ਬਹੁਤ ਦੇਰ ਕਰ ਦੀ, ਹਜ਼ੂਰ ਆਤ ਆਤੇ.....ਮਾਮਲਾ ਸੁਖਬੀਰ ਬਾਦਲ ਦੀ ਮੁਆਫ਼ੀ ਦਾ

ਬਹੁਤ ਦੇਰ ਕਰ ਦੀ, ਹਜ਼ੂਰ ਆਤ ਆਤੇ.....ਮਾਮਲਾ ਸੁਖਬੀਰ ਬਾਦਲ ਦੀ ਮੁਆਫ਼ੀ ਦਾ

-ਅਰਜਨ ਰਿਆੜ (ਮੁੱਖ ਸੰਪਾਦਕ)
ਪੰਜਾਬੀ ਦੀ ਇਕ ਕਹਾਵਤ ਹੈ ‘ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ’, ਇਸ ਦਾ ਮਤਲਬ ਹੈ ਜਿਹੜਾ ਵੇਲੇ ਨਾਲ ਕਰ ਲਿਆ ਉਹ ਕੰਮ ਹੈ ਤੇ ਜਿਹੜਾ ਕੁਵੇਲੇ ਕੀਤਾ ਉਹ ਟੱਕਰਾਂ ਹੁੰਦੀਆਂ ਨੇ। ਆਪਣੀ ਸੱਤਾ ਦੇ ਨਸ਼ੇ ’ਚ ਚੂਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਵੇਲੇ ਜੋ ਮਨ ਆਈਆਂ ਕੀਤੀਆਂ, ਉਹਨਾਂ ਨੇ ਉਸ ਨੂੰ ਅਮੀਰ ਤੋਂ ਵੀ ਅਮੀਰ ਤਾਂ ਭਾਵੇਂ ਬਣਾ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬੀਆਂ ਨੂੰ ਕਿਸੇ ਵੇਲੇ ਆਪਣੀ ਮਾਂ ਪਾਰਟੀ ਲੱਗਦੀ ਸੀ ਪਰ ਹੁਣ ਹਰ ਕੋਈ ਇਸ ਪਾਰਟੀ ਤੋਂ ਕੰਨੀ ਕਤਰਾਉਣ ਲੱਗਾ ਹੈ। ਇਸ ਸਭ ਕਾਸੇ ਦਾ ਜੇਕਰ ਕਹਿ ਲਈ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਹੈ ਤਾਂ ਕੋਈ ਅਤਿਕਥਨੀਂ ਨਹੀਂ ਹੋਵੇਗੀ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ ਹੈ। ਜੇਕਰ ਅਕਾਲੀ ਦਲ ਦਾ ਇਤਿਹਾਸ ਫਰੋਲੀਏ ਤਾਂ ਕਦੇ ਵੀ ਏਨਾ ਮਾੜਾ ਸਮਾਂ ਨਹੀਂ ਰਿਹਾ ਜਿੰਨਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਚੱਲ ਰਿਹਾ ਹੈ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਸਦੀ ਸਿਆਸੀ ਧਰਾਤਲ ਦਿਨੋਂ ਦਿਨ ਖੁਰ ਰਹੀ ਹੈ ਤਾਂ ਬੀਤੇ ਦਿਨੀਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਉਸ ਵਲੋਂ ਸਿੱਖ ਪੰਥ ਤੋਂ ਗੋਲ ਮੋਲ ਢੰਗ ਨਾਲ ਮੁਆਫੀ ਮੰਗੀ ਗਈ। ਉਸ ਵਲੋਂ ਕਿਹਾ ਗਿਆ ਕਿ ਉਹ ਉਸ ਵੇਲੇ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕਾਰਵਾਈ ਨਹੀਂ ਕਰ ਸਕੇ ਜਿਸ ਲਈ ਉਹ ਮੁਆਫੀ ਮੰਗਦੇ ਹਨ। ਇਸ ਖਬਰ ਦੀ ਪੂਰੀ ਚਰਚਾ ਹੈ। ਇਸ ਵਿਸ਼ੇ ਉੱਤੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਉੱਤੇ ਨਜ਼ਰ ਮਾਰਦੇ ਹਾਂ।
