ਨਿਆਂਪਾਲਿਕਾ ’ਤੇ ਦਬਾਅ ਪਾਉਣ ਤੇ ਅਦਾਲਤਾਂ ਨੂੰ ਬਦਨਾਮ ਕਰਨ ਵਾਲਿਆਂ ਤੋਂ ਸੁਚੇਤ ਰਹੇ ਸੁਪਰੀਮ ਕੋਰਟ

ਨਿਆਂਪਾਲਿਕਾ ’ਤੇ ਦਬਾਅ ਪਾਉਣ ਤੇ ਅਦਾਲਤਾਂ ਨੂੰ ਬਦਨਾਮ ਕਰਨ ਵਾਲਿਆਂ ਤੋਂ ਸੁਚੇਤ ਰਹੇ ਸੁਪਰੀਮ ਕੋਰਟ

ਨਵੀਂ ਦਿੱਲੀ- ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਦੇ ਚੇਅਰਪਰਸਨ ਮਨਨ ਕੁਮਾਰ ਮਿਸ਼ਰਾ ਸਮੇਤ ਦੇਸ਼ ਭਰ ’ਚੋਂ 600 ਤੋਂ ਵੱਧ ਵਕੀਲਾਂ ਨੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ‘ਸੌੜੇ ਹਿੱਤ ਰੱਖਣ ਵਾਲਾ ਇਕ ਸਮੂਹ’ ਦੇਸ਼ ਦੀ ਨਿਆਂਪਾਲਿਕਾ ’ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਸਮੂਹ ਵੱਲੋਂ ਖਾਸ ਕਰਕੇ ਸਿਆਸਤਦਾਨਾਂ ਦੀ ਸ਼ਮੂਲੀਅਤ ਵਾਲੇ ਭ੍ਰਿਸ਼ਟਾਚਾਰ ਨਾਲ ਜੁੜੇ ਕੇਸਾਂ ਵਿਚ ਅਦਾਲਤਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਪੱਤਰ, ਜਿਸ ਉੱਤੇ 26 ਮਾਰਚ ਦੀ ਤਰੀਕ ਪਈ ਹੈ ਅਤੇ ਜਿਸ ’ਤੇ ਦੇਸ਼ ਭਰ ਦੇ ਵਕੀਲਾਂ ਦੇ ਨਾਮ ਹਨ, ਵਿਚ ਕਿਹਾ ਗਿਆ ਕਿ ‘ਅਜਿਹੀਆਂ ਜੁਗਤਾਂ ਸਾਡੀਆਂ ਅਦਾਲਤਾਂ ਨੂੰ ਢਾਹ ਲਾ ਰਹੀਆਂ ਹਨ ਤੇ ਸਾਡੇ ਜਮਹੂਰੀ ਤਾਣੇ-ਬਾਣੇ ਲਈ ਵੰਗਾਰ ਹਨ।’’ ਵਕੀਲਾਂ ਨੇ ਕਿਹਾ ਕਿ ‘ਅਜਿਹੀ ਮੁਸ਼ਕਲ ਘੜੀ’ ਵਿਚ ਸੀਜੇਆਈ ਚੰਦਰਚੂੜ ਦੀ ਅਗਵਾਈ ਬਹੁਤ ਅਹਿਮ ਹੈ ਤੇ ਸਰਬਉੱਚ ਅਦਾਲਤ ਨੂੰ ਮਜ਼ਬੂਤੀ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗੌਰਵਮਈ ਢੰਗ ਨਾਲ ਚੁੱਪੀ ਵੱਟਣ ਦਾ ਸਮਾਂ ਨਹੀਂ ਹੈ।ਅਧਿਕਾਰਤ ਸੂਤਰਾਂ ਵੱਲੋਂ ਸਾਂਝੇ ਕੀਤੇ ਪੱਤਰ ਵਿਚ ਵਕੀਲਾਂ ਦੇ ਇਕ ਵਰਗ ਨੂੰ ਉਨ੍ਹਾਂ ਦਾ ਨਾਮ ਲਏ ਬਿਨਾਂ ਨਿਸ਼ਾਨਾ ਬਣਾਇਆ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਅਜਿਹੇ ਵਕੀਲ ਦਿਨ ਵਿਚ ਸਿਆਸਤਦਾਨਾਂ ਦੀ ਵਕਾਲਤ ਕਰਦੇ ਹਨ ਤੇ ਰਾਤ ਨੂੰ ਮੀਡੀਆ ਜ਼ਰੀਏ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੌੜੇੇ ਹਿੱਤ ਰੱਖਣ ਵਾਲਾ ਇਹ ਸਮੂਹ ਇੱਕ ਬਿਹਤਰ ਅਤੀਤ ਅਤੇ ਸੁਨਹਿਰੀ ਦੌਰ ਦੇ ਝੂਠੇ ਬਿਰਤਾਂਤ ਸਿਰਜਦਾ ਹੈ ਤੇ ਇਸ ਦੀ ਵਰਤਮਾਨ ਦੀਆਂ ਘਟਨਾਵਾਂ ਨਾਲ ਤੁਲਨਾ ਕਰਦਾ ਹੈ। ਪੱਤਰ ਵਿਚ ਦਾਅਵਾ ਕੀਤਾ ਗਿਆ ਕਿ ਅਜਿਹੇ ਸਮੂਹ ਦੀਆਂ ਟਿੱਪਣੀਆਂ ਕੋਰਟਾਂ ਨੂੰ ਪ੍ਰਭਾਵਿਤ ਕਰਨ ਤੇ ਸਿਆਸੀ ਫਾਇਦੇ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵੱਲ ਸੇਧਤ ਹਨ। ‘‘ਜੁਡੀਸ਼ਰੀ ਅੰਡਰ ਥਰੈੱਟ-ਸੇਫਗਾਰਡਿੰਗ ਜੁਡੀਸ਼ਰੀ ਫਰੌਮ ਪੋਲੀਟਿਕਲ ਐਂਡ ਪ੍ਰੋਫੈਸ਼ਨਲ ਪ੍ਰੈਸ਼ਰ’’ (ਖਤਰੇ ਹੇਠ ਨਿਆਂਪਾਲਿਕਾ- ਸਿਆਸੀ ਤੇ ਪੇਸ਼ੇਵਰ ਦਬਾਅ ਤੋਂ ਨਿਆਂਪਾਲਿਕਾ ਦੀ ਸੁਰੱਖਿਆ) ਸਿਰਲੇਖ ਵਾਲੇ ਪੱਤਰ ’ਤੇ ਸਹੀ ਪਾਉਣ ਵਾਲੇ ਵਕੀਲਾਂ ਵਿਚ ਅਦੀਸ਼ ਅਗਰਵਾਲ, ਚੇਤਨ ਮਿੱਤਲ, ਪਿੰਕੀ ਆਨੰਦ, ਹਿਤੇਸ਼ ਜੈਨ, ਉੱਜਵਲਾ ਪਵਾਰ, ਉਦੈ ਹੌਲਾ ਤੇ ਸਵਰੂਪਮਾ ਚਤੁਰਵੇਦੀ ਆਦਿ ਸ਼ਾਮਲ ਹਨ।