ਟੀਐੱਮਸੀ ਆਗੂਆਂ ਵੱਲੋਂ ਚੋਣ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ

ਟੀਐੱਮਸੀ ਆਗੂਆਂ ਵੱਲੋਂ ਚੋਣ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ

ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਇਥੇ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਧਰਨਾ ਦਿੰਦੇ ਤ੍ਰਿਣਮੂਲ ਕਾਂਗਰਸ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਟੀਐੱਮਸੀ ਆਗੂ ਸੀਬੀਆਈ, ਐੱਨਆਈਏ, ਈਡੀ ਤੇ ਆਮਦਨ ਕਰ ਵਿਭਾਗ ਦੇ ਮੁਖੀਆਂ ਨੂੰ ਬਦਲਣ ਦੀ ਮੰਗ ਕਰ ਰਹੇ ਸਨ। ਤ੍ਰਿਣਮੂਲ ਕਾਂਗਰਸ ਦੇ 10 ਮੈਂਬਰੀ ਵਫ਼ਦ ਨੇ ਆਪਣੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੇ ਮੁਕੰਮਲ ਬੈਂਚ ਨਾਲ ਮੁਲਾਕਾਤ ਮਗਰੋਂ ਹੀ ਧਰਨੇ ਦਾ ਐਲਾਨ ਕੀਤਾ ਸੀ। ਹਿਰਾਸਤ ਵਿਚ ਲਏ ਟੀਐੱਮਸੀ ਆਗੂਆਂ ਵਿਚ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ, ਮੁਹੰਮਦ ਨਦੀਮੁੱਲ ਹੱਕ, ਡੋਲਾ ਸੇਨ, ਸਾਕੇਤ ਗੋਖਲੇ ਤੇ ਸਾਗਰਿਕਾ ਘੋਸ਼, ਵਿਧਾਇਕ ਵਿਵੇਕ ਗੁਪਤਾ, ਸਾਬਕਾ ਸੰਸਦ ਮੈਂਬਰ ਅਰਪਿਤਾ ਘੋਸ਼, ਸ਼ਾਂਤਨੂੰ ਸੈਨ ਤੇ ਅਬੀਰ ਰੰਜਨ ਬਿਸਵਾਸ ਅਤੇ ਪਾਰਟੀ ਦੇ ਵਿਦਿਆਰਥੀ ਵਿੰਗ ਪੱਛਮੀ ਬੰਗਾਲ ਦੇ ਉਪ ਪ੍ਰਧਾਨ ਸੁਦੀਪ ਰਾਹਾ ਸ਼ਾਮਲ ਹਨ। ਪਾਰਟੀ ਇਹ ਦਾਅਵਾ ਕਰਦੀ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਕੇਂਦਰ ਦੀ ਭਾਜਪਾ ਸਰਕਾਰ ਦੇ ਕਹਿਣ ’ਤੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਦੌਰਾਨ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਨੇ ਕੋਲਕਾਤਾ ’ਚ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦਾ ਬੋਸ ਨਾਲ ਮੁਲਾਕਾਤ ਕਰ ਕੇ ਦਿੱਲੀ ਵਿੱਚ ਟੀਐੱਮਸੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਖ਼ਿਲਾਫ਼ ਸ਼ਿਕਾਇਤ ਕੀਤੀ ਹੈ।