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਰਿਹਾ ਹੈ। ਸਿੱਖ ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੜਾਈ ਇਸ ਸਿਆਸੀ ਪਾਰਟੀ ਨੇ ਬਹੁਤ ਹੀ ਦਿ੍ਰੜਤਾ ਨਾਲ ਲੜੀ ਹੈ। ਇਸਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ 15 ਵਾਰ ਜੇਲ੍ਹ ਗਏ, ਉਹਨਾਂ ਜੇਲ ਵਿਚ ਜਿੱਥੇ ਪੱਗ ਬੰਨ੍ਹਣ ਦੇ ਹੱਕ ਲਈ ਸੰਘਰਸ਼ ਲੜਿਆ ਉੱਥੇ ਉਹਨਾਂ ਗਾਧੀ ਟੋਪੀ ਦੀ ਮੰਗ ਵੀ ਨਾਲ ਹੀ ਰੱਖੀ। ਇਸ ਤੋਂ ਇਹ ਸੰਦੇਸ਼ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖਾਂ ਦੀ ਹੈ ਪਰ ਇਹਦੀ ਸੋਚ ਮਾਨਵੀ ਹੱਕਾਂ ਦੇ ਹੱਕ ਵਿਚ ਹੈ। ਧਰਨਿਆਂ, ਮੁਜ਼ਾਹਰਿਆਂ ਸੰਘਰਸ਼ਾਂ ਵਿਚੋਂ ਨਿਕਲਦਾ ਅਕਾਲੀ ਦਲ, ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿਚ ਆ ਗਿਆ। ਉਸ ਵਲੋਂ ਭਾਵੇਂ ਆਪਣਾ ਸਰੂਪ ਤਾਂ ਇਕ ਸਿੱਖ ਵਾਲਾ ਹੀ ਰੱਖਿਆ ਗਿਆ ਪਰ ਉਸਦੀ ਸਿਆਸਤ ਸਿੱਖੀ ਤੋਂ ਥਿੜਕਣ ਲੱਗੀ। ਉਸਨੂੰ ਇਹ ਸਮਝ ਆ ਗਈ ਕਿ ਇਕੱਲੇ ਸਿੱਖਾਂ ਦੇ ਸਿਰ ’ਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਿਆ ਜਾ ਸਕਦਾ। ਆਪਣੀ ਸਿਆਸਤ ਦੇ ਸਿਰ ’ਤੇ ਉਹ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਅਤੇ 2007 ਤੋਂ 2017 ਤੱਕ ਪੰਜਾਬ ਦਾ ਮੁੱਖ ਮੰਤਰੀ ਬਣਿਆ। ਉਹ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਰਿਹਾ। 1995 ਤੋਂ 2008 ਤੱਕ ਪ੍ਰਧਾਨ ਵਜੋਂ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਕੀਤੀ। ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 2002 ’ਚ ਕਾਂਗਰਸ ਦੀ ਸਰਕਾਰ ਬਣੀ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਿਓ ਪੁੱਤ ਨੂੰ ਅੰਦਰ ਕਰਨ ਦਾ ਇਕ ਨੁਕਾਤੀ ਪੋ੍ਰਗਰਾਮ ਲਾਗੂ ਕਰੀ ਰੱਖਿਆ ਜਿਸ ਕਾਰਨ ਪੰਜਾਬ ਵਿਚ ਕੋਈ ਵੀ ਵਿਕਾਸ ਨਾ ਹੋ ਸਕਿਆ ਅਤੇ ਪੰਜਾਬ ਦੇ ਲੋਕਾਂ ਨੇ ਇਕ ਵਾਰ ਫਿਰ 2007 ਵਿਚ ਵਾਗਡੋਰ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਦੇ ਹੱਥ ਵਿਚ ਫੜਾ ਦਿੱਤੀ। ਇੱਥੋਂ ਹੀ ਅਕਾਲੀ ਦਲ ਥਿੜਕਣਾ ਸ਼ੁਰੂ ਹੋਇਆ। 