ਏਸ਼ਿਆਈ ਖੇਡਾਂ: ਸਿਫਤ ਦਾ ਸੁਨਹਿਰੀ ਨਿਸ਼ਾਨਾ

ਏਸ਼ਿਆਈ ਖੇਡਾਂ: ਸਿਫਤ ਦਾ ਸੁਨਹਿਰੀ ਨਿਸ਼ਾਨਾ

ਹਾਂਗਜ਼ੂ-ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਸੱਤ ਤਗ਼ਮੇ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਦਬਦਬਾ ਬਣਾਇਆ। ਇਸ ਦੌਰਾਨ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਮਹਿਲਾ 50 ਮੀਟਰ ਰਾਈਫ਼ਲ 3 ਪੋਜ਼ੀਸ਼ਨ ਦੇ ਵਿਅਕਤੀਗਤ ਮੁਕਾਬਲੇ ਵਿੱਚ ਅਤੇ ਮਨੂ ਭਾਕਰ, ਈਸ਼ਾ ਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ। ਉਧਰ ਆਸ਼ੀ ਚੋਕਸੀ, ਮਾਨਨਿੀ ਅਤੇ ਸਿਫਤ ਕੌਰ ਦੀ ਤਿਕੜੀ ਨੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਮਹਿਲਾ 50 ਮੀਟਰ ਰਾਈਫਲ 3 ਪੋਜ਼ੀਸ਼ਨ ਦੇ ਵਿਅਕਤੀਗਤ ਮੁਕਾਬਲੇ ਵਿੱਚ ਹੀ ਆਸ਼ੀ ਚੋਕਸੀ ਨੇ 451.9 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਆਸ਼ੀ ਇੱਕ ਵਾਰ ਚਾਂਦੀ ਦੇ ਤਗਮੇ ਦੀ ਦੌੜ ਵਿੱਚ ਸੀ। ਈਸ਼ਾ ਸਿੰਘ ਨੇ ਮਹਿਲਾ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ 34 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਈਸ਼ਾ ਨੇ ਚਾਂਦੀ ਦੇ ਤਗਮੇ ਦੌਰਾਨ ਆਪਣੀ ਸੀਨੀਅਰ ਸਾਥੀ ਮਨੂ ਭਾਕਰ ਨੂੰ ਵੀ ਪਛਾੜਿਆ ਜੋ ਕੁਆਲੀਫਿਕੇਸ਼ਨ ’ਚ ਸਿਖਰ ’ਤੇ ਰਹਿਣ ਤੋਂ ਬਾਅਦ ਪੰਜਵੇਂ ਸਥਾਨ ’ਤੇ ਰਹੀ। ਸਿਫਤ ਨੇ 469.6 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ।

ਮਹਿਲਾਵਾਂ ਦੇ 50 ਮੀਟਰ ਰਾਈਫਲ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀਆਂ ਸਿਫ਼ਤ ਕੌਰ ਸਮਰਾ, ਮਾਨਨਿੀ ਕੌਸ਼ਿਕ ਤੇ ਆਸ਼ੀ ਚੌਕਸੀ ਆਪਣੇ ਤਗ਼ਮਿਆਂ ਨਾਲ।

