ਸਿਹਤ ਬੀਮਾ ਪਾਲਿਸੀ ਲੈਣ ਲਈ 65 ਸਾਲ ਦੀ ਹੱਦ ਖ਼ਤਮ

ਸਿਹਤ ਬੀਮਾ ਪਾਲਿਸੀ ਲੈਣ ਲਈ 65 ਸਾਲ ਦੀ ਹੱਦ ਖ਼ਤਮ

ਨਵੀਂ ਦਿੱਲੀ: ਬੀਮਾ ਰੈਗੂਲੇਟਰ ਆਈਆਰਡੀਏਆਈ ਨੇ ਸਿਹਤ ਬੀਮਾ ਪਾਲਿਸੀ ਖ਼ਰੀਦਣ ਵਾਲੇ ਵਿਅਕਤੀਆਂ ਲਈ 65 ਸਾਲ ਦੀ ਉਮਰ ਹੱਦ ਹਟਾ ਦਿੱਤੀ ਹੈ। ਸਿਹਤ ਬੀਮਾ ਯੋਜਨਾਵਾਂ ਖ਼ਰੀਦਣ ’ਤੇ ਵਧ ਤੋਂ ਵਧ ਉਮਰ ਹੱਦ ਖ਼ਤਮ ਕਰਕੇ ਭਾਰਤੀ ਬੀਮਾ ਰੈਗੁਲੇਟਰੀ ਅਤੇ ਵਿਕਾਸ ਅਥਾਰਿਟੀ (ਆਈਆਰਡੀਏਆਈ) ਦਾ ਮਕਸਦ ਸਿਹਤ ਸੰਭਾਲ ਪ੍ਰਣਾਲੀ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ ਤਾਂ ਜੋ ਅਚਾਨਕ ਆਉਣ ਵਾਲੇ ਮੈਡੀਕਲ ਖ਼ਰਚਿਆਂ ਖ਼ਿਲਾਫ਼ ਲੋਕਾਂ ਨੂੰ ਤਕਲੀਫ਼ ਨਾ ਹੋਵੇ। ਪਹਿਲਾਂ ਦੇ ਨਿਰਦੇਸ਼ਾਂ ਮੁਤਾਬਕ ਵਿਅਕਤੀਆਂ ਨੂੰ ਸਿਰਫ਼ 65 ਸਾਲ ਦੀ ਉਮਰ ਤੱਕ ਹੀ ਨਵੀਂ ਬੀਮਾ ਪਾਲਿਸੀ ਖ਼ਰੀਦਣ ਦੀ ਇਜਾਜ਼ਤ ਸੀ। ਉਂਜ ਪਹਿਲੀ ਅਪਰੈਲ ਤੋਂ ਲਾਗੂ ਹਾਲੀਆ ਸੋਧ ਨਾਲ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਨਵੀਂ ਬੀਮਾ ਪਾਲਿਸੀ ਖ਼ਰੀਦਣ ਦੇ ਯੋਗ ਹੈ। ਮੌਜੂਦਾ ਗਜ਼ਟ ਨੋਟੀਫਿਕੇਸ਼ਨ ’ਚ ਅਥਾਰਿਟੀ ਨੇ ਕਿਹਾ ਕਿ ਬੀਮਾਕਰਤਾ ਇਹ ਯਕੀਨੀ ਬਣਾਉਣਗੇ ਕਿ ਉਹ ਸਾਰੇ ਉਮਰ ਵਰਗਾਂ ਦੀਆਂ ਲੋੜਾਂ ਪੂਰਾ ਕਰਨ ਲਈ ਸਿਹਤ ਬੀਮਾ ਉਤਪਾਦਾਂ ਦੀ ਪੇਸ਼ਕਸ਼ ਕਰਨ। ਇਸ ਤੋਂ ਇਲਾਵਾ ਬੀਮੇ ਵਾਲੀਆਂ ਕੰਪਨੀਆਂ ਨੂੰ ਪਹਿਲਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੈਡੀਕਲ ਹਾਲਾਤ ਵਾਲੇ ਵਿਅਕਤੀਆਂ ਨੂੰ ਸਿਹਤ ਬੀਮੇ ਪ੍ਰਦਾਨ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਬੀਮਾ ਕੰਪਨੀਆਂ ਨੂੰ ਕੈਂਸਰ, ਦਿਲ ਜਾਂ ਗੁਰਦੇ ਫੇਲ੍ਹ ਹੋਣ ਅਤੇ ਏਡਜ਼ ਜਿਹੀਆਂ ਗੰਭੀਰ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਪਾਲਿਸੀ ਜਾਰੀ ਕਰਨ ਤੋਂ ਇਨਕਾਰ ਕਰਨ ਤੋਂ ਰੋਕਿਆ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਬੀਮਾਕਾਰਾਂ ਨੂੰ ਪਾਲਿਸੀ ਧਾਰਕਾਂ ਦੀ ਸਹੂਲਤ ਲਈ ਕਿਸ਼ਤਾਂ ’ਚ ਪ੍ਰੀਮੀਅਮ ਭੁਗਤਾਨ ਦੀ ਪੇਸ਼ਕਸ਼ ਕਰਨ ਦੀ ਇਜਾਜ਼ਤ ਹੈ। ਇਸ ’ਚ ਕਿਹਾ ਗਿਆ ਹੈ ਕਿ ਆਯੁਸ਼ ਇਲਾਜ ਕਵਰੇਜ ’ਤੇ ਕੋਈ ਹੱਦ ਨਹੀਂ ਹੈ। ਆਯੁਰਵੈਦ, ਯੋਗ, ਕੁਦਰਤੀ ਇਲਾਜ, ਯੂਨਾਨੀ, ਸਿਧ ਅਤੇ ਹੋਮਿਓਪੈਥੀ ਜਿਹੀਆਂ ਪ੍ਰਣਾਲੀਆਂ ਤਹਿਤ ਇਲਾਜ ਬਿਨ੍ਹਾਂ ਕਿਸੇ ਹੱਦ ਦੇ ਬੀਮਾ ਰਾਸ਼ੀ ਦਾ ਕਵਰੇਜ ਮਿਲੇਗਾ।