ਪ੍ਰਧਾਨ ਮੰਤਰੀ ਨੂੰ ਨੀਵੇਂ ਦਰਜੇ ਦੀ ਸਿਆਸਤ ਸ਼ੋਭਾ ਨਹੀਂ ਦਿੰਦੀ: ਪ੍ਰਿਯੰਕਾ

ਪ੍ਰਧਾਨ ਮੰਤਰੀ ਨੂੰ ਨੀਵੇਂ ਦਰਜੇ ਦੀ ਸਿਆਸਤ ਸ਼ੋਭਾ ਨਹੀਂ ਦਿੰਦੀ: ਪ੍ਰਿਯੰਕਾ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਚੋਣਾਂ ਦੌਰਾਨ ‘ਆਪ’ ਨੇਤਾ ਨੂੰ ਨਿਸ਼ਾਨਾ ਬਣਾਉਣਾ ਗਲਤ ਅਤੇ ਗ਼ੈਰ-ਸੰਵਿਧਾਨਕ ਹੈ ਅਤੇ ਇਸ ਤਰ੍ਹਾਂ ਦੀ ਹੇਠਲੇ ਪੱਧਰ ਦੀ ਸਿਆਸਤ ਕਰਨ ਨਾ ਤਾਂ ਪ੍ਰਧਾਨ ਮੰਤਰੀ ਨੂੰ ਸ਼ੋਭਾ ਦਿੰਦਾ ਹੈ ਅਤੇ ਨਾ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ। ਪ੍ਰਿਯੰਕਾ ਨੇ ਐਕਸ ’ਤੇ ਪੋਸਟ ਕੀਤਾ, ‘‘ਚੋਣਾਂ ਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਗਲਤ ਅਤੇ ਅਸੰਵਿਧਾਨਕ ਹੈ। ਸਿਆਸਤ ਦਾ ਪੱਧਰ ਇਸ ਤਰ੍ਹਾਂ ਡਿੱਗਣਾ ਨਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਦਿੰਦਾ ਹੈ, ਨਾ ਹੀ ਉਨ੍ਹਾਂ ਦੀ ਸਰਕਾਰ ਨੂੰ।’’ ਉਨ੍ਹਾਂ ਕਿਹਾ, ‘‘ਆਪਣੇ ਆਲੋਚਕਾਂ ਨਾਲ ਚੋਣ ਮੈਦਾਨ ਵਿੱਚ ਆ ਕੇ ਲੜੋ, ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰੋ, ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ’ਤੇ ਬੇਸ਼ੱਕ ਹਮਲਾ ਕਰੋ, ਇਹੀ ਲੋਕਤੰਤਰ ਹੁੰਦਾ ਹੈ। ਪਰ ਇਸ ਤਰ੍ਹਾਂ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਦੀ ਤਾਕਤ ਦੀ ਆਪਣੇ ਸਿਆਸੀ ਮਨੋਰਥ ਨੂੰ ਪੂੁਰਾ ਕਰਨ ਲਈ ਵਰਤੋਂ ਕਰਨਾ, ਦਬਾਅ ਪਾ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਲੋਕਤੰਤਰ ਦੇ ਹਰ ਅਸੂਲ ਦੇ ਖ਼ਿਲਾਫ਼ ਹੈ।’’ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਬੈਂਕ ਖਾਤੇ ਫਰੀਜ਼ ਕਰ ਦਿੱਤੇ ਗਏ ਹਨ, ਸਾਰੀਆਂ ਸਿਆਸੀ ਧਿਰਾਂ ਅਤੇ ਉਨ੍ਹਾਂ ਦੇ ਨੇਤਾਵਾਂ ’ਤੇ ਈਡੀ, ਸੀਬੀਆਈ, ਆਮਦਨ ਕਰ ਵਿਭਾਗ ਦਾ ਦਿਨ-ਰਾਤ ਦਬਾਅ ਹੈ। ਉਨ੍ਹਾਂ ਕਿਹਾ, ‘‘ਇੱਕ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ, ਹੁਣ ਦੂਜੇ ਮੁੱਖ ਮੰਤਰੀ ਨੂੰ ਵੀ ਜੇਲ੍ਹ ਭੇਜਣ ਦੀ ਤਿਆਰੀ ਹੋ ਰਹੀ ਹੈ। ਅਜਿਹਾ ਸ਼ਰਮਨਾਕ ਦ੍ਰਿਸ਼ ਭਾਰਤ ਦੇ ਸੁਤੰਤਰ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ।’’ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਬਿਨਾਂ ਜਾਂਚ ਦੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਗਲਤ ਹੈ।