ਮਾਮਲਾ ਅਕਾਲੀ ਆਗੂਆਂ ਵਲੋਂ ਮਜ਼ਦੂਰਾਂ ਦੀ ਕੱੁਟ ਮਾਰ ਦਾ : ਅਜੇ ਵੀ ਨਹੀਂ ਬਦਲੇ ਸੁਖਬੀਰ ਬਾਦਲ

ਮਾਮਲਾ ਅਕਾਲੀ ਆਗੂਆਂ ਵਲੋਂ ਮਜ਼ਦੂਰਾਂ ਦੀ ਕੱੁਟ ਮਾਰ ਦਾ : ਅਜੇ ਵੀ ਨਹੀਂ ਬਦਲੇ ਸੁਖਬੀਰ ਬਾਦਲ

_ਅਰਜਨ ਰਿਆੜ (ਮੁੱਖ ਸੰਪਾਦਕ)

ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੜਾਈ ਲੜੀ। ਇਸ ਦੇ ਜਿੰਨੇ ਵੀ ਪ੍ਰਧਾਨ ਹੋਏ ਹਨ ਸਭ ਨੇ ਆਪਣੇ ਜਥੇਦਾਰਾਂ ਦੀਆਂ ਕੌੜੀਆਂ ਗੱਲਾਂ ਵੀ ਸੁਣੀਆਂ ਅਤੇ ਉਹਨਾਂ ਉੱਤੇ ਕੰਮ ਕਰ ਕੇ ਪਾਰਟੀ ਨੂੰ ਅੱਗੇ ਵਧਾਇਆ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਹੈ ਉਦੋਂ ਤੋਂ ਹੀ ਅਕਾਲੀ ਦਲ ਨਾਲ ਜੁੜੇ ਲੋਕਾਂ ਦੀ ਵੀ ਸੋਚ ਬਦਲ ਗਈ ਹੈ। ਹੱਥੋਪਾਈ ਤਾਂ ਇਹਨਾਂ ਲਈ ਆਮ ਜਿਹੀ ਗੱਲ ਬਣ ਗਈ ਹੈ। ਸਿਰਫ ਵਰਕਰ ਹੀ ਨਹੀਂ ਆਗੂ ਵੀ ਹੱਥੋਪਾਈ ਕਰਨ ਲੱਗੇ ਕੋਈ ਸੰਕੋਚ ਨਹੀਂ ਕਰਦੇ। ਪਾਠਕਾਂ ਨੂੰ ਯਾਦ ਹੋਵੇਗਾ ਕਿ ਸਿੱਖਿਆ ਮੰਤਰੀ ਹੁੰਦੇ ਹੋਏ ਸਿਕੰਦਰ ਸਿੰਘ ਮਲੂਕਾ ਵਲੋਂ ਅਧਿਆਪਕਾਂ ਦਾ ਕੁਟਾਪਾ ਆਪਣੇ ਕਰ ਕਮਲਾਂ ਨਾਲ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਜਦੋਂ 2012 ਦੀ ਦੁਬਾਰਾ ਚੋਣ ਜਿੱਤੀ ਤਾਂ ਐਲਾਨ ਕੀਤਾ ਕਿ ਉਹ 25 ਸਾਲ ਲਗਾਤਾਰ ਰਾਜ ਕਰਨਗੇ। ਉਹਨਾਂ ਨੂੰ ਏਨਾ ਵੱਡਾ ਭੁਲੇਖਾ ਪੈ ਗਿਆ ਕਿ ਉਹਨਾਂ ਦੇ ਖਿਲਾਫ਼ ਹੁਣ ਕੋਈ ਪਾਰਟੀ ਵੀ ਟਿਕ ਨਹੀਂ ਸਕੇਗੀ। ਉਹਨਾਂ ਨੇ ਮਨਮਰਜ਼ੀ ਦੇ ਫੈਸਲੇ ਲੈਣੇ ਸ਼ੁਰੂ ਕੀਤੇ ਅਤੇ ਕਈ ਫੈਸਲੇ ਸਿੱਖ ਧਰਮ ਦਾ ਨੁਕਸਾਨ ਕਰ ਗਏ। ਜਿਹਨਾਂ ਵਿਚ ਬੇਅਦਬੀ ਕਾਂਡ ਨੂੰ ਗੰਭੀਰਤਾ ਨਾਲ ਨਾ ਲੈਣਾ, ਸੱਚੇ ਸੌਦੇ ਨੂੰ ਬਿਨਾਂ ਮੰਗੇ ਹੀ ਮੁਆਫੀ ਦੇ ਕੇ ਅਕਾਲ ਤਖਤ ਸਾਹਿਬ ਦਾ ਸਿਧਾਂਤ ਭੰਗ ਕਰਨਾ ਆਦਿ ਨੇ ਅਕਾਲੀ ਦਲ ਨੂੰ ਅੰਦਰੋਂ ਖੋਰਾ ਲਗਾ ਦਿੱਤਾ। ਇਸ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜੋ ਹਾਲਾਤ ਬਣੇ ਉਹ ਸਭ ਨੂੰ ਪਤਾ ਹੈ। ਸੌ ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾਬ ਵਿਚ ਇਸ ਵੇਲੇ ਸਿਰਫ ਵਿਧਾਨ ਸਭਾ ਦੀਆਂ ਦੋ ਸੀਟਾਂ ਹੀ ਹਨ। ਜਦੋਂ ਗੇਮ ਖਰਾਬ ਹੋਣ ਲੱਗੇ ਤਾਂ ਸੁਭਾਅ ਬਦਲ ਲੈਣਾ ਚਾਹੀਦਾ ਹੈ ਪਰ ਅਕਾਲੀ ਦਲ ਵਾਲੇ ਉਸੇ ਲੈਅ ਉੱਤੇ ਹੀ ਚੱਲੇ ਹੋਏ ਹਨ। ਅੱਜ ਵੀ ਸੁਖਬੀਰ ਸਿੰਘ ਬਾਦਲ ਜਿੱਥੇ ਵੀ ਜਾਂਦੇ ਹਨ ਉਹਨਾਂ ਦੀ ਸਕਿਉਰਿਟੀ ਉਹਨਾਂ ਦੇ ਮੱੁਖ ਮੰਤਰੀ ਹੋਣ ਦੇ ਸਮੇਂ ਵਾਂਗ ਹੀ ਵਰਕਰਾਂ ਦੀ ਲਾਹ ਪਾਹ ਕਰਦੀ ਨਜ਼ਰ ਆਉਂਦੀ ਹੈ। ਤਾਜ਼ਾ ਉਦਾਹਰਣ ਵਜੋਂ ਜੇਕਰ ਅਖਬਾਰਾਂ ਦੀਆਂ ਖਬਰਾਂ ਵੱਲ ਧਿਆਨੀ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੀ ਫੇਰੀ ਦੌਰਾਨ ਵੱਡਾ ਵਿਵਾਦ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਫਰੀਦਕੋਟ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਸਨ, ਜਿੱਥੇ ਨੌਜਵਾਨ ਭਾਰਤ ਦੇ ਆਗੂ ਨੌਨਿਹਾਲ ਸਿੰਘ ਅਤੇ ਨਗਿੰਦਰ ਸਿੰਘ ਵੀ ਆਪਣੇ ਕੇਸ ਦੀ ਤਾਰੀਖ ਭੁਗਤਣ ਲਈ ਆਏ ਸਨ।
ਸੁਖਬੀਰ ਬਾਦਲ ਦੀ ਆਮਦ ਨੂੰ ਦੇਖਦਿਆਂ ਡੀ.ਐੱਸ.ਪੀ. ਆਸਵੰਤ ਸਿੰਘ ਨੇ ਬਿਨਾਂ ਕੋਈ ਕਾਰਨ ਦੱਸਿਆ ਕਿ ਨੌਨਿਹਾਲ ਸਿੰਘ ਅਤੇ ਨਗਿੰਦਰ ਸਿੰਘ ਨੂੰ ਅਦਾਲਤ ਸਾਹਮਣਿਓਂ ਚੁੱਕ ਲਿਆ ਅਤੇ ਸਿਟੀ ਥਾਣਾ ਫਰੀਦਕੋਟ ਵਿੱਚ ਲੈ ਗਏ। ਇਸ ਦੇ ਰੋਸ ਵਜੋਂ ਪਿੰਡ ਦੀਪ ਸਿੰਘ ਵਾਲਾ ਗਏ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਮੰਗਾ ਸਿੰਘ, ਮੰਗਲ ਸਿੰਘ ਤੇ ਕੁਝ ਹੋਰ ਨੌਜਵਾਨਾਂ ਨੇ ਨਾਅਰੇਬਾਜੀ ਕੀਤੀ। ਮੌਕੇ ’ਤੇ ਮੌਜੂਦ ਗੁੱਸੇ ’ਚ ਆਏ ਅਕਾਲੀ ਆਗੂਆਂ ਨੇ ਨੌਜਵਾਨ ਮਜ਼ਦੂਰ ਆਗੂਆਂ ਨੂੰ ਭਜਾ-ਭਜਾ ਕੇ ਕੁੱਟਿਆ। ਇਸ ਮੌਕੇ ਪੁਲੀਸ ਫੋਰਸ ਵੀ ਮੌਕੇ ’ਤੇ ਮੌਜੂਦ ਸੀ ਪਰ ਪੁਲੀਸ ਨੇ ਇਨ੍ਹਾਂ ਮਜ਼ਦੂਰ ਆਗੂਆਂ ਨੂੰ ਨਹੀਂ ਛੁਡਵਾਇਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਅਕਾਲੀਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਹੈ। ਡਾਕਟਰਾਂ ਨੇ ਦੋਹਾਂ ਨੌਜਵਾਨਾਂ ਦੇ ਕੁੱਟਮਾਰ ਦੌਰਾਨ ਸੱਟਾਂ ਵੱਜਣ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੇ ਕਾਫ਼ਲੇ ਅੱਗੇ ਕੁਝ ਮਜ਼ਦੂਰ ਆਗੂ ਆ ਗਏ ਸਨ, ਜਿਸ ਕਰਕੇ ਕੁਝ ਅਕਾਲੀ ਆਗੂਆਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਪਰੰਤੂ ਪੁਲੀਸ ਨੇ ਸਾਰੀ ਸਥਿਤੀ ਨੂੰ ਸਾਂਭ ਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਕੋਈ ਖਾਸ ਸੱਟਾਂ ਨਹੀਂ ਵੱਜੀਆਂ।
ਇਹ ਲੋਕਤੰਤਰ ਦੇਸ਼ ਹੀ ਇੱਥੇ ਹਰ ਕਿਸੇ ਨੂੰ ਵਿਰੋਧ ਕਰਨ ਦਾ ਹੱਕ ਹੈ ਪਰ ਵਿਰੋਧ ਕਰਨ ਵਾਲਿਆਂ ਨੂੰ ਕੁੱਟਣਾ ਬਿਲਕੁਲ ਵੀ ਸਹੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਕਿ ਉਹ ਵਿਰੋਧ ਕਰਨ ਵਾਲਿਆਂ ਨੂੰ ਗੱਲਬਾਤ ਕਰ ਕੇ ਉਹਨਾਂ ਨੂੰ ਸ਼ਾਂਤ ਕਰਦੇ ਅਤੇ ਉਹਨਾਂ ਦੀਆਂ ਮੰਗਾਂ ਧਿਆਨ ਨਾਲ ਸੁਣਦੇ ਪਰ ਜੇਕਰ ਉਹਨਾਂ ਦਾ ਕੁਟਾਪਾ ਚਾੜ੍ਹਿਆ ਗਿਆ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ। ਸੋ ਸੁਖਬੀਰ ਸਿੰਘ ਬਾਦਲ ਅਜੇ ਵੀ ਨਹੀਂ ਬਦਲੇ ਅਤੇ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਉਹਨਾਂ ਲਈ ਬਿਹਤਰ ਨਹੀਂ ਹੋ ਸਕੇਗਾ। ਆਮੀਨ!