2008 ਵਿਚ ਅਕਾਲੀ ਦਲ ਦੇ ਵੱਡੇ ਪੰਥਕ ਆਗੂਆਂ ਨੂੰ ਦਰ ਕਿਨਾਰ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਦਿੱਤਾ ਗਿਆ ਅਤੇ 2009 ਵਿਚ ਉਸ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਜਕਾਲ ਵਿਚ ਕੁਝ ਚੰਗੇ ਕੰਮ ਕੀਤੇ ਜਿਸ ਕਾਰਨ 2012 ਪੰਜਾਬ ਦੇ ਲੋਕਾਂ ਨੇ ਇਕ ਵਾਰ ਫਿਰ ਅਕਾਲੀ ਦਲ ਨੂੰ ਜਿਤਾ ਦਿੱਤਾ ਤੇ ਸੁਖਬੀਰ ਬਾਦਲ ਨੂੰ ਇਹ ਲੱਗਣ ਲੱਗਾ ਕਿ ਹੁਣ ਉਸਦਾ ਰਾਜ 25 ਸਾਲ ਤੱਕ ਰਹੇਗਾ। ਉਸ ਵਲੋਂ ਮਨ ਆਈਆਂ ਕੀਤੀਆਂ ਜਾਣ ਲੱਗੀਆਂ, ਬਿਜ਼ਨਸਾਂ ਅਤੇ ਮੀਡੀਆ ਅਦਾਰਿਆਂ ਉੱਤੇ ਕਬਜ਼ੇ ਕਰਨਾ ਉਸਦਾ ਕਿਸਬ ਬਣ ਗਿਆ। ਇਸਦੇ ਨਾਲ ਹੀ ਉਸਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੋਚ ਵੀ ਬਦਲਣੀ ਸ਼ੁਰੂ ਕਰ ਦਿੱਤੀ। ਉਸਦੀ ਸੋਚ ਸੀ ਕਿ ਹੁਣ ਨੌਜਵਾਨ ਵਰਗ ਹੀ ਅਕਾਲੀ ਦਲ ਨੂੰ ਚਲਾ ਸਕਦਾ ਹੈ। ਉਸਨੇ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਵਣ ਸਿੰਘ ਫਿਲੌਰ, ਕੁਲਦੀਪ ਸਿੰਘ ਵਡਾਲਾ, ਜਥੇਦਾਰ ਸੁਖਦੇਵ ਸਿੰਘ ਢੀਂਡਸਾ ਵਰਗੇ ਵੱਡੇ ਆਗੂ ਪਾਰਟੀ ਤੋਂ ਕਿਨਾਰਾ ਕਰ ਗਏ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਸਿੱਖੀ ਨਾਲੋਂ ਨਿਖੇੜਨਾ ਸ਼ੁਰੂ ਕੀਤਾ ਅਤੇ ਪ੍ਰਧਾਨਗੀਆਂ ਗੈਰ ਸਿੱਖਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ। ਭਾਵੇਂ ਕਿ ਉਸਨੂੰ ਇਸ ਸਬੰਧੀ ਸਲਾਹਾਂ ਵੀ ਮਿਲ ਰਹੀਆਂ ਸਨ ਇਹ ਗਲਤ ਹੈ ਪਰ ਉਸ ਕੋਲ ਸ਼ਕਤੀ ਹੀ ਏਨੀ ਆ ਗਈ ਸੀ ਕਿ ਉਹ ‘ਅੰਨ੍ਹਾ ਤੇ ਬੋਲਾ’ ਹੋ ਗਿਆ। ਉਸ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਤੇ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। 
1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋ ਗਈ। 