ਕਣਕ ’ਤੇ ਐੱਮਐੱਸਪੀ 150 ਰੁਪਏ ਵਧਾਇਆ

ਕਣਕ ’ਤੇ ਐੱਮਐੱਸਪੀ 150 ਰੁਪਏ ਵਧਾਇਆ

ਨਵੀਂ ਦਿੱਲੀ-ਕਣਕ ਦੀ ਪੈਦਾਵਾਰ ਕਰਨ ਵਾਲੇ ਅਹਿਮ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਫਸਲੀ ਸੀਜ਼ਨ 2024-25 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 150 ਰੁਪਏ ਵਧਾ ਕੇ 2,275 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਮੋਦੀ ਸਰਕਾਰ ਦੇ 2014 ’ਚ ਸੱਤਾ ’ਚ ਆਉਣ ਮਗਰੋਂ ਕਣਕ ਦੀ ਐੱਮਐੱਸਪੀ ’ਚ ਇਹ ਸਭ ਤੋਂ ਵੱਡਾ ਵਾਧਾ ਹੈ। ਇਸ ਦੇ ਨਾਲ ਮਸਰ ਦੀ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 425 ਰੁਪਏ, ਛੋਲਿਆਂ ’ਚ 105 ਰੁਪਏ, ਜੌਂ ਵਿੱਚ 115 ਰੁਪਏ ਅਤੇ ਤੇਲ ਬੀਜਾਂ ਅਤੇ ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੌਜੂਦਾ ਸਮੇਂ ’ਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2125 ਰੁਪਏ ਪ੍ਰਤੀ ਕੁਇੰਟਲ ਹੈ। ਕਣਕ ਹਾੜੀ ਦੀ ਮੁੱਖ ਫ਼ਸਲ ਹੈ ਅਤੇ ਇਸ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਜਦਕਿ ਅਪਰੈਲ ’ਚ ਵਾਢੀ ਕੀਤੀ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸੀਸੀਈਏ ਨੇ 2024-25 ਲਈ ਹਾੜੀ ਦੀਆਂ ਛੇ ਫ਼ਸਲਾਂ ’ਤੇ ਐੱਮਐੱਸਪੀ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 150 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੈ। ਕਣਕ ਦਾ ਸਮਰਥਨ ਮੁੱਲ ਵਧਾਉਣ ਨਾਲ ਮਹਿੰਗਾਈ ਦਰ ’ਤੇ ਅਸਰ ਪੈਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਮੰਤਰੀ ਨੇ ਕਿਹਾ ਕਿ ਦੇਸ਼ ’ਚ ਮਹਾਮਾਰੀ ਅਤੇ ਉਸ ਤੋਂ ਬਾਅਦ ਮਹਿੰਗਾਈ ’ਤੇ ਲਗਾਮ ਕੱਸੀ ਗਈ ਹੈ। ਕੇਂਦਰੀ ਮੰਤਰੀ ਮੁਤਾਬਕ ਜੌਂ ਦਾ ਘੱਟੋ ਘੱਟ ਸਮਰਥਨ ਮੁੱਲ 115 ਰੁਪਏ ਵਧਾ ਕੇ 1850 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਛੋਲਿਆਂ ਦਾ ਐੱਮਐੱਸਪੀ 105 ਰੁਪਏ ਵਧਣ ਨਾਲ ਇਸ ਦਾ ਭਾਅ 5440 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਮਸਰ ਦੀ ਦਾਲ ਦਾ ਘੱਟੋ ਘੱਟ ਸਮਰਥਨ ਮੁੱਲ 425 ਰੁਪਏ ਵਧਾ ਕੇ 6425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਸਰ੍ਹੋਂ ’ਤੇ ਐੱਮਐੱਸਪੀ 200 ਰੁਪਏ ਵਧਾਉਣ ਨਾਲ ਇਸ ਦਾ ਰੇਟ 5650 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸੂਰਜਮੁਖੀ ਦਾ ਘੱਟੋ ਘੱਟ ਸਮਰਥਨ ਮੁੱਲ 150 ਰੁਪਏ ਵਧਾ ਕੇ 5800 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ’ਤੇ ਐੱਮਐੱਸਪੀ ਕੇਂਦਰੀ ਬਜਟ 2018-19 ’ਚ ਕੀਤੇ ਗਏ ਐਲਾਨਾਂ ਮੁਤਾਬਕ ਹੈ।