ਡਰਬੀ (ਯੂ.ਕੇ) ਕਾਂਡ: ਕਬੱਡੀ ’ਤੇ ਇਕ ਵਾਰ ਫਿਰ ਕਾਲਾ ਪ੍ਰਛਾਵਾਂ ਮੰਡਰਾਇਆ!

ਡਰਬੀ (ਯੂ.ਕੇ) ਕਾਂਡ: ਕਬੱਡੀ ’ਤੇ ਇਕ ਵਾਰ ਫਿਰ ਕਾਲਾ ਪ੍ਰਛਾਵਾਂ ਮੰਡਰਾਇਆ!


-ਅਰਜਨ ਰਿਆੜ (ਮੁੱਖ ਸੰਪਾਦਕ)
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਂਦੀ ਹੈ। ਜੇਕਰ ਕੋਈ ਪੰਜਾਬੀ ਕਬੱਡੀ ਖੇਡਦਾ ਨਹੀਂ ਤਾਂ ਉਹ ਕਬੱਡੀ ਦੇਖਣ ਦਾ ਜ਼ਰੂਰ ਸ਼ੌਕੀਨ ਹੁੰਦਾ ਹੈ। 99 ਫੀਸਦੀ ਪੇਂਡੂ ਪੰਜਾਬੀ ਕਬੱਡੀ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੁੰਦੇ ਹਨ ਉਹ ਖਿਡਾਰੀ, ਕੋਚ, ਪ੍ਰਮੋਟਰ, ਕੁਮੈਂਟੇਟਰ, ਦਰਸ਼ਕ ਕੋਈ ਵੀ ਰੂਪ ਹੋ ਸਕਦਾ ਹੈ। ਹਰ ਖਿੱਤੇ ਦਾ ਇਕ ਆਪਣਾ ਸੱਭਿਆਚਾਰ ਹੁੰਦਾ ਹੈ ਅਤੇ ਪੰਜਾਬ ਖੇਤਰ ਦੇ ਸੱਭਿਆਚਾਰ ਵਿਚ ਕਬੱਡੀ ਮੁੱਖ ਰੂਪ ਵਿਚ ਸ਼ਾਮਿਲ ਹੈ। ਕਬੱਡੀ ਪੰਜਾਬੀਆਂ ਦੀ ਪੁਰਾਤਨ ਰਵਾਇਤੀ ਖੇਡ ਹੈ। ਇਸ ਖੇਡ ਨਾਲ ਮਨੱੁਖ ਦਾ ਹਰ ਪੱਖ ਤੋਂ ਸਰੀਰਕ ਵਿਕਾਸ ਹੁੰਦਾ ਹੈ। ਇਸਨੂੰ ਖੇਡਣ ਵਾਲਾ ਖਿਡਾਰੀ ਚੁਸਤ ਫੁਰਤ ਵੀ ਹੁੰਦਾ ਹੈ, ਤਾਕਤਵਰ ਵੀ ਅਤੇ ਦਾਅਖੋਰਾ ਵੀ। ਭਾਵ ਕਬੱਡੀ ਖੇਡਣ ਵਾਲਾ ਖਿਡਾਰੀ ਇਕ ਤਰ੍ਹਾਂ ਨਾਲ ਆਤਮਰੱਖਿਆ ਦਾ ਗੁਰ ਵੀ ਸਿੱਖ ਲੈਂਦਾ ਹੈ ਅਤੇ ਕਿਤੇ ਹਮਲਾ ਹੋਣ ’ਤੇ ਉਹ ਦੋ ਤਿੰਨ ਹਮਲਾਵਰਾਂ ਤੋਂ ਤਾਂ ਕਾਬੂ ਨਹੀਂ ਆਉਂਦਾ ਤੇ ਜੇਕਰ ਹਮਲਾਵਰਾਂ ਤੋਂ ਨਿਕਲ ਕੇ ਭੱਜ ਜਾਵੇ ਤਾਂ ਹਮਲਾਵਰ ਉਸ ਨਾਲ ਰਲ ਨਹੀਂ ਸਕਣਗੇ। ਕਬੱਡੀ ਖੇਡ ਏਨੀ ਕੁ ਰੌਚਕ ਹੈ ਕਿ ਜਿਹੜਾ ਵੀ ਇਕ ਵਾਰ ਵੇਖ ਲਵੇ ਉਹ ਦੁਬਾਰਾ ਜ਼ਰੂਰ ਦੇਖਣਾ ਚਾਹੁੰਦਾ ਹੈ। ਮਾਂ ਖੇਡ ਕਬੱਡੀ ਦੀ ਚੜ੍ਹਦੀ ਕਲਾ ਲਈ ਸੈਂਕੜੇ ਪ੍ਰਮੋਟਰ ਲੱਗੇ ਹੋਏ ਹਨ ਅਤੇ ਉਹ ਚਾਹੁੰਦੇ ਹਨ ਕਿ ਇਹ ਖੇਡ ਉਲੰਪਿਕ ਤੱਕ ਚਲੀ ਜਾਵੇ। ਪੰਜਾਬ ਸਟਾਈਲ ਕਬੱਡੀ ਦੀ ਰੌਚਕਤਾ ਇਹ ਵੀ ਹੈ ਕਿ ਇਸ ਵਿਚ ’ਕੱਲੇ ਨਾਲ ’ਕੱਲਾ ਟੱਕਰ ਲੈਂਦਾ ਹੈ। ਖਿਡਾਰੀਆਂ ਨਾਲੋਂ ਵੱਧ ਦਰਸ਼ਕ ਜ਼ਿਆਦਾ ਜੋਸ਼ ਵਿਚ ਆ ਜਾਂਦੇ ਹਨ। ਜੇਕਰ ਕਹਿ ਲਿਆ ਜਾਵੇ ਕਿ ਕਬੱਡੀ ਪੰਜਾਬੀਆਂ ਦੇ ਖੂਨ ਵਿਚ ਰਚ ਚੁੱਕੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਪਹਿਲੀਆਂ ਦੇ ਵਿਚ ਪਿੰਡ ਪੱਧਰ ਦੇ ਟੂਰਨਾਮੈਂਟ ਹੁੰਦੇ ਸਨ ਅਤੇ ਨੌਜਵਾਨ ਆਪੋ ਆਪਣੇ ਪਿੰਡਾਂ ਦੀਆਂ ਕਬੱਡੀ ਟੀਮਾਂ ਬਣਾ ਕੇ ਦੂਰ ਦੂਰ ਟੂਰਨਾਮੈਂਟ ਖੇਡਣ ਜਾਂਦੇ, ਦਰਸ਼ਕ ਅਨੰਦ ਮਾਣਦੇ ਅਤੇ ਢੋਲੇ ਦੀਆਂ ਲਾਉਂਦੇ। ਉਹਨਾਂ ਵੇਲਿਆਂ ’ਚ ਕਬੱਡੀ ਵਿਚ ਪੈਸੇ ਨੇ ਅਜੇ ਪ੍ਰਵੇਸ਼ ਨਹੀਂ ਸੀ ਕੀਤਾ। ਖੇਡਣ ਵਾਲਿਆਂ ਨੂੰ ਜੇਤੂ ਸ਼ੀਲ਼ਡਾਂ, ਬਨੈਣਾ, ਕੱਪ, ਪੈੱਨ-ਕਾਪੀਆਂ ਆਦਿ ਇਨਾਮ ਵਜੋਂ ਦਿੱਤੇ ਜਾਂਦੇ ਸਨ ਅਤੇ ਪੈਸਿਆਂ ਦੀ ਕੋਈ ਗੱਲ ਨਹੀਂ ਸੀ ਕਰਦਾ। ਹੌਲ-ਹੌਲੀ ਕਬੱਡੀ ਵਿਚ ਪੈਸੇ ਦੀ ਐਂਟਰੀ ਹੋਈ। ਕਿਹਾ ਜਾਂਦਾ ਹੈ ਕਿ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਸਰਵਣ ਸਿੰਘ ਬੱਲ ਨੇ ਕਬੱਡੀ ਨੂੰ ਵਪਾਰਕ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਕਬੱਡੀ ਵਿਚ ਪੈਸਾ ਆਇਆ ਅਤੇ ਖਿਡਾਰੀਆਂ ਦਾ ਜੀਵਨ ਪੱਧਰ ਉੱਚਾ ਚੱੁਕਿਆ ਜਾਣ ਲੱਗਾ। ਬਹੁਤੇ ਗਰੀਬ ਘਰਾਂ ਦੇ ਖਿਡਾਰੀਆਂ ਨੇ ਜਿੱਥੇ ਘਰਾਂ ਦੀ ਗਰੀਬੀ ਕੱਟੀ ਉੱਥੇ ਉਹਨਾਂ ਵਿਦੇਸ਼ਾਂ ’ਚ ਜਾ ਕੇ ਪੱਕੇ ਰੈਣ ਬਸੇਰੇ ਵੀ ਬਣਾ ਲਏ। ਜ਼ਿਆਦਾਤਰ ਕਬੱਡੀ ਦੇ ਖਿਡਾਰੀ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ ਜਿਸ ਕਾਰਨ ਉਹ ਨੌਕਰੀਆਂ ਨਹੀਂ ਲੈ ਸਕਦੇ ਪਰ ਕਬੱਡੀ ਦੇ ਦਮ ’ਤੇ ਉਹ ਦੁਨੀਆਂ ਦੇ ਚਹੇਤੇ ਖਿਡਾਰੀ ਬਣ ਜਾਂਦੇ ਹਨ ਅਤੇ ਉਹਨਾਂ ਲਈ ਦੁਨੀਆਂ ਦੇ ਰਸਤੇ ਖੁੱਲ੍ਹ ਜਾਂਦੇ ਹਨ, ਮੋਟਰਸਾਈਕਲਾਂ ’ਤੇ ਜਾਣ ਵਾਲੇ ਖਿਡਾਰੀ ਜਹਾਜ਼ਾਂ ਦੀਆਂ ਸੈਰਾਂ ਕਰਨ ਲੱਗ ਜਾਂਦੇ ਹਨ। ਕਬੱਡੀ ਮਾਂ ਖੇਡ ਤੋਂ ਉੱਪਰ ਉੱਠਦੀ ਹੋਈ ਵਪਾਰਕ ਖੇਡ ਬਣ ਗਈ। ਪਿੰਡ ਪੱਧਰ ਤੋਂ ਆਲ ਓਪਨ ਅਤੇ ਬਾਅਦ ਵਿਚ 1998 ਤੋਂ ਕਬੱਡੀ ਦੇ ਸਾਬਕਾ ਖਿਡਾਰੀਅ ਅਤੇ ਪ੍ਰਮੋਟਰ ਸੁਰਜਨ ਸਿੰਘ ਚੱਠਾ ਨੇ ਅਕੈਡਮੀ ਸਿਸਟਮ ਸ਼ੁਰੂ ਕੀਤਾ ਜਿਸ ਨਾਲ ਖਿਡਾਰੀਆਂ ਦੀ ਖਰੀਦੋ ਫਰੋਖਤ ਹੋਣ ਲੱਗੀ। ਦੇਸ਼ ਵਿਦੇਸ਼ ਵਿਚ ਜਿੱਥੇ ਵੀ ਪੰਜਾਬੀ ਵਸਦੇ ਸਨ ਕਬੱਡੀ ਟੂਰਨਾਮੈਂਟ ਕਰਵਾਉਣ ਲੱਗੇ। ਜਿੱਤਣ ਦੀ ਲਾਲਸਾ ਪੂਰੀ ਕਰਨ ਲਈ ਕਬੱਡੀ ਵਿਚ ਸਟੀਰੌਇਡ ਅਤੇ ਨਸ਼ੇ ਦੀ ਐਂਟਰੀ ਹੋ ਗਈ। ਜਿਨ੍ਹਾਂ ਪ੍ਰਮੋਟਰਾਂ ਨੇ ਖਿਡਾਰੀਆਂ ਨੂੰ ਲੱਖਾਂ ਰੁਪਏ ਦਿੱਤੇ ਹੁੰਦੇ ਸਨ ਉਹ ਜਿੱਤਣਾ ਵੀ ਚਾਹੁੰਦੇ ਸਨ ਇਸ ਲਈ ਕਬੱਡੀ ਉੱਪਰ ਨਸ਼ੇ ਦਾ ਪ੍ਰਛਾਵਾਂ ਵੀ ਪੈ ਗਿਆ। ਇਤਿਹਾਸ ਗਵਾਹ ਹੈ ਕਿ ਓਵਰਡੋਜ਼ ਕਾਰਨ ਕਈ ਕੜੀਆਂ ਵਰਗੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਪਏ, ਇੱਥੋਂ ਤੱਕ ਕਿ ਇਕ ਦੋ ਖਿਡਾਰੀ ਗਰਾਊਂਡਾਂ ਵਿਚ ਵੀ ਮਰ ਗਏ ਜਾਂ ਫਿਰ ਉਹ ਸਰੀਰਕ ਤੌਰ ’ਤੇ ਨਕਾਰਾ ਹੋ ਗਏ। ਇਹ ਕਬੱਡੀ ਨੂੰ ਚੁੰਬੜਿਆ ਬਹੁਤ ਖ਼ਤਰਨਾਕ ਰੋਗ ਸੀ ਜੋ ਅਜੇ ਤੱਕ ਚੱਲ ਰਿਹਾ ਹੈ। ਇਹ ਰੋਗ ਅਜੇ ਲੱਥਾ ਨਹੀਂ ਕਿ ਨੌਰਥ ਇੰਡੀਆ ਕਬੱਡੀ ਫੈੱਡਰੇਸ਼ਨ ਪਾਟਣ ਉਪਰੰਤ ਐੱਮ.ਐੱਲ.