ਹਿਮਾਚਲ ਪ੍ਰਦੇਸ਼: ਸਾਬਕਾ ਵਿਧਾਇਕ ਵੱਲੋਂ ਸੁੱਖੂ ਖਿਲਾਫ਼ ਮਾਣਹਾਨੀ ਕੇਸ ਦਰਜ ਕਰਨ ਦੀ ਮੰਗ

ਹਿਮਾਚਲ ਪ੍ਰਦੇਸ਼: ਸਾਬਕਾ ਵਿਧਾਇਕ ਵੱਲੋਂ ਸੁੱਖੂ ਖਿਲਾਫ਼ ਮਾਣਹਾਨੀ ਕੇਸ ਦਰਜ ਕਰਨ ਦੀ ਮੰਗ


ਸ਼ਿਮਲਾ- ਪਾਰਟੀ ਵ੍ਹਿਪ ਦੀ ਉਲੰਘਣਾ ਕਰਕੇ ਹਿਮਾਚਲ ਪ੍ਰਦੇਸ਼ ਅਸੈਂਬਲੀ ਤੋਂ ਅਯੋਗ ਠਹਿਰਾਏ ਸਾਬਕਾ ਕਾਂਗਰਸੀ ਵਿਧਾਇਕ ਸੁਧੀਰ ਸ਼ਰਮਾ ਨੇ ਅੱਜ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਰਮਾ ਨੇ ਸ਼ਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਸੁੱਖੂ ਨੇ ‘ਵਿਧਾਇਕਾਂ ਨੂੰ 15 ਕਰੋੜ ਰੁਪਏ ਵਿਚ ਖਰੀਦੇ ਜਾਣ’ ਸਬੰਧੀ ਟਿੱਪਣੀ ਕੀਤੀ ਸੀ। ਸ਼ਰਮਾ ਇਸ ਤੋਂ ਪਹਿਲਾਂ ਸੁੱਖੂ ਨੂੰ ਭੇਜੇ ਮਾਣਹਾਨੀ ਨੋਟਿਸ ਵਿਚ ਉਪਰੋਕਤ ਟਿੱਪਣੀਆਂ ਲਈ 5 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕਰ ਚੁੱਕੇ ਹਨ। ਉਧਰ ਕਾਂਗਰਸ ਦੇ ਇਕ ਹੋਰ ਬਾਗ਼ੀ ਤੇ ਸਾਬਕਾ ਵਿਧਾਇਕ ਰਾਜਿੰਦਰ ਰਾਣਾ ਨੇ ਵੀ ਮੁੱਖ ਮੰਤਰੀ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ। ਮੁੱਖ ਮੰਤਰੀ ਸੁੱਖੂ ਆਪਣੀਆਂ ਤਕਰੀਰਾਂ ਦੌਰਾਨ ਇਨ੍ਹਾਂ ਬਾਗ਼ੀ ਵਿਧਾਇਕਾਂ ਦੀ ਤੁਲਨਾ ਕਾਲੇ ਸੱਪਾਂ ਨਾਲ ਕਰਦੇ ਰਹੇ ਹਨ। ਸੁੱਖੂ ਨੇ ਦਾਅਵਾ ਕੀਤਾ ਸੀ ਕਿ ਇਹ ਸਾਬਕਾ ਵਿਧਾਇਕ ‘ਆਪਣਾ ਜ਼ਮੀਰ’ ਵੇਚ ਚੁੱਕੇ ਹਨ।ਚਾਰ ਵਾਰ ਵਿਧਾਇਕ ਰਹੇ ਸ਼ਰਮਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਹਾਲ ਹੀ ਵਿਚ ਮੇਰੇ ਸਣੇ ਭਾਜਪਾ ਵਿਚ ਸ਼ਾਮਲ ਹੋਏ ਹੋਰਨਾਂ ਵਿਧਾਇਕਾਂ, ਜੋ ਚੋਣ ਲੜ ਰਹੇ ਹਨ, ਖਿਲਾਫ਼ ਦੋਸ਼ ਲਾਏ ਗਏ ਹਨ।’’ ਭਾਜਪਾ ਨੇ ਧਰਮਸ਼ਾਲਾ ਅਸੈਂਬਲੀ ਦੀ ਜ਼ਿਮਨੀ ਚੋਣ ਲਈ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਂਗੜਾ ਦੇ ਐੱਸਪੀ ਤੇ ਸੂਬੇ ਦੇ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਰਮਾ ਨੇ ਕਿਹਾ, ‘‘ਹਾਲ ਹੀ ਵਿਚ ਮੇਰੇ ਹਲਕੇ ਵਿਚ ਇਕ ਵੀਡੀਓ ਤੇ ਮੀਡੀਆ ਰਿਪੋਰਟਾਂ ਨਸ਼ਰ ਹੋਈਆਂ ਹਨ। ਅਜਿਹੀ ਹੀ ਇਕ ਵੀਡੀਓ ਵਿਚ ਮੁੱਖ ਮੰਤਰੀ ਸੁੱਖੂ 4 ਅਪਰੈਲ ਨੂੰ ਊਨਾ ਦੇ ਕੁਟਲੇਹਾਰ ਵਿਚ ਦਿੱਤੇ ਭਾਸ਼ਣ ਦੌਰਾਨ ਇਹ ਬੇਬੁਨਿਆਦ ਦੋਸ਼ ਲਾਉਂਦੇ ਨਜ਼ਰ ਆ ਰਹੇ ਹਨ ਕਿ ਹਰੇਕ ਵਿਧਾਇਕ ਨੂੰ 15-15 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ।’’ ਸ਼ਰਮਾ ਨੇ ਕਿਹਾ, ‘‘ਇਹ ਬਹੁਤ ਦੁਖਦਾਈ ਹੈ ਕਿ ਮੁੱਖ ਮੰਤਰੀ ਸਰਕਾਰੀ ਫੰਡਾਂ ਦੀ ਵਰਤੋਂ ਕਰਕੇ ਕੁਟਲੇਹਾਰ ਪਹੁੰਚਦੇ ਹਨ ਤੇ ਉਥੇ ਝੂਠ ਬੋਲਦੇ ਹਨ। ਉਨ੍ਹਾਂ ਦੇ ਬਿਆਨ ਵਿਚ ਕੋਈ ਸਚਾਈ ਨਹੀਂ ਹੈ। ਮੁੱਖ ਮੰਤਰੀ ਜਿਹੇ ਰੁਤਬੇ ਵਾਲੇ ਵਿਅਕਤੀ ਵੱਲੋਂ ਦਿੱਤੇ ਇਸ ਗੈਰਜ਼ਿੰਮੇਵਾਰਾਨਾ ਬਿਆਨ ਨਾਲ ਮੇਰੀ ਸਾਖ਼ ਨੂੰ ਢਾਹ ਲੱਗੀ ਹੈ ਅਤੇ ਮੇਰੇ ਪਰਿਵਾਰ ਤੇ ਹਮਾਇਤੀਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ।’’ ਤਿੰਨ ਵਾਰ ਵਿਧਾਇਕ ਰਹੇ ਤੇ ਸੁਜਾਨਪੁਰ ਅਸੈਂਬਲੀ ਸੀਟ ਤੋਂ ਭਾਜਪਾ ਉਮੀਦਵਾਰ ਰਾਣਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੁੱਖੂ ਚੰਡੀਗੜ੍ਹ ਸਥਿਤ ਹਿਮਾਚਲ ਭਵਨ ਵਿਚ ਰੁਕਣ ਦੀ ਥਾਂ ਆਪਣੀ ਸੁਰੱਖਿਆ ਨੂੰ ਬਾਈਪਾਸ ਕਰਕੇ ਰਾਤ ਵੇਲੇ ਪੰਜ ਤਾਰਾ ਹੋਟਲ ਵਿਚ ਰੁਕਦੇ ਰਹੇ ਹਨ। ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਮਿਲਣ ਲਈ ਕੌਣ ਆਉਂਦਾ ਸੀ ਤੇ ਉਨ੍ਹਾਂ ਵਿਚਾਲੇ ਕਥਿਤ ਕਿਹੜਾ ‘ਸਮਝੌਤਾ’ ਸਿਰੇ ਚੜ੍ਹਿਆ। ਉਧਰ ਕਾਂਗੜਾ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਈਮੇਲ ਜ਼ਰੀਏ ਸ਼ਿਕਾਇਤ ਮਿਲੀ ਹੈ। ਕਾਬਿਲੇਗੌਰ ਹੈ ਕਿ ਸ਼ਰਮਾ ਉਨ੍ਹਾਂ 9 ਵਿਧਾਇਕਾਂ- ਛੇ ਬਾਗੀ ਕਾਂਗਰਸੀ ਤੇ ਤਿੰਨ ਆਜ਼ਾਦ ਵਿਚ ਸ਼ਾਮਲ ਸਨ ਜਿਨ੍ਹਾਂ ਨੇ 27 ਫਰਵਰੀ ਨੂੰ ਹੋਈ ਰਾਜ ਸਭਾ ਦੀ ਚੋਣ ਦੌਰਾਨ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿਚ ਵੋਟ ਪਾਈ ਸੀ।