ਉਹ ਰਾਈਫਲ 3 ਪੋਜ਼ੀਸ਼ਨ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਵੀ ਬਣੀ। ਨਿਸ਼ਾਨੇਬਾਜ਼ੀ ਦੇ ਦਨਿ ਦੇ ਆਖਰੀ ਫਾਈਨਲ ਵਿੱਚ ਅਨੰਤ ਜੀਤ ਸਿੰਘ ਨਰੂਕਾ ਨੇ ਪੁਰਸ਼ ਸਕੀਟ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਅੰਗਦ ਵੀਰ ਸਿੰਘ ਬਾਜਵਾ ਅਤੇ ਗੁਰਜੋਤ ਖੰਗੂੜਾ ਦੇ ਨਾਲ ਸ਼ਾਟਗਨ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ। ਨਰੂਕਾ, ਬਾਜਵਾ ਅਤੇ ਖੰਗੂੜਾ ਦੀ ਤਿਕੜੀ ਟੀਮ ਮੁਕਾਬਲੇ ਵਿੱਚ 355 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਮੇਜ਼ਬਾਨ ਚੀਨ ਨੇ ਸੋਨ ਤਗਮਾ ਜਿੱਤਿਆ ਜਦਕਿ ਕਤਰ ਨੇ ਚਾਂਦੀ ਦਾ ਤਗਮਾ ਜਿੱਤਿਆ। ਨਰੂਕਾ ਨੇ ਵਿਅਕਤੀਗਤ ਫਾਈਨਲ ਦੇ ਆਖਰੀ ਗੇੜ ਵਿੱਚ 10 ਵਿੱਚੋਂ 10 ਅੰਕ ਲਏ ਪਰ ਫਿਰ ਵੀ ਉਹ 60 ’ਚੋਂ 58 ਅੰਕ ਹੀ ਬਣਾ ਸਕਿਆ। ਕੁਵੈਤ ਦੇ ਅਬਦੁੱਲਾ ਅਲਰਸ਼ਿਦੀ ਨੇ 60 ’ਚੋਂ 60 ਅੰਕਾਂ ਨਾਲ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਸੋਨ ਤਗਮਾ ਜਿੱਤਿਆ। ਕਤਰ ਦੇ ਨਾਸਿਰ ਅਲ-ਅਤੀਆ ਨੇ 46 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ ਭਾਰਤੀ ਮਹਿਲਾ ਟੀਮ ਸਕੀਟ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਹੀ। ਟੀਮ ਮੁਕਾਬਲੇ ਵਿੱਚ ਕਜ਼ਾਖਸਤਾਨ, ਚੀਨ ਅਤੇ ਥਾਈਲੈਂਡ ਸਿਖਰਲੇ ਤਿੰਨ ਸਥਾਨਾਂ ’ਤੇ ਰਹੇ। ਮਹਿਲਾ 3 ਪੋਜ਼ੀਸ਼ਨਾਂ ਵਿੱਚ ਮੇਜ਼ਬਾਨ ਦੇਸ਼ ਚੀਨ ਦੀ ਕਿਓਂਗਯੁਈ ਜ਼ੇਂਗ ਨੇ 462.3 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਸਿਫਤ ਨੇ ਕੁਆਲੀਫਿਕੇਸ਼ਨ ਵਿੱਚ 600 ’ਚੋਂ 594 ਅੰਕਾਂ ਨਾਲ ਚੀਨ ਦੀ ਸ਼ੀਆ ਸੀਯੂ ਨਾਲ ਏਸ਼ਿਆਈ ਖੇਡਾਂ ਦਾ ਰਿਕਾਰਡ ਤੋੜਿਆ। ਹਾਲਾਂਕਿ ਚੀਨੀ ਖਿਡਾਰਨ 10 ਅੰਕਾਂ ਦੇ ਅੰਦਰੂਨੀ ਹਿੱਸੇ ’ਚ ਜ਼ਿਆਦਾ ਨਿਸ਼ਾਨੇ ਲਾ ਕੇ ਸਿਖਰ ’ਤੇ ਰਹੀ। ਆਸ਼ੀ ਨੇ 590 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ। ਮਾਨਨਿੀ 18ਵੇਂ ਸਥਾਨ ’ਤੇ ਰਹੀ। ਉਸ ਨੇ 580 ਅੰਕ ਪ੍ਰਾਪਤ ਕੀਤੇ। ਆਸ਼ੀ, ਮਾਨਨਿੀ ਅਤੇ ਸਿਫਤ ਦੀ ਤਿਕੜੀ ਨੇ ਕੁਆਲੀਫਿਕੇਸ਼ਨ ਵਿੱਚ 1764 ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਮੇਜ਼ਬਾਨ ਚੀਨ ਨੇ ਕੁੱਲ 1773 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ ਜਦਕਿ ਦੱਖਣੀ ਕੋਰੀਆ ਨੇ ਕੁੱਲ 1756 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਲਾਵਾਂ ਦੀ 25 ਮੀਟਰ ਪਿਸਟਲ ਵਿੱਚ ਮਨੂ, ਈਸ਼ਾ ਅਤੇ ਰਿਦਮ ਦੀ ਟੀਮ ਕੁੱਲ 1759 ਅੰਕਾਂ ਨਾਲ ਟੀਮ ਈਵੈਂਟ ਵਿੱਚ ਸਿਖਰ ’ਤੇ ਰਹੀ। ਚੀਨ ਦੀ ਟੀਮ ਨੇ 1756 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਦੱਖਣੀ ਕੋਰੀਆ ