ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ: ਰਾਜਨਾਥ

ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ: ਰਾਜਨਾਥ

ਨਵੀਂ ਦਿੱਲੀ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਸ਼ਸਤਰ ਪੂਜਾ ਕੀਤੀ ਅਤੇ ਚੀਨ ਨਾਲ ਲੱਗਦੇ ਮੂਹਰਲੇ ਅਹਿਮ ਰਣਨੀਤਕ ਇਲਾਕੇ ’ਚ ਜਵਾਨਾਂ ਨਾਲ ਦਸਹਿਰਾ ਮਨਾਇਆ। ਇਸ ਮੌਕੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਉਨ੍ਹਾਂ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਫੌਜੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਅਡੋਲ ਪ੍ਰਤੀਬੱਧਤਾ ਅਤੇ ਬੇਮਿਸਾਲ ਹੌਸਲੇ ਨਾਲ ਸਰਹੱਦ ਦੀ ਰੱਖਿਆ ਕਰਨ ਲਈ ਜਵਾਨਾਂ ਦੀ ਸ਼ਲਾਘਾ ਕੀਤੀ। ਬੁਮ-ਲਾ ਅਤੇ ਕਈ ਹੋਰ ਮੂਹਰਲੀਆਂ ਚੌਕੀਆਂ ਦਾ ਦੌਰਾ ਕਰਨ ਮਗਰੋਂ ਜਵਾਨਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਦੇ ਮੱਦੇਨਜ਼ਰ ਦੇਸ਼ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਰਾਜਨਾਥ ਸਿੰਘ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਰਣਨੀਤਕ ਤੌਰ ’ਤੇ ਅਹਿਮ ਸਥਾਨ ’ਤੇ ਫ਼ੌਜੀਆਂ ਨਾਲ ਅਜਿਹੇ ਸਮੇਂ ਦਸਹਿਰਾ ਮਨਾਇਆ ਜਦੋਂ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ। ਫੌਜੀ ਕੈਂਪ ’ਚ ਸ਼ਸਤਰ ਪੂਜਾ ਮਗਰੋਂ ਸਿੰਘ ਨੇ ਕਿਹਾ ਕਿ ਦਸਹਿਰਾ ‘ਬਦੀ ’ਤੇ ਨੇਕੀ ਦੀ ਜਿੱਤ’ ਦਾ ਪ੍ਰਤੀਕ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤਵਾਂਗ ਜੰਗੀ ਯਾਦਗਾਰ ’ਤੇ ਵੀ ਗਏ ਅਤੇ ਚੀਨ ਨਾਲ 1962 ਦੀ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਤੁਸੀਂ ਔਖੇ ਹਾਲਾਤ ’ਚ ਜਿਵੇਂ ਸਰਹੱਦ ਦੀ ਰੱਖਿਆ ਕਰ ਰਹੇ ਹੋ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਮੈਂ, ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਲੋਕਾਂ ਨੂੰ ਤੁਹਾਡੇ ’ਤੇ ਮਾਣ ਹੈ।’’ ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੇ ਸਥਾਪਨਾ ਦਿਵਸ ਮੌਕੇ ਜਵਾਨਾਂ ਨੂੰ ਵਧਾਈ ਦਿੱਤੀ ਅਤੇ ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੇ ‘ਬੇਮਿਸਾਲ ਜਜ਼ਬੇ ਅਤੇ ਬਹਾਦਰੀ’ ਨੂੰ ਸਲਾਹਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਈਟੀਬੀਪੀ ਜਵਾਨਾਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਆਖਿਆ ਕਿ ਇਹ ਮਨੁੱਖੀ ਸ਼ਕਤੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ’ਚ ਲਿਖਿਆ, ‘‘ਆਈਟੀਬੀਪੀ ਦੇ ਸਥਾਪਨਾ ਦਿਵਸ ਮੌਕੇ ਮੈਂ, ਸਾਡੇ ਆਈਟੀਬੀਪੀ ਜਵਾਨਾਂ ਦੇ ਬੇਮਿਸਾਲ ਜਜ਼ਬੇ ਅਤੇ ਹੌਸਲੇ ਨੂੰ ਸਲਾਮ ਨੂੰ ਸਲਾਮ ਕਰਦਾ ਹਾਂ। ਉਹ ਸਾਡੇ ਮੁਲਕ ਦੀ ਰੱਖਿਆ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਕੁਦਰਤੀ ਆਫ਼ਤਾਂ ਦੌਰਾਨ ਉਨ੍ਹਾਂ ਦੀਆਂ ਸਲਾਹੁਣਯੋਗ ਕੋਸ਼ਿਸ਼ਾਂ ਦੇਸ਼ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹਨ। ਉਹ ਇਸੇ ਤਰ੍ਹਾਂ ਸਮਰਪਣ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣ।’’ ਦੱਸਣਯੋਗ ਹੈ ਕਿ ਆਈਟੀਬੀਪੀ ਦੀ ਸਥਾਪਨਾ ਚੀਨ ਵੱਲੋਂ 1962 ’ਚ ਕੀਤੇ ਹਮਲੇ ਪਿੱਛੋਂ ਹੋਈ ਸੀ। ਮੌਜੂਦਾ ਸਮੇਂ 90 ਹਜ਼ਾਰ ਜਵਾਨਾਂ ਦੀ ਸਮਰੱਥਾ ਵਾਲੀ ਇਹ ਸੈਨਾ ਚੀਨ ਨਾਲ ਲੱਗਦੀ 3,448 ਕਿਲੋਮੀਟਰ ਸਰਹੱਦ ਦੀ ਪਹਿਰੇਦਾਰੀ ਕਰਦੀ ਹੈ। ਇਸ ਦੇ ਜਵਾਨ ਅੰਦਰੂਨੀ ਸੁਰੱਖਿਆ ਤੇ ਆਫ਼ਤ ਪ੍ਰਬੰਧਨ ’ਚ ਵੀ ਡਿਊਟੀ ਨਿਭਾਉਂਦੇ ਹਨ।