ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ’ਚ ਉਮੀਦਵਾਰਾਂ ਬਾਰੇ ਚਰਚਾ

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ’ਚ ਉਮੀਦਵਾਰਾਂ ਬਾਰੇ ਚਰਚਾ

ਨਵੀਂ ਦਿੱਲੀ- ਇੱਥੇ ਅੱਜ ਪਾਰਟੀ ਦੇ ਹੈੱਡਕੁਆਰਟਰ ਵਿੱਚ ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਹੋਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਪੰਜਾਬ ਤੇ ਹੋਰ ਸੂਬਿਆਂ ’ਚ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਬਾਰੇ ਚਰਚਾ ਹੋਈ। ਮੀਟਿੰਗ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ’ਤੇ ਵੋਟਿੰਗ ਆਖ਼ਰੀ ਗੇੜ ਵਿੱਚ ਪਹਿਲੀ ਜੂਨ ਨੂੰ ਹੋਣੀ ਹੈ। ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜ ਰਹੀ ਕਾਂਗਰਸ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਚਨਜੀਤ ਸਿੰਘ ਚੰਨੀ, ਅੰਮ੍ਰਿਤਸਰ ਸੀਟ ਤੋਂ ਗੁਰਜੀਤ ਸਿੰਘ ਔਜਲਾ, ਫ਼ਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਪਟਿਆਲਾ ਸੰਸਦੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਖੋ-ਵੱਖ ਚੋਣਾਂ ਲੜ ਰਹੀਆਂ ਹਨ ਜਦਕਿ ਹੋਰਨਾਂ ਸੂਬਿਆਂ ਵਿੱਚ ਇਨ੍ਹਾਂ ਦੋਹਾਂ ਪਾਰਟੀਆਂ ਦਾ ਗੱਠਜੋੜ ਹੈ। ਇਸ ਤੋਂ ਪਹਿਲਾਂ ‘ਆਪ’ ਨੇ ਪੰਜਾਬ ਤੋਂ ਚਾਰ ਉਮੀਦਵਾਰ ਐਲਾਨੇ ਸਨ। ‘ਆਪ’ ਵੱਲੋਂ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ, ਜਲੰਧਰ ਤੋਂ ਪਵਨ ਕੁਮਾਰ ਟੀਨੂੰ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਚੋਣ ਮੈਦਾਨ ਵਿੱਚ ਨਿੱਤਰੇ ਹਨ। ਕੱਲ੍ਹ, ਦਿੱਲੀ ਵਿੱਚ ਕੇਂਦਰੀ ਮੰਤਰੀ ਅਸ਼ਿਵਨੀ ਵੈਸ਼ਨਵ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਹਾਜ਼ਰੀ ਵਿੱਚ ਇੱਥੇ ਸਥਿਤ ਪਾਰਟੀ ਦੇ ਹੈੱਡਕੁਆਰਟਰ ’ਚ ਤਜਿੰਦਰ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਿਆ। ਤਜਿੰਦਰ ਸਿੰਘ ਬਿੱਟੂ ਨੇ ਕੁੱਲ ਹਿੰਦ ਕਾਂਗਰਸ ਦੇ ਸਕੱਤਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਵੱਡੇ ਆਗੂਆਂ ਵੱਲੋਂ ਪਾਰਟੀ ਛੱਡੇ ਜਾਣ ਤੋਂ ਬਾਅਦ ਹੁਣ ਤਜਿੰਦਰ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠਜੋੜ ਨੇ ਪੰਜਾਬ ’ਚ ਅੱਠ ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ ਐੱਨਡੀਏ ਨੂੰ ਚਾਰ ਸੀਟਾਂ ਮਿਲੀਆਂ ਸਨ ਜਦਕਿ ਆਮ ਆਦਮੀ ਪਾਰਟੀ ਨੇ ਇਕ ਸੀਟ ਜਿੱਤੀ ਸੀ।