ਭਾਜਪਾ ਨੂੰ ਸਿਰਫ਼ 150 ਸੀਟਾਂ ਹੀ ਮਿਲਣਗੀਆਂ: ਰਾਹੁਲ

ਭਾਜਪਾ ਨੂੰ ਸਿਰਫ਼ 150 ਸੀਟਾਂ ਹੀ ਮਿਲਣਗੀਆਂ: ਰਾਹੁਲ

ਗਾਜ਼ੀਆਬਾਦ - ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਬਾਂਡ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਯੋਜਨਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭ੍ਰਿਸ਼ਟਾਚਾਰ ਦੇ ਚੈਂਪੀਅਨ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਪੱਖ ’ਚ ਮਜ਼ਬੂਤ ਅਦ੍ਰਿਸ਼ ਹਨੇਰੀ ਚੱਲ ਰਹੀ ਹੈ ਅਤੇ ਭਾਜਪਾ ਸਿਰਫ਼ 150 ਸੀਟਾਂ ਤੱਕ ਸੀਮਤ ਰਹਿ ਜਾਵੇਗੀ। ਰਾਹੁਲ ਨੇ ਕਿਹਾ,‘‘ਇਹ ਚੋਣਾਂ ਵਿਚਾਰਧਾਰਾ ਦੀ ਜੰਗ ਵੀ ਹੈ। ਇਕ ਪਾਸੇ ਆਰਐੱਸਐੱਸ ਅਤੇ ਭਾਜਪਾ ਹਨ ਜੋ ਸੰਵਿਧਾਨ ਤੇ ਲੋਕਤੰਤਰੀ ਪ੍ਰਣਾਲੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਦੂਜੇ ਪਾਸੇ ਇੰਡੀਆ ਬਲਾਕ ਉਸ ਦੀ ਰਾਖੀ ਅਤੇ ਬਚਾਅ ਲਈ ਜੂਝ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਕੁਝ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਆਦਿ ਹਨ ਪਰ ਭਾਜਪਾ ਇਨ੍ਹਾਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ‘ਪ੍ਰਧਾਨ ਮੰਤਰੀ ਕਦੇ ਸਮੁੰਦਰ ਦੇ ਪਾਣੀ ਹੇਠਾਂ ਚਲੇ ਜਾਂਦੇ ਹਨ ਅਤੇ ਕਦੇ ਉਹ ਸਮੁੰਦਰੀ ਜਹਾਜ਼ ’ਤੇ ਸਵਾਰ ਹੋ ਜਾਂਦੇ ਹਨ ਪਰ ਉਹ ਮੁੱਦਿਆਂ ਬਾਰੇ ਕੁਝ ਨਹੀਂ ਬੋਲਦੇ ਹਨ।’ ਮੋਦੀ ਦੀ ਹਾਲੀਆ ਇੰਟਰਵਿਊ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਇਹ ਪਹਿਲਾਂ ਤੋਂ ਲਿਖੀ ਹੋਈ ਸਕ੍ਰਿਪਟ ਅਤੇ ਫਲਾਪ ਸ਼ੋਅ ਸੀ ਕਿਉਂਕਿ ਪ੍ਰਧਾਨ ਮੰਤਰੀ ਚੋਣ ਬਾਂਡਾਂ ਬਾਰੇ ਸਫ਼ਾਈ ਦੇ ਰਹੇ ਸਨ। ‘ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣ ਬਾਂਡ ਸਿਆਸਤ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ਤਾ ਲਈ ਲਿਆਂਦੇ ਗਏ ਸਨ ਪਰ ਜੇਕਰ ਇੰਜ ਸੀ ਤਾਂ ਫਿਰ ਸੁਪਰੀਮ ਕੋਰਟ ਨੇ ਇਸ ’ਤੇ ਰੋਕ ਕਿਉਂ ਲਾਈ ਹੈ। ਜੇਕਰ ਤੁਸੀਂ ਪਾਰਦਰਸ਼ਤਾ ਹੀ ਲਿਆਉਣੀ ਚਾਹੁੰਦੇ ਸੀ ਤਾਂ ਫਿਰ ਭਾਜਪਾ ਨੂੰ ਹਜ਼ਾਰਾਂ ਕਰੋੜ ਰੁਪਏ ਦਾਨ ਕਰਨ ਵਾਲਿਆਂ ਦੇ ਨਾਮ ਕਿਉਂ ਛੁਪਾਏ ਗਏ।’ ਉਨ੍ਹਾਂ ਦੋਸ਼ ਲਾਇਆ ਕਿ ਇਕ ਕੰਪਨੀ ਨੂੰ ਹਜ਼ਾਰਾਂ ਰੁਪਏ ਦਾ ਠੇਕਾ ਮਿਲਿਆ ਅਤੇ ਕੁਝ ਦਿਨਾਂ ਮਗਰੋਂ ਹੀ ਕੰਪਨੀ ਨੇ ਭਾਜਪਾ ਨੂੰ ਦਾਨ ਦੇ ਦਿੱਤਾ। ਇਸੇ ਤਰ੍ਹਾਂ ਇਕ ਕੰਪਨੀ ਦੀ ਸੀਬੀਆਈ ਜਾਂ ਈਡੀ ਦੀ ਜਾਂਚ ਚੱਲ ਰਹੀ ਸੀ ਅਤੇ 10-15 ਦਿਨਾਂ ਮਗਰੋਂ ਕੰਪਨੀ ਨੇ ਭਾਜਪਾ ਨੂੰ ਦਾਨ ਦੇ ਦਿੱਤਾ ਤਾਂ ਉਸ ਖ਼ਿਲਾਫ਼ ਜਾਂਚ ਖ਼ਤਮ ਹੋ ਗਈ। ਕਾਂਗਰਸ ਆਗੂ ਨੇ ਕਿਹਾ ਕਿ ਚੋਣ ਬਾਂਡ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਯੋਜਨਾ ਹੈ। ‘ਪ੍ਰਧਾਨ ਮੰਤਰੀ ਜਿੰਨੇ ਮਰਜ਼ੀ ਸਪੱਸ਼ਟੀਕਰਨ ਦਿੰਦੇ ਜਾਣ, ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਪੂਰਾ ਮੁਲਕ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਚੈਂਪੀਅਨ ਹਨ।’ ਕਾਂਗਰਸ-ਸਮਾਜਵਾਦੀ ਪਾਰਟੀ ਗੱਠਜੋੜ ਵੱਲੋਂ ਕਿੰਨੀਆਂ ਸੀਟਾਂ ਜਿੱਤੀਆਂ ਜਾਣਗੀਆਂ, ਰਾਹੁਲ ਨੇ ਕਿਹਾ ਕਿ ਉਹ ਗਿਣਤੀ ਤਾਂ ਨਹੀਂ ਦੱਸ ਸਕਦੇ ਪਰ ਗੱਠਜੋੜ ਯੂਪੀ ’ਚ ਬਹੁਤ ਵਧੀਆ ਕਰੇਗਾ। ਸਮਾਜਵਾਦੀ ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਤੋਂ ਬਦਲਾਅ ਦੀ ਹਨੇਰੀ ਚੱਲ ਰਹੀ ਹੈ ਅਤੇ ਇੰਡੀਆ ਗੱਠਜੋੜ ਗਾਜ਼ੀਆਬਾਦ ਤੋਂ ਗਾਜ਼ੀਪੁਰ ਤੱਕ ਹੂੰਝਾ ਫੇਰ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਚੋਣ ਬਾਂਡਾਂ ਦੇ ਮੁੱਦੇ ’ਤੇ ਭਾਜਪਾ ਦੇ ਨੈਤਿਕਤਾ ਦਾ ਗੁੱਬਾਰਾ ਫਟ ਗਿਆ ਹੈ। ‘ਭਾਜਪਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ। ਉਹ ਨਾ ਸਿਰਫ਼ ਭ੍ਰਿਸ਼ਟਾਚਾਰੀਆਂ ਨੂੰ ਪਾਰਟੀ ’ਚ ਸ਼ਾਮਲ ਕਰ ਰਹੇ ਹਨ ਸਗੋਂ ਉਨ੍ਹਾਂ ਦੀ ਕਮਾਈ ਵੀ ਲੈ ਰਹੇ ਹਨ।’ ਉਨ੍ਹਾਂ ਕਿਹਾ ਕਿ ਝੂਠ ਅਤੇ ਲੁੱਟ ਭਾਜਪਾ ਦੀ ਪਛਾਣ ਬਣ ਗਈ ਹੈ।