ਚੋਣਾਂ ਦੇ ਦੂਜੇ ਪੜਾਅ ’ਚ 63 ਫ਼ੀਸਦ ਵੋਟਿੰਗ

ਚੋਣਾਂ ਦੇ ਦੂਜੇ ਪੜਾਅ ’ਚ 63 ਫ਼ੀਸਦ ਵੋਟਿੰਗ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਦੂਜੇ ਗੇੜ ’ਚ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ ’ਤੇ ਕਰੀਬ 63 ਫ਼ੀਸਦ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਨੇ ਚੋਣਾਂ ਤਕਰੀਬਨ ਸ਼ਾਂਤਮਈ ਰਹਿਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਸਾਰੇ ਪੋਲਿੰਗ ਸਟੇਸ਼ਨਾਂ ਤੋਂ ਰਿਪੋਰਟਾਂ ਆ ਜਾਣਗੀਆਂ ਤਾਂ ਵੋਟ ਫ਼ੀਸਦ 63.50 ਫ਼ੀਸਦ ਤੋਂ ਵਧ ਸਕਦਾ ਹੈ। ਕੇਰਲਾ ਅਤੇ ਪੱਛਮੀ ਬੰਗਾਲ ਦੇ ਕਈ ਬੂਥਾਂ ’ਤੇ ਈਵੀਐੱਮਜ਼ ’ਚ ਖ਼ਰਾਬੀ ਅਤੇ ਜਾਅਲੀ ਵੋਟਾਂ ਦੇ ਭੁਗਤਾਨ ਦੀਆਂ ਸ਼ਿਕਾਇਤਾਂ ਮਿਲੀਆਂ। ਉੱਤਰ ਪ੍ਰਦੇਸ਼ ਦੇ ਮਥੁਰਾ, ਰਾਜਸਥਾਨ ਦੇ ਬਾਂਸਵਾੜਾ ਅਤੇ ਮਹਾਰਾਸ਼ਟਰ ਦੇ ਪਾਰਬਨੀ ਹਲਕਿਆਂ ਦੇ ਕੁਝ ਪਿੰਡਾਂ ’ਚ ਵੋਟਰਾਂ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਚੋਣਾਂ ਦਾ ਬਾਈਕਾਟ ਕੀਤਾ ਪਰ ਬਾਅਦ ’ਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਨਾ ਲਿਆ। ਚੋਣਾਂ ਦੇ 19 ਅਪਰੈਲ ਨੂੰ ਪਹਿਲੇ ਗੇੜ ਦੌਰਾਨ 102 ਸੀਟਾਂ ’ਤੇ 65.50 ਫ਼ੀਸਦ ਵੋਟਿੰਗ ਹੋਈ ਸੀ।