ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਖਿਲਾਫ਼ ਸ਼ਿਕਾਇਤਾਂ ਦੀ ਪੜਤਾਲ ਸ਼ੁਰੂ

ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਖਿਲਾਫ਼ ਸ਼ਿਕਾਇਤਾਂ ਦੀ ਪੜਤਾਲ ਸ਼ੁਰੂ

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਵਿਰੋਧੀ ਧਿਰਾਂ ਦੇ ਦਬਾਅ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਸਥਾਨ ਦੇ ਬਾਂਸਵਾੜਾ ਵਿਚ ਚੋਣ ਰੈਲੀ ਦੌਰਾਨ ਕੀਤੀ ਤਕਰੀਰ ਖਿਲਾਫ਼ ਦਰਜ ਸ਼ਿਕਾਇਤਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ੍ਰੀ ਮੋਦੀ ਨੇ ਰੈਲੀ ਦੌਰਾਨ ਕਿਹਾ ਸੀ ਕਿ ਜੇਕਰ ਕਾਂਗਰਸ ਸੱਤਾ ਵਿਚ ਆ ਗਈ ਤਾਂ ਉਹ ਲੋਕਾਂ ਦੀ ਕਮਾਈ (ਧਨ ਦੌਲਤ/ਸੰਪਤੀ) ਮੁਸਲਮਾਨਾਂ ਨੂੰ ਲੁਟਾ ਦੇਵੇਗੀ। ਕਾਂਗਰਸ ਤੇ ਸੀਪੀਆਈ-ਐੱਮ ਨੇ ਮੋਦੀ ਵੱਲੋਂ ਐਤਵਾਰ ਨੂੰ ਕੀਤੀ ਤਕਰੀਰ ਖਿਲਾਫ਼ ਚੋਣ ਕਮਿਸ਼ਨ ਨੂੰ ਵੱਖਰੇ ਤੌਰ ’ਤੇ ਅਪੀਲ ਕੀਤੀ ਸੀ। ਸ੍ਰੀ ਮੋਦੀ ਨੇ ਐਤਵਾਰ ਨੂੰ ਕਿਹਾ ਸੀ ਕਿ ਜੇਕਰ ਕਾਂਗਰਸ ਸੱਤਾ ਵਿਚ ਆ ਗਈ ਤਾਂ ਉਹ ਦੀ ਧਨ-ਦੌਲਤ ਮੁਸਲਮਾਨਾਂ ਨੂੰ ਲੁਟਾ ਦੇਵੇਗੀ। ਸ੍ਰੀ ਮੋਦੀ ਨੇ ਆਪਣੇ ਇਸ ਦਾਅਵੇ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਸਰੋਤਾਂ ’ਤੇ ਪਹਿਲਾ ਦਾਅਵਾ ਘੱਟਗਿਣਤੀ ਭਾਈਚਾਰੇ ਖਾਸ ਕਰਕੇ ਮੁਸਲਮਾਨਾਂ ਦਾ ਹੈ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਕਾਂਗਰਸ ਸਣੇ ਹੋਰਨਾਂ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਤਕਰੀਰ ਖਿਲਾਫ਼ ਦਾਇਰ ਸ਼ਿਕਾਇਤਾਂ ਦੀ ਘੋਖ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨੇ ਸ਼ਿਕਾਇਤ ਵਿਚ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਉਪਰੋਕਤ ਟਿੱਪਣੀਆਂ ‘ਵੰਡਪਾਊ, ਬਦਨੀਤੀ ਵਾਲੀਆਂ ਤੇ ਇਕ ਵਿਸ਼ੇਸ਼ ਧਾਰਮਿਕ ਭਾਈਚਾਰੇ ਵੱਲ ਸੇਧਿਤ ਹਨ।’ ਸੀਪੀਆਈ-ਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਐੱਕਸ ’ਤੇ ਇਕ ਪੋਸਟ ਰਾਹੀਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਮੋਦੀ ਤੇ ਭਾਜਪਾ ਖਿਲਾਫ਼ ਕਾਰਵਾਈ ਕਰੇ। ਉਨ੍ਹਾਂ ਫਿਰਕੂ ਭਾਵਨਾਵਾਂ ਤੇ ਨਫ਼ਰਤ ਫੈਲਾਉਣ ਦੇ ਦੋਸ਼ ਵਿਚ ਐੱਫਆਈਆਰ ਦਰਜ ਕੀਤੇ ਜਾਣ ਦੀ ਵੀ ਮੰਗ ਕੀਤੀ ਸੀ। ਕਾਂਗਰਸ ਆਗੂ ਤੇ ਸੀਨੀਅਰ ਐਡਵੋਕੇਟ ਅਭਿਸ਼ੇਕ ਸਿੰਘਵੀ ਨੇ ਕਿਹਾ ਸੀ ਕਿ ਇਹ ‘ਚੋਣ ਕਮਿਸ਼ਨ ਦੀ ਅਜ਼ਮਾਇਸ਼’ ਹੈ ਅਤੇ ਜੇਕਰ ਕਮਿਸ਼ਨ ਨੇ ਆਪਣਾ ਫਰਜ਼ ਨਿਭਾਉਣ ਵਿਚ ਅਸਮਰੱਥਾ ਜਤਾਈ ਤਾਂ ਇਸ ਨਾਲ ਉਸ ਦੀ ਆਪਣੀ ਦਿੱਖ ਹੀ ਵਿਗੜੇਗੀ