ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਧਾਇਕਾਂ ਨੂੰ ਚੌਕਸ ਕਰਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਿੱਠ ’ਤੇ ਡਟ ਕੇ ਖੜ੍ਹਨ ਦਾ ਸੁਨੇਹਾ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਅੱਜ ਸੱਦੀ ਗਈ ਮੀਟਿੰਗ ਵਿਚ ਸਾਰੇ ਵਿਧਾਇਕਾਂ ਨੇ ਇਕਜੁੱਟਤਾ ਜ਼ਾਹਿਰ ਕੀਤੀ। ਮੀਟਿੰਗ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਔਖ ਦੀ ਇਸ ਘੜੀ ਵਿਚ ਸਾਰੇ ਵਿਧਾਇਕ ਇਕਜੁੱਟ ਰਹਿਣ। ਉਨ੍ਹਾਂ ਵਿਧਾਇਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ‘ਫੁੱਟ ਪਾਊ ਤਾਕਤਾਂ’ ਦੇ ਲਾਲਚਾਂ ਅਤੇ ਧਮਕੀਆਂ ਤੋਂ ਸਾਵਧਾਨ ਰਿਹਾ ਜਾਵੇ ਅਤੇ ‘ਤਾਨਾਸ਼ਾਹੀ’ ’ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਮਾਤ ਦਿੱਤੀ ਜਾਵੇ।ਚੇਤੇ ਰਹੇ ਕਿ ਸਿਆਸੀ ਗਲਿਆਰਿਆਂ ’ਚ ਇਹ ਅਫ਼ਵਾਹ ਚੱਲ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਘਟਨਾਕ੍ਰਮ ਮਗਰੋਂ ਭਾਜਪਾ ਹੋਰ ਸੂਬਿਆਂ ਵਿਚ ਵੀ ਚਾਲਾਂ ਚੱਲ ਸਕਦੀ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਮੀਟਿੰਗ ਵਿਚ ਕਿਹਾ ਕਿ ਸਾਰਿਆਂ ਨੇ ਇਕੱਠੇ ਖੜ੍ਹੇ ਹੋ ਕੇ ਗਲਤ ਮਨਸੂਬੇ ਘੜਨ ਵਾਲੀ ਪਾਰਟੀ ਦਾ ਵਹਿਮ ਕੱਢਣਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਉਹ ‘ਆਪ’ ਨੂੰ ਬਿਖ਼ੇਰ ਦੇਣਗੇ। ‘ਉਨ੍ਹਾਂ ਨੂੰ ਦੱਸਣਾ ਕਿ ਅਸੀਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਾਂ।’ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ’ਚ ਇੱਕ ਸੁਨੇਹਾ ਜਾਣਾ ਚਾਹੀਦਾ ਹੈ ਕਿ ਉਹ ਇਕਜੁੱਟ ਹੋ ਕੇ ਕੇਜਰੀਵਾਲ ਨਾਲ ਡਟ ਕੇ ਖੜ੍ਹੇ ਹਨ। ਇਸ ਪ੍ਰੀਖਿਆ ਦੀ ਘੜੀ ਵਿਚ ਪਾਰਟੀ ਅੰਦਰ ਕਿਸੇ ਧੜੇਬੰਦੀ ਦਾ ਸੰਕੇਤ ਨਹੀਂ ਜਾਣਾ ਚਾਹੀਦਾ ਹੈ। ਸਾਰੇ ਵਿਧਾਇਕ ਇੱਕੋ ਧਾਗੇ ਵਿਚ ਨਜ਼ਰ ਆਏ। ਭਗਵੰਤ ਮਾਨ ਦੀ ਰਿਹਾਇਸ਼ ’ਤੇ ਦੁਪਹਿਰ ਸਮੇਂ ਸਾਰੇ ਵਿਧਾਇਕ ਪੁੱਜੇ ਜਿਨ੍ਹਾਂ ਨੂੰ ਮੁੱਖ ਮੰਤਰੀ ਤਰਫੋਂ ਦੁਪਹਿਰ ਦਾ ਖਾਣਾ ਵੀ ਦਿੱਤਾ ਗਿਆ। ਇਸ ਦੌਰਾਨ ਕਰੀਬ ਇੱਕ ਘੰਟੇ ਤੱਕ ਮੀਟਿੰਗ ਚੱਲੀ। ਮੀਟਿੰਗ ਵਿੱਚੋਂ ਕੁੰਵਰ ਵਿਜੈ ਪ੍ਰਤਾਪ, ਡਾਕਟਰ ਵਿਜੈ ਸਿੰਗਲਾ ਅਤੇ ਹਰਮੀਤ ਸਿੰਘ ਪਠਾਨਮਾਜਰਾ ਗੈਰਹਾਜ਼ਰ ਰਹੇ ਜਿਨ੍ਹਾਂ ਨੇ ਆਪਣੇ ਨਿੱਜੀ ਰੁਝੇਵਿਆਂ ਦਾ ਹਵਾਲਾ ਦਿੱਤਾ। ਡਾ. ਰਾਜ ਕੁਮਾਰ ਚੱਬੇਵਾਲ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਪਾਰਟੀ ’ਚ ਸ਼ਾਮਲ ਹੋਏ ਹਨ, ਵੀ ਮੀਟਿੰਗ ਵਿੱਚ ਮੌਜੂਦ ਸਨ। ਦਿਲਚਸਪ ਗੱਲ ਇਹ ਰਹੀ ਕਿ ਮੁੱਖ ਮੰਤਰੀ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਵੀ ਬੈਠੇ ਹੋਏ ਸਨ। ਸਿਆਸੀ ਹਲਕਿਆਂ ਵਿਚ ਮੁੱਖ ਮੰਤਰੀ ਦੀ ਇਸ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਹੀ ‘ਆਪ’ ਦਾ ਸਭ ਤੋਂ ਵੱਡਾ ਚਿਹਰਾ ਹਨ। ‘ਇੰਡੀਆ ਬਲਾਕ’ ਵੱਲੋਂ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਰੋਸ ਰੈਲੀ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਦਾ ਏਜੰਡਾ ਵੀ ਮੀਟਿੰਗ ਵਿਚ ਵਿਚਾਰਿਆ ਗਿਆ। ਪੰਜਾਬ ’ਚੋਂ ਕਰੀਬ 25 ਹਜ਼ਾਰ ਲੋਕਾਂ ਨੂੰ ਰੈਲੀ ’ਚ ਲਿਜਾਣ ਵਾਸਤੇ ਤਿਆਰੀ ਕਰਨ ਲਈ ਕਿਹਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਸ਼ੁਰੂ ਹੋਈ ਪ੍ਰਚਾਰ ਮੁਹਿੰਮ ਵੀ ਜਾਰੀ ਰੱਖੀ ਜਾਵੇ ਅਤੇ ਉਹ ਅਗਲੇ ਮਹੀਨੇ ਤੋਂ ਖੁਦ ਹਰ ਹਲਕੇ ਦਾ ਦੌਰਾ ਕਰਨਗੇ ਅਤੇ ਰੋਡ ਸ਼ੋਅ ਵੀ ਕਰਨਗੇ।ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ।