ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਪੋਲਿੰਗ ਅੱਜ

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਪੋਲਿੰਗ ਅੱਜ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ 13 ਰਾਜਾਂ ਦੀਆਂ 89 ਸੀਟਾਂ ਲਈ ਸ਼ੁੱਕਰਵਾਰ ਨੂੰ ਵੋਟਾਂ ਪੈਣਗੀਆਂ। ਦੂਜੇ ਗੇੜ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ, ਸ਼ਸ਼ੀ ਥਰੂਰ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੇ ਭਾਜਪਾ ਆਗੂ ਹੇਮਾ ਮਾਲਿਨੀ, ਸਾਬਕਾ ਮੁੱਖ ਮੰਤਰੀਆਂ ਭੁਪੇਸ਼ ਬਘੇਲ ਤੇ ਐੱਚ.ਡੀ.ਕੁਮਾਰਾਸਵਾਮੀ ਸਣੇ ਹੋਰ ਕਈ ਆਗੂਆਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ। ਭਲਕੇ ਕੇਰਲਾ ਦੀਆਂ ਸਾਰੀਆਂ 20 ਸੀਟਾਂ; ਕਰਨਾਟਕ ਦੀਆਂ ਕੁੱਲ 28 ਸੀਟਾਂ ’ਚੋਂ 14, ਰਾਜਸਥਾਨ ਦੀਆਂ 13, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ 8-8, ਮੱਧ ਪ੍ਰਦੇਸ਼ 7, ਅਸਾਮ ਤੇ ਬਿਹਾਰ 5-5, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੀਆਂ 3-3 ਅਤੇ ਮਨੀਪੁਰ, ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ ਇਕ-ਇਕ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। ਦੂਜੇ ਗੇੜ ਵਿਚ ਆਊਟਰ ਮਨੀਪੁਰ ਹਲਕੇ ਤੋਂ ਚਾਰ ਉਮੀਦਵਾਰਾਂ ਸਣੇ ਕੁੱਲ 1206 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਗੇੜ ਲਈ ਚੋਣ ਪ੍ਰਚਾਰ ਬੁੱਧਵਾਰ ਸ਼ਾਮ ਨੂੰ ਸਮਾਪਤ ਹੋ ਗਿਆ ਸੀ। ਦੂਜੇ ਗੇੜ ਦੀ ਪੋਲਿੰਗ ਦੌਰਾਨ ਚੋਣ ਮੈਦਾਨ ਵਿਚ ਉਤਰਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿਚ ਕਾਂਗਰਸ ਆਗੂ ਸ਼ਸ਼ੀ ਥਰੂਰ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਅਦਾਕਾਰ ਤੋਂ ਸਿਆਸਤਦਾਨ ਬਣੇ ਅਰੁਣ ਗੋਵਿਲ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ.ਸ਼ਿਵਕੁਮਾਰ ਦੇ ਭਰਾ ਡੀ.ਕੇ.ਸੁਰੇਸ਼ (ਕਾਂਗਰਸ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਾਸਵਾਮੀ (ਜੇਡੀਐੱਸ) ਸ਼ਾਮਲ ਹਨ। ਭਾਜਪਾ ਆਗੂ ਹੇਮਾ ਮਾਲਿਨੀ, ਓਮ ਬਿਰਲਾ ਤੇ ਗਜੇਂਦਰ ਸਿੰਘ ਆਪੋ ਆਪਣੇ ਚੋਣ ਹਲਕਿਆਂ ਤੋਂ ਹੈਟ੍ਰਿਕ ਲਾਉਣ ਦੀ ਆਸ ਹੈ। ਸੱਤ ਪੜਾਵੀ ਚੋਣ ਪ੍ਰੋਗਰਾਮ ਦੇ ਪਹਿਲੇ ਗੇੜ ਲਈ ਲੰਘੇ ਸ਼ੁੱਕਰਵਾਰ ਨੂੰ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਕਰੀਬ 65.5 ਫੀਸਦ ਪੋਲਿੰਗ ਹੋਈ ਸੀ। ਦੂਜੇ ਗੇੜ ਮਗਰੋਂ ਕੇਰਲਾ, ਰਾਜਸਥਾਨ ਤੇ ਤ੍ਰਿਪੁਰਾ ਵਿਚ ਚੋਣਾਂ ਦਾ ਅਮਲ ਨਿੱਬੜ ਜਾਵੇਗਾ। ਪਹਿਲੇ ਗੇੜ ਵਿਚ 19 ਅਪਰੈਲ ਨੂੰ ਤਾਮਿਲ ਨਾਡੂ ਦੀਆਂ ਸਾਰੀਆਂ 39 ਸੀਟਾਂ, ਉੱਤਰਾਖੰਡ 5, ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ 2-2, ਅੰਡੇਮਾਨ ਨਿਕੋਬਾਰ ਟਾਪੂ, ਨਾਗਾਲੈਂਡ, ਪੁੱਡੂਚੇਰੀ, ਸਿੱਕਮ ਤੇ ਲਕਸ਼ਦੀਪ ਦੀ ਇਕ ਇਕ ਸੀਟ ਲਈ ਵੋਟਾਂ ਪਈਆਂ ਸਨ। ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਨੇ 2019 ਵਿਚ ਦੂਜੇ ਗੇੜ ਦੀਆਂ ਇਨ੍ਹਾਂ 89 ਲੋਕ ਸਭਾ ਸੀਟਾਂ ਵਿਚੋਂ 56 ਤੇ ਯੂਪੀਏ ਨੇ 24 ਸੀਟਾਂ ਜਿੱਤੀਆਂ ਸਨ। ਕੇਰਲਾ ਵਿਚ ਕੁੱਲ 2,77,49,159 ਵਿਅਕਤੀ ਆਪਣੀ ਵੋਟ ਪਾਉਣ ਲਈ ਯੋਗ ਹਨ। ਇਨ੍ਹਾਂ ਵਿਚੋਂ ਪੰਜ ਲੱਖ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਹਨ। ਰਾਹੁਲ ਗਾਂਧੀ ਵਾਇਨਾਡ ਤੋਂ ਮੌਜੂਦਾ ਸੰਸਦ ਮੈਂਬਰ ਹਨ ਤੇ ਉਨ੍ਹਾਂ ਦਾ ਮੁਕਾਬਲਾ ਸੀਪੀਆਈ ਦੀ ਐਨੀ ਰਾਜਾ ਤੇ ਭਾਜਪਾ ਦੇ ਕੇ.ਸੁਰੇਂਦਰਨ ਨਾਲ ਹੈ। ਥਰੂਰ ਤਿਰੂਵਨੰਤਪੁਰਮ ਤੋਂ ਚੌਥੀ ਵਾਰ ਜਿੱਤ ਦਰਜ ਕਰਨ ਲਈ ਮੈਦਾਨ ਵਿਚ ਹਨ। ਉਹ ਭਾਜਪਾ ਦੇ ਚੰਦਰਸ਼ੇਖਰ ਤੇ ਸੀਪੀਆਈ ਦੇ ਪੀ.ਰਵਿੰਦਰਨ ਨੂੰ ਟੱਕਰ ਦੇਣਗੇ। ਹੇਮਾ ਮਾਲਿਨੀ 2014 ਤੋਂ ਮਥੁਰਾ ਸੰਸਦੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਜਦੋਂਕਿ ਰਾਜਸਥਾਨ ਦੇ ਕੋਟਾ ’ਚੋਂ ਦੋ ਵਾਰ ਐੱਮਪੀ ਰਹੇ ਓਮ ਬਿਰਲਾ ਦੇ ਸਾਹਮਣੇ ਕਾਂਗਰਸ ਦੇ ਪ੍ਰਹਿਲਾਦ ਗੁੰਜਾਲ ਹਨ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਜੋਧਪੁਰ ਸੀਟ ਤੋਂ ਲਗਾਤਾਰ ਤੀਜੀ ਜਿੱਤ ’ਤੇ ਨਜ਼ਰ ਟਿਕਾਈ ਬੈਠੇ ਹਨ। ਉਨ੍ਹਾਂ ਖਿਲਾਫ਼ ਕਾਂਗਰਸ ਦੇ ਕਰਨ ਸਿੰਘ ਉਚਿਯਾਰਦਾ ਮੈਦਾਨ ਵਿਚ ਹਨ। ਬੰਗਲੂਰੂ ਦੱਖਣੀ ਤੋਂ ਮੌਜੂਦਾ ਸੰਸਦ ਮੈਂਬਰ ਤੇ ਭਾਰਤੀ ਜਨਤਾ ਯੁਵਾ ਮੋਰਚ ਦੇ ਕੌਮੀ ਪ੍ਰਧਾਨ ਤੇਜੱਸਵੀ ਸੂਰਿਆ ਕਾਂਗਰਸ ਦੀ ਸੌਮਿਆ ਰੈੱਡੀ ਨਾਲ ਮੱਥਾ ਲਾ ਰਹੇ ਹਨ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੁਪੇਸ਼ ਬਘੇਲ ਰਾਜਨੰਦਗਾਓਂ ਤੋਂ ਉਮੀਦਵਾਰ ਹਨ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਭਾਜਪਾ ਦਾ ਗੜ੍ਹ ਹੈ। ਟੀਵੀ ਲੜੀਵਾਰ ‘ਰਾਮਾਇਣ’ ਵਿਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਮੇਰਠ ਤੋਂ ਬਸਪਾ ਦੇ ਦੇਵਵ੍ਰਤ ਕੁਮਾਰ ਤਿਆਗੀ ਤੇ ‘ਸਪਾ’ ਦੀ ਸੁਨੀਤਾ ਵਰਮਾ ਖਿਲਾਫ਼ ਆਪਣੀ ਪਲੇਠੀ ਚੋਣ ਲੜ ਰਹੇ ਹਨ। ਕਾਂਗਰਸ ਲਈ ਕੇਰਲਾ ਦੀ ਅਲਪੁਜ਼ਾ ਸੀਟ ਤੋਂ ਮੁਕਾਬਲਾ ਵੱਕਾਰ ਦਾ ਸਵਾਲ ਬਣ ਗਿਆ ਹੈ। ਇਸ ਸੀਟ ਤੋਂ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਚੋਣ ਪਿੜ ਵਿਚ ਹਨ। 2019 ਵਿਚ ਕਾਂਗਰਸ ਕੇਰਲਾ ਦੀਆਂ 20 ਸੀਟਾਂ ਵਿਚੋਂ ਅਲਪੁਜ਼ਾ ਸੰਸਦੀ ਹਲਕੇ ਦੀ ਸੀਟ ਹੀ ਹਾਰੀ ਸੀ। ਵੇਣੂਗੋਪਾਲ ਆਪਣੀ ਸਿਆਸੀ ਕਰੀਅਰ ਦੌਰਾਨ ਕਦੇ ਵੀ ਕੋਈ ਵੱਡੀ ਚੋਣ ਨਹੀਂ ਹਾਰੇ।