ਪਿੱਕਅੱਪ ਨੇ ਆਟੋ ਅਤੇ ਸਾਈਕਲ ਨੂੰ ਮਾਰੀ ਟੱਕਰ; ਔਰਤ ਸਣੇ ਤਿੰਨ ਹਲਾਕ

ਪਿੱਕਅੱਪ ਨੇ ਆਟੋ ਅਤੇ ਸਾਈਕਲ ਨੂੰ ਮਾਰੀ ਟੱਕਰ; ਔਰਤ ਸਣੇ ਤਿੰਨ ਹਲਾਕ

ਸਮਾਲਸਰ- ਮੋਗਾ ਤੋਂ ਕੋਟਕਪੂਰਾ ਜਾ ਰਹੇ ਮਹਿੰਦਰਾ ਪਿੱਕਅੱਪ ਟਰੱਕ ਨੇ ਅੱਜ ਇੱਥੇ ਪੰਜ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿਚੋਂ ਇੱਕ ਔਰਤ ਸਣੇੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਲਿਜਾਇਆ ਗਿਆ ਹੈ।ਜਾਣਕਾਰੀ ਅਨੁਸਾਰ ਮੋਗਾ-ਕੋਟਕਪੂਰਾ ਹਾਈਵੇਅ ’ਤੇ ਸਮਾਲਸਰ ਦੇ ਮੇਨ ਬਾਜ਼ਾਰ ’ਚ ਇੱਕ ਮਹਿੰਦਰਾ ਪਿੱਕਅੱਪ ਟਰੱਕ ਪੀਬੀ-31 ਪੀ-3608 ਜੋ ਕਿ ਮੋਗਾ ਤੋਂ ਕੋਟਕਪੂਰਾ ਜਾ ਰਿਹਾ ਸੀ ਨੇ ਓਵਰਟੇਕ ਕਰਦੇ ਸਮੇਂ ਸਾਹਮਣੇ ਜਾ ਰਹੇ ਸਾਈਕਲ ਸਵਾਰ ਚੇਤੰਨ ਸਿੰਘ ਚੰਨਾ (55) ਪੁੱਤਰ ਮੁਖਤਿਆਰ ਸਿੰਘ ਵਾਸੀ ਸਮਾਲਸਰ ਨੂੰ ਕੁਚਲਣ ਮਗਰੋਂ ਅੱਗੇ ਇੱਕ ਆਟੋਰਿਕਸ਼ਾ ਵਿੱਚ ਘਰ ਦਾ ਸੌਦਾ ਲੈ ਕੇ ਜਾ ਰਹੇ ਸਾਬਕਾ ਥਾਣੇਦਾਰ ਨਾਹਰ ਸਿੰਘ ਤੇ ਉਸ ਦੀ ਪਤਨੀ ਜਸਪਾਲ ਕੌਰ ਅਤੇ ਆਟੋ ਚਾਲਕ ਸੁਰਜੀਤ ਸਿੰਘ ਪੁੱਤਰ ਹਜ਼ੂਰਾ ਸਿੰਘ ਨੂੰ ਟੱਕਰ ਮਾਰ ਦਿੱਤੀ। ਲੋਕਾਂ ਨੇ ਦੱਸਿਆ ਕਿ ਘਟਨਾ ’ਚ ਜਸਪਾਲ ਕੌਰ ਦਾ ਧੜ ਸਿਰ ਨਾਲੋਂ ਵੱਖ ਹੋ ਗਿਆ। ਨਾਹਰ ਸਿੰਘ, ਸੁਰਜੀਤ ਸਿੰਘ, ਚੇਤੰਨ ਸਿੰਘ ਨੂੰ 108 ਐਂਬੂਲੈਂਸ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਸੁਰਜੀਤ ਸਿੰਘ ਅਤੇ ਚੇਤੰਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਨਾਹਰ ਸਿੰਘ ਨੂੰ ਆਈਯੂਸੀ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ। ਜਦਕਿ ਇਥੇ ਕੁਲਫੀਆਂ ਦੀ ਰੇਹੜੀ ਲਾਉਂਦੇ ਗੋਪਾਲ ਸਿੰਘ ਪੁੱਤਰ ਰਾਧਾ ਕ੍ਰਿਸ਼ਨ ਨੂੰ ਕਾਫੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਦੱਸਿਆ ਕਿ ਨਾਹਰ ਸਿੰਘ ਤੇ ਉਸ ਦੀ ਪਤਨੀ ਜਸਪਾਲ ਕੌਰ ਨਾਲ ਸੌਦਾ ਖਰੀਦਣ ਮਗਰੋਂ ਹਾਲੇ ਆਟੋ ਵਿੱਚ ਬੈਠ ਹੀ ਰਹੇ ਸਨ ਕਿ ਘਟਨਾ ਵਾਪਰ ਗਈ। ਸੂਚਨਾ ਮਿਲਣ ’ਤੇ ਸਮਾਲਸਰ ਪੁਲੀਸ ਦੇ ਥਾਣਾ ਮੁਖੀ ਦਿਲਬਾਗ ਸਿੰਘ ਬਰਾੜ ਮੁਲਾਜ਼ਮਾਂ ਸਣੇ ਮੌਕੇ ’ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਬਰਾੜ ਨੇ ਦੱਸਿਆ ਕਿ ਨਾਹਰ ਸਿੰਘ ਦੇ ਭਰਾ ਗੁਰਮੇਲ ਸਿੰਘ ਦੇ ਬਿਆਨਾਂ ’ਤੇ ਵਿਕਰਮ ਸਿੰਘ ਉਰਫ਼ ਬਾਬਾ ਵਾਸੀ ਅਬੋਹਰ ਖ਼ਿਲਾਫ਼ ਕੇਸ ਦਰਜ ਕਰ ਕੇ ਕੇਸ ਦਰਜ ਕੀਤਾ ਜਾ ਰਿਹਾ ਹੈ।