ਕੁਸ਼ਤੀ ਟਰਾਇਲ: ਬਜਰੰਗ ਤੇ ਰਵੀ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚੋਂ ਬਾਹਰ

ਕੁਸ਼ਤੀ ਟਰਾਇਲ: ਬਜਰੰਗ ਤੇ ਰਵੀ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚੋਂ ਬਾਹਰ

 

ਸੋਨੀਪਤ- ਓ ਓਲੰਪਿਕ ਖੇਡਾਂ ਦੇ ਤਗ਼ਮਾ ਜੇਤੂ ਬਜਰੰਗ ਪੂਨੀਆ ਅਤੇ ਰਵੀ ਦਹੀਆ ਅੱਜ ਇੱਥੇ ਨੈਸ਼ਨਲ ਟੀਮ ਲਈ ਚੋਣ ਟਰਾਇਲ ਵਿੱਚ ਆਪਣੇ ਭਾਰ ਵਰਗ ਦਾ ਮੁਕਾਬਲਾ ਹਾਰਨ ਮਗਰੋਂ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ ਹੋ ਗਏ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪੂਨੀਆ ਨੂੰ ਪੁਰਸ਼ਾਂ ਦੇ ਫਰੀਸਟਾਈਲ 65 ਕਿਲੋ ਸੈਮੀਫਾਈਨਲ ਵਿੱਚ ਰੋਹਿਤ ਕੁਮਾਰ ਤੋਂ 1-9 ਨਾਲ ਹਾਰ ਮਿਲੀ। ਇਸ ਤੋਂ ਪਹਿਲਾਂ ਉਹ ਰਵਿੰਦਰ (3-3) ਖ਼ਿਲਾਫ਼ ਮੁਸ਼ਕਲ ਨਾਲ ਜਿੱਤ ਦਰਜ ਕਰਨ ’ਚ ਕਾਮਯਾਬ ਹੋਇਆ ਸੀ। ਜੇਕਰ ਰਵਿੰਦਰ ਨੇ ਮੁਕਾਬਲੇ ’ਚ ਚਿਤਾਵਨੀ ਨਾਲ ਅੰਕ ਨਾਲ ਗੁਆਇਆ ਹੁੰਦਾ ਤਾਂ ਪੂਨੀਆ ਪਹਿਲਾਂ ਹੀ ਮੁਕਾਬਲੇ ’ਚੋਂ ਬਾਹਰ ਹੋ ਗਿਆ ਹੁੰਦਾ। ਸੈਮੀਫਾਈਨਲ ’ਚ ਹਾਰਨ ਮਗਰੋਂ ਬਜਰੰਗ ਪੂਨੀਆ ਗੁੱਸੇ ਵਿੱਚ ਤੁਰੰਤ ਭਾਰਤੀ ਖੇਡ ਅਥਾਰਿਟੀ (ਸਾਈ) ਕੇਂਦਰ ਤੋਂ ਚਲਾ ਗਿਆ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੇ ਪੂਨੀਆ ਤੋਂ ਡੋਪ ਦੇ ਨਮੂਨੇ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਤੀਜੇ-ਚੌਥੇ ਸਥਾਨ ਦੇ ਮੁਕਾਬਲੇ ਲਈ ਵੀ ਨਹੀਂ ਰੁਕਿਆ।