ਅਨੰਦ ਕਾਰਜ ਮੌਕੇ ਲਾੜਾ-ਲਾੜੀ ਦੇ ਪਹਿਰਾਵੇ ਬਾਰੇ ਜਾਰੀ ਹੋਇਆ ਹੁਕਨਾਮਾ

ਅਨੰਦ ਕਾਰਜ ਮੌਕੇ ਲਾੜਾ-ਲਾੜੀ ਦੇ ਪਹਿਰਾਵੇ ਬਾਰੇ ਜਾਰੀ ਹੋਇਆ ਹੁਕਨਾਮਾ

-ਅਰਜਨ ਰਿਆੜ (ਮੁੱਖ ਸੰਪਾਦਕ)
ਅੱਜ ਦਾ ਦੌਰ ਬਹੁਤ ਹੀ ਤੇਜ਼ੀ ਵਾਲਾ ਹੈ ਅਤੇ ਹਰ ਕੋਈ ਇਕ ਦੂਜੇ ਤੋਂ ਅੱਗੇ ਲੰਘਣ ਵਿਚ ਰੁੱਝਿਆ ਹੋਇਆ ਹੈ। ਫੈਸ਼ਨ ਦੇ ਖੇਤਰ ਵਿਚ ਤਾਂ ਅੱਤ ਹੀ ਹੋਈ ਪਈ ਹੈ ਅਤੇ ਹਰ ਕੋਈ ਆਪਣੀ ਅਮੀਰੀ ਦਿਖਾਉਣ ਲਈ ਆਪਣੇ ਪਹਿਰਾਵੇ ਉੱਤੇ ਵੱਧ ਤੋਂ ਵੱਧ ਪੈਸੇ ਖਰਚ ਕਰਦਾ ਹੈ। ਇਹ ਸਭ ਕੁਝ ਜਾਇਜ਼ ਹੈ ਜੇਕਰ ਇਹ ਵਰਤਾਰਾ ਸਮਾਜ ਤੱਕ ਸੀਮਤ ਰਹੇ ਪਰ ਜੇਕਰ ਇਹ ਸਭ ਕੁਝ ਤੁਸੀਂ ਆਪਣੇ ਗੁਰੂ ਅੱਗੇ ਕਰੋਗੇ ਤਾਂ ਉਹ ਸਹੀ ਨਹੀਂ ਹੋਵੇਗਾ। ਹਾਲ ਹੀ ਵਿਚ ਸਾਹਮਣੇ ਸ੍ਰੀ ਨਾਂਦੇੜ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਇਕ ਹੁਕਮਨਾਮਾ ਜਾਰੀ ਕੀਤਾ ਹੈ ਜਿਸ ਦੀ ਦੁਨੀਆਂਭਰ ਵਿਚ ਵਸਦੇ ਸਿੱਖ ਪੰਥ ਵਿਚ ਖੂਬ ਚਰਚਾ ਹੈ। ਇਸ ਹੁਕਮਨਾਮੇ ਵਿਚ ਕਿਹਾ ਗਿਆ ਹੈ ਕਿ ਵਿਆਹ ਜਾਂ ਆਨੰਦ ਕਾਰਜ ਦੇ ਸੱਦਾ ਪੱਤਰ ’ਤੇ ਬੱਚਾ ਬੱਚੀ ਦੇ ਨਾਂਅ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ, ਜਦੋਂ ਬੱਚੀ ਲਾਵਾਂ ਫ਼ੇਰੇ ਲੈਣ ਲਈ ਗੁਰਦੁਆਰਾ ਸਾਹਿਬ ਹਾਜ਼ਰ ਹੁੰਦੀ ਹੈ, ਉਸ ਵੇਲੇ ਲੜਕੀ ਦੇ ਰਿਸ਼ਤੇਦਾਰ ਲੜਕੀ ਦੇ ਸਿਰ ’ਤੇ ਚੁੰਨੀ ਤਾਣ ਕੇ ਜਾਂ ਫੁੱਲਾਂ ਦਾ ਛਤਰ ਬਣਾ ਕੇ ਚੰਦੋਏ ਵਾਂਗ ਲੈ ਕੇ ਆ ਰਹੇ ਹਨ, ਲਾਵਾਂ ਫੇਰੇ ਮੌਕੇ ਬੱਚੀ ਦੇ ਕੱਪੜੇ ਵੱਡੇ-ਵੱਡੇ ਘੱਗਰੇ ਹੁੰਦੇ ਹਨ ਜਿਸ ਕਰਕੇ ਮੱਥਾ ਟੇਕਣਾ ਔਖਾ ਹੁੰਦਾ ਹੈ। ਇਸ ਵਿਚਾਰ ਚਰਚਾ ਪਿੱਛੋਂ ਸਿੰਘ ਸਾਹਿਬਾਨ ਨੇ ਤਿੰਨ ਗੁਰਮਤੇ ਪਾਸ ਕੀਤੇ ਜਿਸ ਵਿਚ ਸਿੱਖ ਪੰਥ ਨੂੰ ਹੁਕਮ ਕੀਤਾ ਗਿਆ ਕਿ ਸੱਦਾ ਪੱਤਰ ਤੇ ਲਿਫ਼ਾਫੇ ਅੰਦਰ ਅਤੇ ਬਾਹਰ ਬੱਚਾ-ਬੱਚੀ ਦੇ ਨਾਂਅ ਦੇ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ, ਜਦੋਂ ਬੱਚੀ ਲਾਵਾਂ ਫ਼ੇਰੇ ਲੈਣ ਲਈ ਆਉਂਦੀ ਹੈ ਤੇ ਸਿਰ ਉੱਤੇ ਚੁੰਨੀ ਦਾ ਛਤਰ ਨਾ ਕੀਤਾ ਜਾਵੇ, ਲਾਵਾਂ ਵੇਲੇ ਬੱਚੀ ਦੀ ਪੌਸ਼ਾਕ ਸਿੱਖ ਰਹੁ ਰੀਤਾਂ ਅਨੁਸਾਰ ਸਲਵਾਰ ਕਮੀਜ ਅਤੇ ਚੁੰਨੀ ਹੋਣੀ ਚਾਹੀਦੀ ਹੈ।
ਇਸ ਮਗਰੋਂ ਕਿਹਾ ਗਿਆ ਇਸ ਗੁਰਮਤੇ ਉੱਤੇ ਹਰੇਕ ਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਤੇ ਜੋ ਇਸ ਦੇ ਉਲਟ ਜਾਵੇਗਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਹੁਕਮਨਾਮੇ ਦੇ ਤੁਰੰਤ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾ ਨੇ ਵੀ ਮੀਡੀਆ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਇਸ ਗੁਰਮਤੇ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਹੀ ਆਖਿਆ ਗਿਆ ਹੈ। ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਕੋਈ ਵੀ ਹੁਕਮਨਾਮਾ ਜਾਰੀ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਵਿਅਕਤੀਗਤ ਤੌਰ ਉੱਤੇ ਇਹ ਹੱਕ ਹੈ।
ਉਨ੍ਹਾਂ ਅੱਗੇ ਕਿਹਾ, ‘‘ਪਿਛਲੇ ਦਿਨੀਂ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਇਕੱਤਰ ਹੋ ਕੇ ਗੁਰਮਤਾ ਕੀਤਾ। ਇਸੇ ਤਹਿਤ ਉਨ੍ਹਾਂ ਨੇ ਸਿੱਖ ਰਹੁ-ਰੀਤਾਂ ਤਹਿਤ ਹੁੰਦੇ ਵਿਆਹ ਬਾਰੇ ਕੁਝ ਸੁਝਾਅ ਦਿੱਤੇ ਹਨ। ਇਹ ਸੁਝਾਅ ਕੋਈ ਨਵੇਂ ਨਹੀਂ ਸਗੋਂ ਪੁਰਾਣੇ ਹੀ ਹਨ। ਉਹਨਾਂ ਕਿਹਾ ਕਿ ਕਈ ਵਾਰ ਦੇਖਦੇ ਹਾਂ ਕਿ ਆਨੰਦ ਕਾਰਜ ਵੇਲੇ ਲਿਬਾਸ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਕਈ ਵਾਰ 2-3 ਮੁੰਡੇ ਤੇ 2-3 ਬੀਬੀਆਂ ਦੁਆਲੇ ਹੁੰਦੀਆਂ ਹਨ ਉਸ ਨੂੰ ਉਠਾਉਣ ਬਿਠਾਉਣ ਲਈ। ਉਨ੍ਹਾਂ ਨੇ ਗੁਰਮਤਾ ਕੀਤਾ ਕਿ ਸਾਦੀ ਸਲਵਾਰ-ਕਮੀਜ਼ ਪਹਿਨੀ ਜਾਵੇ। ਮੈਂ ਸਮਝਦਾ ਹਾਂ ਕਿ ਇਹੀ ਸਾਡੀ ਪੁਰਾਣੀ ਮਰਿਆਦਾ ਵੀ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਜ਼ੂਰ ਸਾਹਿਬ ਤੋਂ ਸੋਧਿਆ ਗਿਆ ਗੁਰਮਤਾ ਸਮੇਂ ਦੇ ਅਨੁਕੂਲ ਹੀ ਹੈ।
