ਨਵੀਂ ਦਿੱਲੀ-ਭਾਜਪਾ ਨੇ ਅੱਜ ਦੇਸ਼ ਭਰ ਵਿੱਚ ‘ਸਵੱਛ ਤੀਰਥ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਾਰਟੀ ਪ੍ਰਧਾਨ ਜੇਪੀ ਨੱਢਾ ਸਣੇ ਸੀਨੀਅਰ ਨੇਤਾਵਾਂ ਨੇ ਵੱਖ ਵੱਖ ਮੰਦਿਰਾਂ ਵਿੱਚ ਸਫ਼ਾਈ ਕੀਤੀ। ਅੱਜ ਮਾਘੀ ਦੀ ਸੰਗਰਾਂਦ ਮੌਕੇ ਸ਼ੁਰੂ ਕੀਤੀ ਗਈ ਇਹ ਮੁਹਿੰਮ 22 ਜਨਵਰੀ ਤੱਕ ਜਾਰੀ ਰਹੇਗੀ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਮੱਧ ਦਿੱਲੀ ਦੇ ਕਰੋਲ ਬਾਗ ਸਥਿਤ ਗੁਰੂ ਰਵਿਦਾਸ ਮੰਦਿਰ ਵਿੱਚ ‘ਸਵੱਛ ਤੀਰਥ’ ਮੁਹਿੰਮ ਵਿੱਚ ਹਿੱਸਾ ਲਿਆ। ਉਨ੍ਹਾਂ ਸੰਤ ਗੁਰੂ ਰਵਿਦਾਸ ਦੀ ਮੂਰਤੀ ’ਤੇ ਫੁੱਲਮਾਲਾਵਾਂ ਚੜ੍ਹਾਈਆਂ ਅਤੇ ਅੱਧੇ ਘੰਟੇ ਤੱਕ ਮੰਦਿਰ ਵਿੱਚ ਸੇਵਾ ਕੀਤੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਰਮਵਾਰ ਅਯੁੱਧਿਆ, ਗਾਂਧੀਨਗਰ, ਜੈਪੁਰ ਅਤੇ ਉਜੈਨ ਵਿੱਚ ਸਫ਼ਾਈ ਮੁਹਿੰਮ ’ਚ ਹਿੱਸਾ ਲਿਆ। ਕੇਂਦਰੀ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਉੜੀਸਾ ਦੇ ਬਾਲੇਸ਼ਵਰ ਮੰਦਿਰ ਵਿੱਚ ਸਫ਼ਾਈ ਕੀਤੀ। ਇਸੇ ਤਰ੍ਹਾਂ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਮੀਨਾਕਸ਼ੀ ਲੇਖੀ ਨੇ ਮੰਦਿਰਾਂ ਦੀ ਸਾਫ਼-ਸਫ਼ਾਈ ਸਬੰਧੀ ਮੁਹਿੰਮ ’ਚ ਹਿੱਸਾ ਲਿਆ। ਨੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ’ਤੇ ਭਾਜਪਾ ਨੇ ਮਾਘੀ ਦੀ ਸੰਗਰਾਂਦ ਤੋਂ ਸ਼ੁਰੂ ਹੋ ਕੇ 22 ਜਨਵਰੀ ਤੱਕ ਦੇਸ਼ ਭਰ ਦੇ ਮੰਦਿਰਾਂ ਵਿੱਚ ਸਫ਼ਾਈ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਪਾਰਟੀ ਨੇਤਾ ਅਤੇ ਵਰਕਰ ਇਸ ਮੁਹਿੰਮ ਵਿੱਚ ਹਿੱਸਾ ਲੈਣਗੇ।’ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਨਾਟ ਪਲੇਸ ਨੇੜੇ ਪੁਰਾਣੇ ਹਨੂੰਮਾਨ ਮੰਦਿਰ ਵਿੱਚ ਸੇਵਾ ਕਰਨ ਸਬੰਧੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੈਬਨਿਟ ਮੰਤਰੀਆਂ ਨਾਲ ‘ਸਵੱਛ ਤੀਰਥ’ ਮੁਹਿੰਮ ਵਿੱਚ ਹਿੱਸਾ ਲਿਆ। ਉਨ੍ਹਾਂ ਐਕਸ ’ਤੇ ਪੋਸਟ ਵਿੱਚ ਲਿਖਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਅੱਜ ਸ੍ਰੀ ਅਯੁੱਧਿਆ ਧਾਮ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਕੂੜਾ ਪ੍ਰਬੰਧਨ ਅਤੇ ਸਫ਼ਾਈ ਸਬੰਧੀ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਅਸੀਂ ਅਯੁੱਧਿਆ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਸਰਗਰਮ ਹਾਂ।’’ ਇਸੇ ਮੁਹਿੰਮ ਤਹਿਤ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਲਖਨਊ ਦੇ ਨਿਰਾਲਾ ਨਗਰ ਵਿੱਚ ਬਾਲਕੇਸ਼ਵਰ ਹਨੂੰਮਾਨ ਮੰਦਿਰ ਵਿੱਚ ਸਫ਼ਾਈ ਮੁਹਿੰਮ ’ਚ ਹਿੱਸਾ ਲਿਆ। ਮੌਰਿਆ ਨੇ ਫਰਸ਼ ’ਤੇ ਝਾੜੂ ਲਾਇਆ ਅਤੇ ਕੂੜਾ ਕੂੜੇਦਾਨ ਵਿੱਚ ਪਾਇਆ। ਇਸੇ ਤਰ੍ਹਾਂ ਉੱਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਲਖਨਊ ਦੇ ਦਕਸ਼ਿਨਮੁਖੀ ਹਨੂੰਮਾਨ ਮੰਦਿਰ ਵਿੱਚ ਸਫ਼ਾਈ ਕੀਤੀ। ਤ੍ਰਿਪੁਰਾ ਦੇ ਮੁੱਖ ਮੰਤਰੀ ਮਨਿਕ ਸਾਹਾ ਨੇ ਅਗਰਤਲਾ ਦੇ ਜਗਨਨਾਥ ਮੰਦਿਰ ਵਿੱਚ ਸਾਫ਼-ਸਫ਼ਾਈ ਕੀਤੀ। -ਪੀਟੀਆਈ