ਅਮਰੀਕੀ ਡਿਪਟੀ ਸੁਰੱਖਿਆ ਸਲਹਾਕਾਰ ਫਾਈਨਰ ਦਾ ਭਾਰਤ ਦੌਰਾ, ਅਮਰੀਕੀ ਡਿਪਟੀ ਸੁਰੱਖਿਆ ਸਲਹਾਕਾਰ ਫਾਈਨਰ ਦਾ ਭਾਰਤ ਦੌਰਾ ਅਮਰੀਕਾ ’ਚ ਪੰਨੂੰ ਕਤਲ ਸਾਜਿਸ਼ ਦੇ ਮਾਮਲੇ ਦਾ ਵੀ ਉੱਠਿਆ ਮੱੁਦਾ, ਭਾਰਤ ਦੇ ਸੁਰ ਹੋਏ ਨਰਮ

ਅਮਰੀਕੀ ਡਿਪਟੀ ਸੁਰੱਖਿਆ ਸਲਹਾਕਾਰ ਫਾਈਨਰ ਦਾ ਭਾਰਤ ਦੌਰਾ, ਅਮਰੀਕੀ ਡਿਪਟੀ ਸੁਰੱਖਿਆ ਸਲਹਾਕਾਰ ਫਾਈਨਰ ਦਾ ਭਾਰਤ ਦੌਰਾ ਅਮਰੀਕਾ ’ਚ ਪੰਨੂੰ ਕਤਲ ਸਾਜਿਸ਼ ਦੇ ਮਾਮਲੇ ਦਾ ਵੀ ਉੱਠਿਆ ਮੱੁਦਾ, ਭਾਰਤ ਦੇ ਸੁਰ ਹੋਏ ਨਰਮ

-ਅਰਜਨ ਰਿਆੜ (ਮੁੱਖ ਸੰਪਾਦਕ)
ਸਿੱਖਸ ਫ਼ਾਰ ਜਸਟਿਸ ਦੇ ਕਨੇਡਾ ਤੋਂ ਨੁਮਾਇੰਦੇ ਅਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਤੋਂ ਬਾਅਦ ਜਦੋਂ ਕਨੇਡੀਅਨ ਸੰਸਦ ਵਿਚ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤ ਉੱਤੇ ਦੋਸ਼ ਮੜ੍ਹ ਦਿੱਤੇ ਗਏ ਸਨ ਤਾਂ ਭਾਰਤ ਨੇ ਵੀ ਚਾਰੇ ਖੁਰ ਚੱੁਕ ਕੇ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ। ਕਨੇਡੀਅਨ ਨਾਗਰਿਕਾਂ ਦੇ ਵੀਜ਼ੇ ਬੰਦ ਕਰਨ ਤੋਂ ਲੈ ਕੇ ਭਾਰਤ ’ਚ ਕਨੇਡੀਅਨ ਹਾਈ ਕਮਿਸ਼ਨ ਦੇ 40 ਤੋਂ ਵੱਧ ਅਧਿਕਾਰੀਆਂ ਦੀ ਕਟੌਤੀ ਕਰ ਦਿੱਤੀ ਸੀ। ਭਾਵੇਂ ਕਿ ਅੰਤਰਰਾਸ਼ਟਰੀ ਭਾਈਚਾਰਾ ਕਨੇਡਾ ਦੇ ਨਾਲ ਖੜ੍ਹ ਗਿਆ ਸੀ ਪਰ ਭਾਰਤ ਨੇ ਇਕੋ ਹੀ ਰਟ ਲਾਈ ਰੱਖੀ ‘ਸਬੂਤ ਦਿਓ-ਸਬੂਤ ਦਿਓ’। ਹਾਲਾਂਕਿ ਛੋਟੇ ਦੇਸ਼ਾਂ ਵਿਚ ਇਹੋ ਜਿਹੀਆਂ ਕਾਰਵਾਈਆਂ ਕਰ ਕੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸਨੂੰ ‘ਸਰਜੀਕਲ ਸਟਰਾਈਕ’ ਦਾ ਨਾਮ ਦੇ ਦਿੰਦੀ ਰਹੀ ਹੈ ਪਰ ਹੁਣ ਸਬੂਤ ਮੰਗੇ ਜਾ ਰਹੇ ਸਨ। ਪਰ ਬਾਅਦ ਵਿਚ ਜਦੋਂ ਦੁਨੀਆਂ ਦੇ ਸਰਪੰਚ ਮੁਲਕ ਅਮਰੀਕਾ ਨੇ ਇਕ ਭਾਰਤੀ ਨਿਖਿਲ ਗੁਪਤਾ ਨੂੰ ਅਮਰੀਕਾ ਵਸਦੇ ਖਾਲਿਸਤਾਨੀ ਗੁਰਪਤਵੰਤ ਪੰਨੂੰ ਦੇ ਕਤਲ ਦੀ ਸਾਜਿਸ਼ ਵਿਚ ਨਾਮਜ਼ਦ ਕਰ ਲਿਆ ਤਾਂ ਭਾਰਤ ਦੇ ਸੁਰ ਕੁਝ ਨਰਮ ਪੈ ਗਏ। ਅਮਰੀਕਾ ਨੇ ਇਹ ਵੀ ਇਲਜ਼ਾਮ ਲਾਏ ਸਨ ਕਿ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਅਫ਼ਸਰ ਦੇ ਹੁਕਮਾਂ ’ਤੇ ਕੰਮ ਕਰ ਰਿਹਾ ਸੀ। ਭਾਰਤ ਨੇ ਅਮਰੀਕਾ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ਦੀ ਗੱਲ ਪ੍ਰਵਾਨ ਕੀਤੀ ਸੀ। ਭਾਰਤ ਨੇ ਇਸ ਦੀ ਜਾਂਚ ਦੇ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, “ਗੱਲਬਾਤ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਉੱਪ ਸਲਾਹਕਾਰਾਂ ਨੇ ਮੁੱਖ ਦੁਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ, ਇਸ ਮੌਕੇ ਦੋਵਾਂ ਨੇ ਖ਼ੇਤਰੀ ਅਤੇ ਸੰਸਾਰ ਪੱਧਰ ਦੇ ਘਟਨਾਕ੍ਰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।” ਅਮਰੀਕੀ ਦਾਅਵੇ ਮੁਤਾਬਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਅਮਰੀਕਾ ਵਿੱਚ ਇੱਕ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਸੀ। ਫਾਈਨਰ ਦੀਆਂ ਜੈਸ਼ੰਕਰ ਅਤੇ ਡੋਵਾਲ ਦੇ ਨਾਲ ਹੋਈਆਂ ਵੱਖ-ਵੱਖ ਮੁਲਾਕਾਤਾਂ ਦੇ ਦੌਰਾਨ ਸਿੱਖ ਵੱਖਵਾਦੀ ਆਗੂ ਨਾਲ ਜੁੜਿਆ ਮੁੱਦਾ ਵੀ ਉੱਠਿਆ। ਵ੍ਹਾਈਟ ਹਾਊਸ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਵੀ ਇਸਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਦੇ ਵਿੱਚ ਸਿੱਖ ਵੱਖਵਾਦੀ ਆਗੂ ਦੇ ਕਤਲ ਦੇ ਮੁੱਦੇ ਉੱਤੇ ਗੱਲਬਾਤ ਹੋਈ।
ਭਾਰਤ ਨੇ ਅਮਰੀਕੀ ਅਧਿਕਾਰੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਉੱਚੇ ਪੱਧਰ ’ਤੇ ਹੋ ਰਹੀ ਹੈ। ਇਸ ਬਾਰੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਸਾਨੂੰ ਜਲਦੀ ਇਸ ਦੇ ਨਤੀਜੇ ਆਉਣ ਦੀ ਉਮੀਦ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਮੈੱਥਊ ਮਿਲਰ ਨੇ ਕਿਹਾ, “ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸਰਹੱਦ ਪਾਰ ਜਾ ਕੇ ਅਜਿਹਾ ਜਬਰ ਕੀਤੇ ਜਾਣ ਦੇ ਖ਼ਿਲਾਫ਼ ਹਾਂ, ਚਾਹੇ ਇਹ ਕਿਸੇ ਵੀ ਹਿੱਸੇ ਵਿੱਚ ਹੋਵੇ ਜਾਂ ਕੋਈ ਵੀ ਕਰੇ। ਇਹ ਸਿਰਫ਼ ਭਾਰਤ ਨਾਲ ਜੁੜਿਆ ਨਹੀਂ ਹੈ, ਬਲਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਲਈ ਇਹੀ ਨੀਤੀ ਹੈ। ਮਿਲਰ ਨੇ ਕਿਹਾ, “ਮੈਂ ਬੱਸ ਇਹੀ ਕਹਾਂਗਾ ਕਿ ਜਦੋਂ ਇਹ ਕਥਿਤ ਮਾਮਲੇ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਸਾਡੇ ਉੱਘੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਉੱਘੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਅਜਿਹੇ ਮਾਮਲਿਆਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ। 
ਅਸਲ ਵਿਚ ਅਮਰੀਕਾ ਨੇ ਦੁਨੀਆਂ ਨੂੰ ਇਹ ਦੱਸ ਦਿੱਤਾ ਕਿ ਉਸ ਦਾ ਕੰਮ ਕਰਨ ਦਾ ਢੰਗ ਕੀ ਹੈ। ਉਹਨਾਂ ਭਾਰਤੀ ਸਾਜਿਸ਼ਕਰਤਾ ਨਿਖਲ ਗੁਪਤਾ ਨੂੰ ਆਪਣੇ ਹੀ ਇਕ ਜਾਸੂਸ ਜਿਸਨੂੰ ‘ਅੰਡਰ ਕਵਰ ਏਜੰਟ’ ਕਿਹਾ ਜਾਂਦਾ ਹੈ ਦੇ ਜਾਲ ਵਿਚ ਫਸਾ ਦਿੱਤਾ ਜਿਸ ਕਾਰਨ ਸਾਰੀ ਸਾਜਿਸ਼ ਨੰਗੀ ਹੋ ਗਈ। ਆਉਣ ਵਾਲੇ ਸਮੇਂ ’ਚ ਇਹ ਮੱੁਦਾ ਕੀ ਰੰਗ ਲਿਆਉਂਦਾ ਹੈ ਇਸਦਾ ਅਜੇ ਇੰਤਜ਼ਾਰ ਕਰਨਾ ਹੋਵੇਗਾ। ਆਮੀਂਨ!