ਨਿੱਝਰ ਮਾਮਲੇ ਦੀ ਰਿਪੋਰਟਿੰਗ ਕਰਨ ਵਾਲੀ ਪੱਤਰਕਾਰ ਨੇ ਭਾਰਤ ਛੱਡਿਆ

ਨਿੱਝਰ ਮਾਮਲੇ ਦੀ ਰਿਪੋਰਟਿੰਗ ਕਰਨ ਵਾਲੀ ਪੱਤਰਕਾਰ ਨੇ ਭਾਰਤ ਛੱਡਿਆ

ਨਵੀਂ ਦਿੱਲੀ - ਆਸਟਰੇਲਿਆਈ ਪੱਤਰਕਾਰ ਨੇ ਅੱਜ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਵਰਕ ਵੀਜ਼ਾ ਦੀ ਮਿਆਦ ਵਧਾਏ ਜਾਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ। ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਕਾਰਨ ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਲੋਕ ਸਭਾ ਚੋਣਾਂ ਵਾਲੇ ਦਿਨ 19 ਅਪਰੈਲ ਨੂੰ ਉਸ ਨੂੰ ਭਾਰਤ ਛੱਡਣਾ ਪਿਆ। ਡਾਇਸ ਨੇ ‘ਐਕਸ’ ’ਤੇ ਕਿਹਾ, ‘‘ਪਿਛਲੇ ਹਫ਼ਤੇ ਮੈਨੂੰ ਅਚਾਨਕ ਭਾਰਤ ਛੱਡਣਾ ਪਿਆ। ਮੋਦੀ ਸਰਕਾਰ ਨੇ ਇਹ ਕਹਿੰਦਿਆਂ ਮੇਰਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ।’’ ਡਾਇਸ ਨੇ ਕਿਹਾ, ‘‘ਸਾਨੂੰ ਇਹ ਵੀ ਦੱਸਿਆ ਗਿਆ ਕਿ ਭਾਰਤੀ ਮੰਤਰਾਲੇ ਦੇ ਨਿਰਦੇਸ਼ ਕਾਰਨ ਮੈਨੂੰ ਚੋਣਾਂ ਸਬੰਧੀ ਰਿਪੋਰਟਿੰਗ ਕਰਨ ਦੀ ਮਾਨਤਾ ਵੀ ਨਹੀਂ ਮਿਲੇਗੀ। ਅਸੀਂ ਉਸ ਦੇਸ਼ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਨਿਕਲੇ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ‘ਲੋਕਤੰਤਰ ਦੀ ਮਾਂ’ ਆਖਦੇ ਹਨ।’’ ਡਾਇਸ ਪਿਛਲੇ ਢਾਈ ਸਾਲ ਤੋਂ ਭਾਰਤ ਵਿੱਚ ਕੰਮ ਕਰ ਰਹੀ ਸੀ। ਉਸ ਨੇ ਦੱਸਿਆ ਕਿ ਆਸਟਰੇਲਿਆਈ ਸਰਕਾਰ ਦੇ ਦਖ਼ਲ ਮਗਰੋਂ ਉਸ ਦਾ ਵੀਜ਼ਾ ਦੋ ਮਹੀਨਿਆਂ ਲਈ ਵਧਾ ਦਿੱਤਾ ਗਿਆ ਜਦੋਂਕਿ ਇਸ ਦੀ ਜਾਣਕਾਰੀ ਉਸ ਨੂੰ ਉਡਾਣ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਦਿੱਤੀ ਗਈ। ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਡਾਇਸ ਨੂੰ ਇਸ ਫ਼ੈਸਲੇ ਬਾਰੇ ਸੂਚਿਤ ਕੀਤਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣ’ ਸਨ। ਏਬੀਸੀ ਨੇ ਦੱਸਿਆ ਕਿ ਯੂਟਿਊਬ ਨੇ ਨਿੱਝਰ ਹੱਤਿਆਕਾਂਡ ਸਬੰਧੀ ਖ਼ਬਰਾਂ ਦੀ ਲੜੀ ‘ਫਾਰੇਨ ਕੌਰਸਪੋਂਡੈਂਟ’ ਦੇ ਇੱਕ ਐਪੀਸੋਡ ਦੀ ਭਾਰਤ ਵਿੱਚ ਪਹੁੰਚ ’ਤੇ ਰੋਕ ਵੀ ਲਾ ਦਿੱਤੀ ਗਈ। ਉਧਰ, ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਆਸਟਰੇਲਿਆਈ ਪੱਤਰਕਾਰ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਤੇ ਗੁਮਰਾਹਕੁੰਨ ਹਨ। ਸੂਤਰ ਦਾ ਕਹਿਣਾ ਹੈ ਕਿ ਡਾਇਸ ਨੇ ਵੀਜ਼ਾ ਫੀਸ 18 ਅਪਰੈਲ ਨੂੰ ਦਿੱਤੀ ਸੀ ਅਤੇ ਉਸੇ ਦਿਨ ਉਸ ਦਾ ਵੀਜ਼ਾ ਜੂਨ ਦੇ ਅਖ਼ੀਰ ਤੱਕ ਵਧਾ ਦਿੱਤਾ ਗਿਆ ਸੀ।