਿਲੇ ਗੇੜ ਦੀ ਚੋਣ ਮਗਰੋਂ ਅੱਜ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਤੇ ਇਕ ਸਾਬਕਾ ਰਾਜਪਾਲ ਸਣੇ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਗਈ। ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੇ 2019 ਵਿਚ ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ’ਚੋਂ 39 ਸੀਟਾਂ ਜਿੱਤੀਆਂ ਸਨ। ਪੋਲਿੰਗ ਦਾ ਅਮਲ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਤੇ ਸ਼ਾਮੀਂ ਛੇ ਵਜੇ ਖ਼ਤਮ ਹੋ ਗਿਆ। ਪੂਰਬੀ ਨਾਗਾਲੈਂਡ ਦੇ ਛੇ ਜ਼ਿਲ੍ਹਿਆਂ ਵਿਚ ਚੋਣਾਂ ਦੌਰਾਨਚੁੱਪ ਸ਼ਾਂਤੀ ਪੱਸਰੀ ਰਹੀ ਕਿਉਂਕਿ ਕਬਾਇਲੀ ਜਥੇਬੰਦੀਆਂ ਦੀ ਸਿਖਰਲੀ ਸੰਸਥਾ ਵੱਲੋਂ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਦਿੱਤੇ ਅਣਮਿੱਥੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਲੋਕਾਂ ਨੇ ਘਰਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। ਪੱਛਮੀ ਬੰਗਾਲ ਵਿਚ ਕੂਚ ਬਿਹਾਰ ਸੀਟ ਲਈ ਹੋਈ ਚੋਣ ਦੌਰਾਨ ਟੀਐੱਮਸੀ ਤੇ ਭਾਜਪਾ ਵਰਕਰ ਇਕ ਦੂਜੇ ਨਾਲ ਭਿੜ ਗਏ। ਦੋਵਾਂ ਧਿਰਾਂ ਦੇ ਸੂਤਰਾਂ ਮੁਤਾਬਕ ਚੋਣ ਹਿੰਸਾ, ਵੋਟਰਾਂ ਨੂੰ ਡਰਾਉਣ ਧਮਕਾਉਣ ਤੇ ਪੋਲ ਏਜੰਟਾਂ ’ਤੇ ਹਮਲਿਆਂ ਨੂੰ ਲੈ ਕੇ ਸੌ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਹਿੰਸਾ ਦੇ ਝੰਬੇ ਮਨੀਪੁਰ ਵਿਚ ਕਰੀਬ 69.13 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਛੱਤੀਸਗੜ੍ਹ ਦੀ ਨਕਸਲ ਪ੍ਰਭਾਵਿਤ ਬਸਤਰ ਲੋਕ ਸਭਾ ਹਲਕੇ ਵਿਚ 63.41 ਫੀਸਦ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸੇ ਹਲਕੇ ਵਿਚ ਗ਼ਲਤੀ ਨਾਲ ਹੱਥਗੋਲਾ ਫਟਣ ਕਰਕੇ ਸੀਆਰਪੀਐੱਫ ਜਵਾਨ ਦੀ ਮੌਤ ਹੋ ਗਈ ਜਦੋਂਕਿ ਇਕ ਘਟਨਾ ਵਿਚ ਬਾਰੂਦੀ ਸੁਰੰਗ ਧਮਾਕੇ ਵਿਚ ਇਕ ਹੋਰ ਅਧਿਕਾਰੀ ਜ਼ਖ਼ਮੀ ਹੋ ਗਿਆ। ਤਾਮਿਲ ਨਾਡੂ ਦੀਆਂ ਸਾਰੀਆਂ 39 ਲੋਕ ਸਭਾ ਸੀਟਾਂ ਲਈ 65.19 ਫੀਸਦ ਪੋਲਿੰਗ ਹੋਈ। ਰਾਜ ਦੇ ਕੁਝ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਵਿਚ ਤਕਨੀਕੀ ਨੁਕਸ ਕਰਕੇ ਇਕ ਘੰਟੇ ਦੇ ਕਰੀਬ ਵੋਟਿੰਗ ਦਾ ਅਮਲ ਰੁਕਿਆ ਰਿਹਾ। ਅਰੁਣਾਚਲ ਪ੍ਰਦੇਸ਼ ਵਿਚ ਕੁੱਲ 8,92,694 ਵੋਟਰਾਂ ਵਿਚੋਂ 67.15 ਫੀਸਦ ਨੇ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕੀਤਾ। ਸਵੇਰੇ ਖ਼ਰਾਬ ਮੌਸਮ ਕਰਕੇ ਸਵੇਰੇ ਵੋਟਿੰਗ ਸੁਸਤ ਰਫ਼ਤਾਰ ਰਹੀ, ਪਰ ਮੌਸਮ ਵਿਚ ਸੁਧਾਰ ਨਾਲ ਇਸ ਨੇ ਜ਼ੋਰ ਫੜ ਲਿਆ। ਮੁੱਖ ਚੋਣ ਅਧਿਕਾਰੀ ਪਵਨ ਕੁਮਾਰ ਸੈਨ ਨੇ ਕਿਹਾ ਕਿ ਈਵੀਐੱਮਜ਼ ਵਿਚ ਨੁਕਸ ਕਰਕੇ ਕੁਝ ਥਾਵਾਂ ’ਤੇੇ ਪੋਲਿੰਗ ਵਿਚ ਦੇਰੀ ਹੋਈ, ਪਰ ਮਗਰੋਂ ਇਨ੍ਹਾਂ ਮਸ਼ੀਨਾਂ ਨੂੰ ਬਦਲ ਦਿੱਤਾ ਗਿਆ। ਪੂਰਬੀ ਕਮਾਂਗ ਜ਼ਿਲ੍ਹੇ ਵਿਚ ਇਕ ਪੋਲਿੰਗ ਸਟੇਸ਼ਨ ਨੇੜੇ ਦੋ ਉਮੀਦਵਾਰਾਂ ਦੇ ਹਮਾਇਤੀ ਭਿੜ ਗਏ। ਪੂਰਬੀ ਕਮਾਂਗ, ਕੁਰੁੰਗ ਕੁਮੇ ਤੇ ਅੱਪਰ ਸੁਬਾਨਸਿਰੀ ਜ਼ਿਲ੍ਹਿਆਂ ਵਿਚ ਤਿੰਨ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਨੁਕਸਾਨੀਆਂ ਗਈਆਂ। ਅੰਡੇਮਾਨ ਤੇ ਨਿਕੋਬਾਰ ਵਿਚ ਸ਼ਾਮੀਂ ਸੱਤ ਵਜੇ ਤੱਕ 56.87 ਫੀਸਦ ਪੋਲਿੰਗ ਹੋਈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪਹਿਲੀ ਵਾਰ ਸ਼ੋਂਪੇਨ ਕਬੀਲੇ ਦੇ ਸੱਤ ਮੈਂਬਰਾਂ ਨੇ ਇਕਹਿਰੀ ਲੋਕ ਸਭਾ ਸੀਟ ਲਈ ਵੋਟਾਂ ਪਾਈਆਂ। ਅਸਾਮ ਵਿਚ ਵੀ ਤਿੰਨ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਵਿਚ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਅਸਾਮ ਵਿਚ 71.38 ਫੀਸਦ ਪੋਲਿੰਗ ਹੋਈ। ਬਿਹਾਰ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਸ਼ਾਮੀਂ ਸੱਤ ਵਜੇ ਤੱਕ 47.49 ਫੀਸਦ ਪੋਲਿੰਗ ਦੀਆਂ ਰਿਪੋਰਟਾਂ ਹਨ। ਜੰਮੂ ਕਸ਼ਮੀਰ ਦੇ ਊਧਮਪੁਰ ਸੰਸਦੀ ਹਲਕੇ ਲਈ ਸ਼ਾਮੀਂ ਸੱਤ ਵਜੇ ਤੱਕ 65.08 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਰਾਜਸਥਾਨ ਵਿਚ 56.58 ਫੀਸਦ, ਉੱਤਰਾਖੰਡ 54.06 ਫੀਸਦ, ਮਹਾਰਾਸ਼ਟਰ 55.35 ਫੀਸਦ, ਮੱਧ ਪ੍ਰਦੇਸ਼ 64.77 ਫੀਸਦ, ਯੂਪੀ 58.49 ਫੀਸਦ, ਮਿਜ਼ੋਰਮ 54.23, ਨਾਗਾਲੈਂਡ 56.91, ਸਿੱਕਮ 69.47 ਫੀਸਦ ਪੋਲਿੰਗ ਹੋਣ ਦੀਆਂ ਰਿਪੋਰਟਾਂ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ 16.63 ਕਰੋੜ ਵੋਟਰ ਯੋਗ ਸਨ। ਇਸ ਗੇੜ ਵਿਚ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ 35.67 ਲੱਖ ਸੀ। ਪਹਿਲੇ ਗੇੜ ਤਹਿਤ ਅੱਜ ਤਾਮਿਲ ਨਾਡੂ ਦੀਆਂ 39 ਸੀਟਾਂ, ਉੱਤਰਾਖੰਡ 5, ਅਰੁਣਾਚਲ ਪ੍ਰਦੇਸ਼ 2, ਮੇਘਾਲਿਆ 2, ਅੰਡੇਮਾਨ ਤੇ ਨਿਕੋਬਾਰ ਟਾਪੂ, ਮਿਜ਼ੋਰਮ, ਨਾਗਾਲੈਂਡ, ਪੁੱਡੂਚੇਰੀ, ਸਿੱਕਮ ਤੇ ਲਕਸ਼ਦੀਪ ਦੀ 1-1, ਰਾਜਸਥਾਨ 12, ਯੂਪੀ 8, ਮੱਧ ਪ੍ਰਦੇਸ਼ 6, ਅਸਾਮ ਤੇ ਮਹਾਰਾਸ਼ਟਰ ਪੰਜ-ਪੰਜ, ਬਿਹਾਰ ਦੀਆਂ 4, ਪੱਛਮੀ ਬੰਗਾਲ 3, ਮਨੀਪੁਰ 2 ਅਤੇ ਤ੍ਰਿਪੁਰਾ, ਜੰਮੂ ਕਸ਼ਮੀਰ ਤੇ ਛੱਤੀਸਗੜ੍ਹ ਦੀ ਇਕ ਇਕ ਸੀਟ ਲਈ ਵੋਟਾਂ ਪਈਆਂ। ਲੋਕ ਸਭਾ ਚੋਣਾਂ ਦੇ ਨਾਲ ਅੱਜ ਅਰੁਣਾਚਲ ਪ੍ਰਦੇਸ਼ (60 ਸੀਟਾਂ) ਤੇ ਸਿੱਕਮ (32 ਸੀਟਾਂ) ਦੀਆਂ ਅਸੈਂਬਲੀਆਂ ਚੋਣਾਂ ਲਈ ਵੀ ਵੋਟਾਂ ਪਈਆਂ। ਮਿਜ਼ੋਰਮ ਵਿਚ ਚੋਣ ਡਿਊਟੀ ’ਤੇ ਤਾਇਨਾਤ ਸੁਰੱਖਿਆ ਕਰਮੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।