ਦੁਨੀਆਂਭਰ ਵਿਚ ਵਸਦੇ ਸਿੱਖ ਸਮਾਜ ਵਿਚ ਵੀ ਸਿੰਘ ਸਾਹਿਬਾਨ ਵਲੋਂ ਜਾਰੀ ਕੀਤੇ ਗਏ ਇਸ ਹੁਕਮਨਾਮੇ ਸਬੰਧੀ ਸਤਿਕਾਰ ਦੇਖਿਆ ਗਿਆ ਹੈ। ਅਸਲ ਵਿਚ ਸੁਧਾਰ ਹਰ ਕੋਈ ਚਾਹੁੰਦਾ ਹੁੰਦਾ ਹੈ ਪਰ ਅੱਗੇ ਆਉਣ ਲਈ ਕੋਈ ਤਿਆਰ ਨਹੀਂ ਹੰੁਦਾ। ਹੁਣ ਸਿੰਘ ਸਾਹਿਬਾਨ ਨੇ ਪਹਿਲ ਕਰ ਕੇ ਸਿੱਖੀ ਰਹੁ ਰੀਤਾਂ ਨੂੰ ਕਾਇਮ ਰੱਖਣ ਲਈ ਜੋ ਹੁਕਮਨਾਮਾ ਜਾਰੀ ਕੀਤਾ ਹੈ ਉਹ ਸਰਬਪ੍ਰਵਾਨਿਤ ਹੈ ਅਤੇ ਇਸ ਉੱਤੇ ਕੋਈ ਵਿਵਾਦ ਨਹੀਂ ਹੋਇਆ ਪਰ ਦੇਖਣਾ ਇਹ ਹੈ ਕਿ ਸਿੱਖ ਪੰਥ ਇਸ ਨੂੰ ਕਿੰਨਾ ਕੁ ਲਾਗੂ ਕਰਦਾ ਹੈ? 
ਅੱਜ ਹਰ ਇਕ ਅਮੀਰ ਹੋ ਰਿਹਾ ਹੈ ਅਤੇ ਜਦੋਂ ਪੈਸਾ ਆਉਂਦਾ ਹੈ ਤਾਂ ਉਹ ਉਸਦਾ ਪ੍ਰਗਟਾਵਾ ਵੀ ਕਰਨਾ ਚਾਹੁੰਦਾ ਹੈ। ਇਸ ਲਈ ਜਦੋਂ ਕਿਸੇ ਦੀ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਮਾਂ ਬਾਪ ਉਸ ਲਈ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਬੱਚੀ ਦੀ ਝੋਲੀ ਵਿਚ ਪਾਉਣਾ ਚਾਹੁੰਦੇ ਹੁੰਦੇ ਹਨ। ਇਸ ਲਈ ਵਿਆਹ ਵਾਲੇ ਦਿਨ ਦਾ ਪਹਿਰਾਵਾ ਕਈ ਕਈ ਲੱਖ ਰੁਪਏ ਦਾ ਤਿਆਰ ਕਰਵਾਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਕਿਹੜਾ ਦਿਨ ਵਾਰ ਵਾਰ ਆਉਣਾ ਹੈ। ਸੋ ਲਾੜੀ ਦੇ ਅਨੰਦ ਕਾਰਜ ਵੇਲੇ ਪਹਿਨੇ ਜਾਣ ਵਾਲੇ ਪਹਿਰਾਵੇ ਉੱਤੇ ਲੱਗੀ ਰੋਕ ਨੂੰ ਲਾਗੂ ਕਰਨਾ ਜ਼ਿਆਦਾ ਮੁਸ਼ਕਿਲ ਹੋਵੇਗਾ ਪਰ ਚੰਗਾ ਹੋਵੇਗਾ ਜੇਕਰ ਸਿੰਘ ਸਾਹਿਬਾਨ ਹੁਕਮ ਕਰਨ ਤੱਕ ਹੀ ਲਾਗੂ ਨਾ ਰਹਿਣ ਸਗੋਂ ਉਹ ਸਿੱਖ ਪੰਥ ਦੀ ਇਸ ਮਰਿਆਦਾ ਦਾ ਪ੍ਰਚਾਰ ਹੀ ਏਨਾ ਕੁ ਕਰ ਦੇਣ ਕਿ ਪੰਥ ਆਪਣੇ ਆਪ ਹੀ ਇਸ ਨੂੰ ਆਪਣੇ ਆਪ ਉੱਤੇ ਲਾਗੂ ਕਰ ਲਵੇ। ਆਮੀਨ!