ਰੋਇੰਗ: ਬਲਰਾਜ ਪੰਵਾਰ ਨੇ ਭਾਰਤ ਲਈ ਪਹਿਲਾ ਓਲੰਪਿਕ ਕੋਟਾ ਹਾਸਲ ਕੀਤਾ

ਰੋਇੰਗ: ਬਲਰਾਜ ਪੰਵਾਰ ਨੇ ਭਾਰਤ ਲਈ ਪਹਿਲਾ ਓਲੰਪਿਕ ਕੋਟਾ ਹਾਸਲ ਕੀਤਾ

ਨਵੀਂ ਦਿੱਲੀ- ਬਲਰਾਜ ਪੰਵਾਰ ਨੇ ਅੱਜ ਦੱਖਣੀ ਕੋਰੀਆ ਦੇ ਚੁੰਗਜੂ ਵਿੱਚ ਵਿਸ਼ਵ ਏਸ਼ਿਆਈ ਅਤੇ ਓਸ਼ਨਿਆਈ ਓਲੰਪਿਕ ਅਤੇ ਪੈਰਾਲੰਪਿਕ ਕੁਆਲੀਫਿਕੇਸ਼ਨ ਰੀਗੈੱਟਾ-2024 ’ਚ ਪੁ਼ਰਸ਼ ਸਿੰਗਲਜ਼ ਸਕੱਲ ਮੁਕਾਬਲੇ ’ਚ ਤੀਜੇ ਸਥਾਨ ’ਤੇ ਰਹਿ ਕੇ ਭਾਰਤ ਨੂੰ ਰੋਇੰਗ (ਕਿਸ਼ਤੀ ਚਾਲਨ) ’ਚ ਪਹਿਲਾ ਓਲੰਪਿਕ ਕੋਟਾ ਦਿਵਾਇਆ ਹੈ। ਓਲੰਪਿਕ ਖੇਡਾਂ 26 ਜੁਲਾਈ ਤੋਂ ਸ਼ੁਰੂ ਹੋਣੀਆਂ ਹਨ। ਭਾਰਤੀ ਸੈਨਾ ਦਾ ਜਵਾਨ ਪੰਵਾਰ (25) ਪਿਛਲੇ ਸਾਲ ਚੀਨ ਦੇ ਹਾਂਗਜ਼ੂ ’ਚ ਏਸ਼ਿਆਈ ਖੇਡਾਂ ’ਚ ਕਾਂਸੇ ਦਾ ਤਗ਼ਮੇ ਤੋਂ ਖੁੰਝ ਗਿਆ ਸੀ। ਹਰਿਆਣਾ ਦੇ ਕਰਨਾਲ ਨਾਲ ਸਬੰਧਤ ਬਲਰਾਜ ਪੰਵਾਰ ਨੇ 7 ਮਿੰਟ ਤੇ 01.27 ਸਕਿੰਟ ਦਾ ਸਮਾਂ ਕੱਢ ਕੇ 2000 ਮੀਟਰ ਰੇਸ ’ਚ ਤੀਜਾ ਸਥਾਨ ਹਾਸਲ ਕਰਦਿਆਂ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕੀਤਾ। ਪੁਰਸ਼ ਸਿੰਗਲਜ਼ ਸਕੱਲ ’ਚ ਸਿਖਰਲੇ ਪੰਜ ਕਿਸ਼ਤੀ ਚਾਲਕ ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ। ਦੂਜੇ ਪਾਸੇ ਪੁਰਸ਼ਾਂ ਦੇ ਲਾਈਟਵੇਟ ਡਬਲਜ਼ ਸਕੱਲਜ਼ ਵਿੱਚ ਭਾਰਤ ਕੁਆਲੀਫਾਈ ਨਹੀਂ ਕਰ ਸਕਿਆ। ਮੁਕਾਬਲੇ ’ਚ ਉੱਜਲ ਕੁਮਾਰ ਤੇ ਅਰਵਿੰਦ ਸਿੰਘ ਦੀ ਜੋੜੀ ਤੀਜੇ ਸਥਾਨ ’ਤੇ ਰਹੀ।