ਰਾਂਚੀ ’ਚ ਭਾਜਪਾ ਖ਼ਿਲਾਫ਼ ਵਰ੍ਹੀ ਵਿਰੋਧੀ ਧਿਰ

ਰਾਂਚੀ ’ਚ ਭਾਜਪਾ ਖ਼ਿਲਾਫ਼ ਵਰ੍ਹੀ ਵਿਰੋਧੀ ਧਿਰ

ਰਾਂਚੀ- ‘ਇੰਡੀਆ’ ਗੱਠਜੋੜ ਨੇ ਇਥੇ ‘ਨਿਆਂ ਰੈਲੀ’ ਰਾਹੀਂ ਤਾਕਤ ਅਤੇ ਏਕਤਾ ਦਾ ਪ੍ਰਦਰਸ਼ਨ ਕਰਕੇ ਲੋਕ ਸਭਾ ਚੋਣਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦੀ ਜੰਗ ਕਰਾਰ ਦਿੱਤਾ। ਗੱਠਜੋੜ ਦੇ ਆਗੂਆਂ ਨੇ ਕੇਂਦਰ ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮੁੜ ਹੋਕਾ ਦਿੱਤਾ। ਇਥੇ ਪ੍ਰਭਾਤ ਤਾਰਾ ਮੈਦਾਨ ’ਚ ਕੀਤੀ ਗਈ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਲਈ ਭਾਜਪਾ ’ਤੇ ਵਰ੍ਹਦਿਆਂ ਆਗੂਆਂ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਲੋਕ ਵੋਟਾਂ ਰਾਹੀਂ ਜਵਾਬ ਦੇਣਗੇ। ਇਸ ਮੌਕੇ ਸਟੇਜ ’ਤੇ ਦੋ ਦੋਵੇਂ ਮੁੱਖ ਮੰਤਰੀਆਂ ਦੇ ਨਾਮ ਵਾਲੀਆਂ ਦੋ ਖਾਲੀ ਕੁਰਸੀਆਂ ਵੀ ਰੱਖੀਆਂ ਗਈਆਂ ਸਨ। ਬਿਮਾਰ ਹੋਣ ਕਾਰਨ ਕਾਂਗਰਸ ਆਗੂ ਰਾਹੁਲ ਗਾਂਧੀ ਰੈਲੀ ’ਚ ਸ਼ਮੂਲੀਅਤ ਨਾ ਕਰ ਸਕੇ। ਝਾਰਖੰਡ ਮੁਕਤੀ ਮੋਰਚਾ ਦੇ ਮੁਖੀ ਸ਼ਿਬੂ ਸੋਰੇਨ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ,‘‘ਹੇਮੰਤ ਸੋਰੇਨ ਹੌਸਲਾ ਛੱਡਣ ਵਾਲੇ ਨਹੀਂ ਹਨ। ਉਹ ਜੇਲ੍ਹ ਤੋਂ ਨਹੀਂ ਡਰਦੇ ਹਨ। ਜੇਕਰ ਦੋ ਮੁੱਖ ਮੰਤਰੀਆਂ ਨੂੰ ਜੇਲ੍ਹ ’ਚ ਡੱਕ ਦਿੱਤਾ ਗਿਆ ਹੈ ਤਾਂ ਅਸੀਂ ਖ਼ਤਮ ਨਹੀਂ ਹੋਣ ਵਾਲੇ ਹਾਂ। ਸਾਡੇ ’ਤੇ ਦਬਾਅ ਨਹੀਂ ਪਾਇਆ ਜਾ ਸਕਦਾ ਹੈ। ਅਸੀਂ ਅੱਗੇ ਵਧਦੇ ਅਤੇ ਤਰੱਕੀ ਕਰਦੇ ਰਹਾਂਗੇ।’’ ਭਾਜਪਾ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਕਮਾਂ ਨੇ ਇਕ ਆਦਿਵਾਸੀ ਮਹਿਲਾ ਨੂੰ ਸਿਰਫ਼ ਵੋਟਾਂ ਖ਼ਾਤਰ ਦੇਸ਼ ਦਾ ਰਾਸ਼ਟਰਪਤੀ ਬਣਾਇਆ ਹੈ। ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਕਰੀਆਂ ਦੇਣ, ਕਾਲਾ ਧਨ ਵਾਪਸ ਲਿਆਉਣ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਹੋਰ ਵਾਅਦਿਆਂ ਬਾਰੇ ਸਿਰਫ਼ ਝੂਠ ਹੀ ਬੋਲਿਆ ਹੈ।’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਨੂੰ 150 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ। ਖੜਗੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ‘ਸ਼ਕਤੀ’ ਇੰਨੀ ਮਜ਼ਬੂਤ ਹੈ ਕਿ ਭਾਜਪਾ ਉਨ੍ਹਾਂ ਦੀ ‘ਸ਼ਕਤੀ’ ਨੂੰ ਨਹੀਂ ਤੋੜ ਸਕਦੀ ਹੈ। ‘ਉਹ 500, 400 ਸੀਟਾਂ ਜਿੱਤਣ ਬਾਰੇ ਗੱਲ ਕਰਦੇ ਹਨ ਪਰ ਇਸ ਵਾਰ ਗੱਠਜੋੜ ਦੀ ‘ਸ਼ਕਤੀ’ ਇੰਨੀ ਮਜ਼ਬੂਤ ਹੈ ਕਿ ਮੋਦੀ ਹੋਵੇ ਜਾਂ ਕੋਈ ਹੋਰ ਭਾਜਪਾ ਸਾਡੀ ਸ਼ਕਤੀ ਨੂੰ ਨਹੀਂ ਤੋੜ ਸਕਦੇ ਹਨ। ਉਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੇਮੰਤ ਸੋਰੇਨ ਨੂੰ ਇੰਡੀਆ ਗੱਠਜੋੜ ਨਾਲੋਂ ਨਾਤਾ ਨਾ ਤੋੜਨ ਕਰਕੇ ਜੇਲ੍ਹ ਭੇਜਿਆ ਗਿਆ ਹੈ।’ ‘ਆਪ’ ਆਗੂ ਸੰਜੈ ਸਿੰਘ ਨੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਉਹ ਭ੍ਰਿਸ਼ਟਾਚਾਰ ਬਾਰੇ ਗੱਲ ਕਰਦੀ ਹੈ ਤਾਂ ਇੰਜ ਜਾਪਦਾ ਹੈ ਕਿ ‘ਓਸਾਮਾ ਬਿਨ ਲਾਦੇਨ ਅਤੇ ਗੱਬਰ ਸਿੰਘ ਅਹਿੰਸਾ ਬਾਰੇ ਬੋਲ ਰਹੇ ਹਨ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਵਾਸ਼ਿੰਗ ਪਾਊਡਰ ਸਾਰੇ ਭ੍ਰਿਸ਼ਟਾਚਾਰ ਨੂੰ ਸਾਫ਼ ਕਰ ਦਿੰਦਾ ਹੈ। ‘ਨਰਿੰਦਰ ਮੋਦੀ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਦੇ ਹਨ। ਉਹ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ਾਂ ਹੇਠ ਜੇਲ੍ਹ ’ਚ ਡੱਕਦੇ ਹਨ।