ਕੇ ਬਣਨ ’ਤੇ ਕਬੱਡੀ ਵਿਚ ਗੈਂਗਸਟਰਾਂ ਦੀ ਵੀ ਐਂਟਰੀ ਹੋ ਗਈ ਜਿਸ ਨੇ ਨਸ਼ੇ ਤੋਂ ਵੀ ਵੱਧ ਕੇ ਕਬੱਡੀ ਦਾ ਨੁਕਸਾਨ ਕੀਤਾ। ਕਬੱਡੀ ਖੇਡ ਤੋਂ ਲੜਾਈਆਂ ਦੀ ਖੇਡ ਵੱਲ ਵਧਣ ਲੱਗੀ। ਇਸ ਦਾ ਸਭ ਤੋਂ ਵੱਡਾ ਨੁਕਸਾਨ ਉਦੋਂ ਸਾਹਮਣੇ ਆਇਆ ਜਦੋਂ ਕੱਬਡੀ ਦੇ ਸੁਪਰ ਸਟਾਰ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਜ਼ਿਲ੍ਹਾ ਜਲੰਧਰ ਦੇ ਇਕ ਪਿੰਡ ਮੱਲ੍ਹੀਆਂ ਖੁਰਦ ਦੇ ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਸੇ ਵੇਲੇ ਟੂਰਨਾਮੈਂਟ ਦੇਖਣ ਲਈ ਦਰਸ਼ਕ ਟਰਾਲੀਆਂ ਭਰ-ਭਰ ਕੇ ਜਾਂਦੇ ਸਨ ਪਰ ਅੱਜ ਦੇਖਿਆ ਜਾਵੇ ਤਾਂ ਟਾਵੇਂ ਟਾਵੇਂ ਟੂਰਨਾਮੈਂਟਾਂ ਦੀ ਜੇ ਗੱਲ ਨਾ ਵੀ ਕਰੀਏ ਤਾਂ ਬਹੁਤਿਆਂ ’ਚ ਦਰਸ਼ਕਾਂ ਦੀ ਘਾਟ ਹੀ ਰਹਿੰਦੀ ਹੈ। ਹਰ ਕੋਈ ਸਹਿਮ ਦੇ ਸਾਏ ਹੇਠ ਹੈ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ ਸਿੱਧੇ ਸ਼ਬਦਾਂ ’ਚ ਕਿ ਕਿਤੇ ਗੋਲੀ ਹੀ ਨਾ ਚੱਲ ਜਾਵੇ।
ਕਾਫੀ ਦੇਰ ਦੇ ਕਲੇਸ਼ ਤੋਂ ਬਾਅਦ ਇੰਗਲੈਂਡ ਵਿਚ ਕਬੱਡੀ ਦੁਬਾਰਾ ਸ਼ੁਰੂ ਹੋਈ ਸੀ ਅਤੇ ਦਰਸ਼ਕਾਂ ਦੇ ਚਿਹਰਿਆਂ ’ਤੇ ਰੌਣਕ ਆਈ ਸੀ ਪਰ ਨਵੀਂ ਖਬਰ ਆ ਗਈ ਕਿ ਡਰਬੀ ਕਬੱਡੀ ਟੂਰਨਾਮੈਂਟ ਉੱਤੇ ਦੋ ਧੜ੍ਹਿਆਂ ਵਿਚ ਲੜਾਈ ਹੋ ਗਈ। ਖਬਰਾਂ ਅਨੁਸਾਰ ਇੰਗਲੈਂਡ ਦੇ ਡਰਬੀ ਸ਼ਹਿਰ ਵਿਚ ਕਬੱਡੀ ਟੂਰਨਾਮੈਂਟ ਦੌਰਾਨ ਦੋ ਧੜ੍ਹਿਆਂ ਦੀ ਲੜਾਈ ਵਿਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਦੀ ਹਾਲਤ ਬਹੁਤ ਗੰਭੀਰ ਹੈ। ਸੂਤਰਾਂ ਮੁਤਾਬਕ ਇਹ ਘਟਨਾ ਦੋ ਧੜ੍ਹਿਆਂ ਦੀ ਲੜਾਈ ਤੋਂ ਬਾਅਦ ਵਾਪਰੀ। ਇਸ ਘਟਨਾ ਦੀਆਂ ਵੀਡੀਉਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਸ਼ਰੇਆਮ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਵੀ ਵਾਰ ਕੀਤੇ ਗਏ। ਇਸ ਮੌਕੇ ਹਫੜਾ-ਦਫੜੀ ਮਚ ਗਈ ਅਤੇ ਲੋਕ ਇੱਧਰ-ਉੱਧਰ ਭੱਜਣ ਲੱਗੇ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਨਾਲ ਕਬੱਡੀ ਜਗਤ ਵਿਚ ਨਮੋਸ਼ੀ ਛਾ ਗਈ ਹੈ। ਹਰ ਪਾਸੇ ਡਰਬੀ ਕਬੱਡੀ ਕੱਪ ਦੀ ਹੀ ਗੱਲ ਹੋ ਰਹੀ ਹੈ। ਹਰ ਕੋਈ ਸੋਚ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਕਬੱਡੀ ਦਾ ਕੀ ਬਣੇਗਾ? ਕਬੱਡੀ ਇਕ ਖੇਡ ਹੈ ਪਰ ਇਹ ਲੜਾਈ ਦਾ ਘਰ ਬਣ ਗਈ ਹੈ। ਕੌਣ ਇਸ ਉੱਤੇ ਬੁਰੀ ਨਜ਼ਰ ਰੱਖ ਰਿਹਾ ਹੈ। ਕੌਣ ਚਾਹੁੰਦਾ ਹੈ ਕਿ ਕਬੱਡੀ ਖਤਮ ਹੋ ਜਾਵੇ, ਕੌਣ ਚਾਹੁੰਦਾ ਹੈ ਕਿ ਗਰੀਬ ਖਿਡਾਰੀਆਂ ਦੀ ਜ਼ਿੰਦਗੀ ਨਾ ਬਣੇ? ਅਸਲ ਵਿਚ ਚੌਧਰਾਂ ਦੀ ਭੱੁਖ ਇਹ ਸਭ ਕੁਝ ਕਰਵਾ ਰਹੀ ਹੈ। ਪ੍ਰਧਾਨਗੀਆਂ ਦੇ ਰੌਲੇ ਖਿਡਾਰੀਆਂ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਵੱਲ ਵਧ ਰਹੇ ਹਨ। ਕਬੱਡੀ ਪੰਜਾਬੀਆਂ ਦੀ ਵਿਰਾਸਤੀ ਖੇਡ ਹੈ ਅਤੇ ਇਸ ਵਿਰਾਸਤੀ ਖੇਡ ਉੱਪਰ ਕਈ ਤਰ੍ਹਾਂ ਦੇ ਕਾਲੇ ਬੱਦਲ ਛਾ ਗਏ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਕਬੱਡੀ ਦੇ ਠੇਕੇਦਾਰਾਂ ਨੂੰ ਸੁਮੱਤ ਬਖਸ਼ੇ ਅਤੇ ਇਸ ਉੱਤੋਂ ਹਰ ਤਰ੍ਹਾਂ ਦਾ ਕਾਲਾ ਪ੍ਰਛਾਵਾਂ ਚੱੁਕਿਆ ਜਾਵੇ, ਪੰਜਾਬੀ ਦਰਸ਼ਕ ਚਾਵਾਂ ਅਤੇ ਉਤਸ਼ਾਹ ਨਾਲ ਕਬੱਡੀ ਗਰਾਊਂਡਾਂ ਵਿਚ ਬਿਨਾਂ ਕਿਸੇ ਡਰ ਭੈਅ ਦੇ ਕਬੱਡੀ ਖੇਡ ਦਾ ਅਨੰਦ ਮਾਣਨ ਆਉਣ, ਰੌਣਕਾਂ ਲਾਉਣ ਅਤੇ ਨਵੇਂ ਖਿਡਾਰੀਆਂ ਦੀ ਜ਼ਿੰਦਗੀ ਬਦਲਣ ਵਿਚ ਆਪਣੇ ਯੋਗਦਾਨ ਨੂੰ ਮਾਣ ਸਮਝਣ। ਆਮੀਨ!