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਫ਼ਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਖਿਲਰੇ ਹੋਏ ਮਿਲੇ। ਇਸ ਸਬੰਧੀ ਡੇਰਾ ਪ੍ਰੇਮੀਆਂ ਨੇ ਪਹਿਲਾਂ ਪੋਸਟਰ ਲਗਾ ਕੇ ਚਿਤਾਵਨੀ ਦਿੱਤੀ ਸੀ ਕਿ ਸਿੱਖੋ ਤੁਸੀਂ ਸਾਡੇ ਗੁਰੂ ਦੀ ਬੇਅਦਬੀ ਕੀਤੀ ਹੈ ਅਸੀਂ ਤੁਹਾਡੇ ਦੀ ਕਰਾਂਗੇ। ਪਰ ਇਸ ਸਬੰਧੀ ਅਕਾਲੀ-ਭਾਜਪਾ ਸਰਕਾਰ ਨੇ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਸੀ, ਜਿਸ ਕਾਰਨ ਇਹ ਭਾਣਾ ਵਾਪਰ ਗਿਆ। 14 ਅਕਤੂਬਰ 2015 ਨੂੰ ਬੇਅਦਬੀ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਕੋਟਕਪੂਰਾ ’ਚ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ। ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ’ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕਿ੍ਰਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਇਹ ਘਟਨਾਵਾਂ ਸਿੱਖ ਹਿਰਦੇ ਚੀਰ ਗਈਆਂ ਪਰ ਸੁਖਬੀਰ ਸਿੰਘ ਬਾਦਲ ਦਾ ਰਵੱਈਆ ਸਿੱਖਾਂ ਦੇ ਖਿਲਾਫ ਹੀ ਰਿਹਾ। ਉਹ ਏਨਾ ਕੁ ਆਕੀ ਹੋ ਗਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਕਾਰਨ ਸਿੱਖ ਕੌਮ ਦੀਆਂ ਨਜ਼ਰਾਂ ’ਚ ਨਫ਼ਰਤ ਦਾ ਪਾਤਰੇ ਬਣੇ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮੁਆਫੀ ਦੁਆ ਕੇ ਅਕਾਲ ਤਖਤ ਸਾਹਿਬ ਦਾ ਸਿਧਾਂਤ ਤੋੜਨ ਤੋਂ ਵੀ ਨਾ ਥਿੜਕਿਆ। ਕਿਉਂਕਿ ਅਕਾਲ ਤਖਤ ਸਾਹਿਬ ਦਾ ਸਿਧਾਂਤ ਪੇਸ਼ ਹੋ ਕੇ ਮੁਆਫੀ ਮੰਗਣ ਦਾ ਹੈ। ਇਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਅਤੇ ਸਿੱਖ ਭਾਈਚਾਰੇ ਦਾ ਧਿਆਨ ਨਵੀਂ ਉੱਠ ਰਹੀ ਆਮ ਆਦਮੀ ਪਾਰਟੀ ਵੱਲ ਨੂੰ ਹੋ ਗਿਆ।
ਮੁੱਢਲੀ ਵਿੱਦਿਆ ਪੰਜਾਬ ਤੋਂ ਬਾਹਰ ਹਿਮਾਚਲ ਦੇ ਸੋਨਾਵਰ ਸਕੂਲ ਤੇ ਉੱਚ ਵਿੱਦਿਆ ਦੇਸ਼ ਤੋਂ ਬਾਹਰ ਅਮਰੀਕਾ ’ਚ ਹੋਣ ਕਾਰਨ ਉਸਨੂੰ ਪੰਜਾਬ ਅਤੇ ਸਿੱਖ ਸਿਆਸਤ ਬਾਰੇ ਕੋਈ ਬਹੁਤਾ ਗੂੜ੍ਹ ਗਿਆਨ ਨਹੀਂ ਸੀ, ਸੋ ਉਸਦੀਆਂ ਗਲਤੀਆਂ ਦਾ ਨਤੀਜਾ ਇਹ ਹੋਇਆ 2017 ਦੀ ਪੰਜਾਬ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਬਾਦਲ ਦੀ ਇਤਿਹਾਸਕ ਹਾਰ ਹੋਈ ਤੇ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਬਾਦਲ ਵਿਰੋਧੀ ਧਿਰ ਦਾ ਰੁਤਬਾ ਵੀ ਗੁਆ ਬੈਠਾ। ਉਸ ਤੋਂ ਅਗਲੀਆਂ 2022 ਦੀਆਂ ਚੋਣਾਂ ਵਿਚ ਤਾਂ ਅਕਾਲੀ ਦਲ ਦਾ ਸਫਾਇਆ ਹੀ ਹੋ ਗਿਆ, ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਸਿਰਫ 3 ਸੀਟਾਂ ਹੀ ਮਿਲੀਆਂ। ਪੰਥ ਵਿਚ ਇਹ ਗੱਲ ਚੱਲਣ ਲੱਗੀ ਕਿ ਜਿੰਨੀ ਦੇਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਓਨੀ ਦੇਰ ਅਕਾਲੀ ਦਲ ਹੁਣ ਜਿੱਤ ਨਹੀਂ ਸਕਦਾ।   
ਸਾਰੇ ਹੀ ਸਿੱਖ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਇਹ ਰੋਸ ਸੀ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਉਹ ਰਾਜ ਭਾਗ ਭੋਗ ਰਿਹਾ ਹੈ ਉਸ ਦੀ ਬੇਅਦਬੀ ਦਾ ਉਸਨੂੰ ਦੁੱਖ ਕਿਉਂ ਨਹੀਂ ਲੱਗਾ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਨੂੰ ਅਕਾਲੀ ਤਖਤ ਸਾਹਿਬ ਤੋਂ ਮੁਆਫੀ ਕਿਉਂ ਦੁਆਈ ਗਈ? ਸੁਖਬੀਰ ਬਾਦਲ ਨੂੰ ਭਾਵੇਂ ਉਸ ਵਕਤ ਵੀ ਪਤਾ ਸੀ ਕਿ ਉਹ ਗਲਤ ਕਰ ਰਿਹਾ ਹੈ ਪਰ ਸੱਤਾ ਦੇ ਨਸ਼ੇ ਵਿਚ ਉਹ ਅੰਨਾ ਅਤੇ ਬੋਲਾ ਹੋ ਚੱੁਕਾ ਸੀ। ਹੁਣ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਵਿਚ ਪੰਥ ਵਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਗੋਡਣੀਆਂ ਲੁਆਈਆਂ ਗਈਆਂ ਅਤੇ ਅੱਗੇ ਵੀ ਸਮਾਂ ਕਾਲਾ ਦਿਖਾਈ ਦਿੰਦਾ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਦੇ ਅੱਖਾਂ ਤੇ ਕੰਨ ਖੁੱਲ੍ਹ ਗਏ ਹਨ। ਪਰ ਭਾਵੇਂ ਉਸ ਨੇ ਪੰਥ ਤੋਂ ਮੁਆਫੀ ਮੰਗੀ ਗਈ ਹੈ ਪਰ ਇਸ ਮੁਆਫੀ ਦਾ ਬਹੁਤਾ ਫਾਇਦਾ ਨਹੀਂ ਹੋਵੇਗਾ। ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੱੁਟੇ ਸੀ ਉਹ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਵਿਚ ਜਾ ਕੇ ਸੈੱਟ ਹੋ ਚੱੁਕੇ ਹਨ, ਉਹ ਵਾਪਸ ਨਹੀਂ ਮੁੜਨਗੇ। ਹਾਂ ਇਸ ਮੁਆਫੀ ਨਾਲ ਕੁਝ ਘਰ ਬੈਠੇ ਅਕਾਲੀ ਕੰਮ ਕਰਨ ਜ਼ਰੂਰ ਨਿਕਲ ਪੈਣਗੇ। ਸੁਖਬੀਰ ਬਾਦਲ ਦੀ ਮੁਆਫੀ ਪ੍ਰਤੀ ਹਾਲ ਦੀ ਘੜੀ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ, ‘ਬਹੁਤ ਦੇਰ ਕਰ ਦੀ, ਹਜ਼ੂਰ ਆਤੇ ਆਤੇ’। ਆਮੀਨ!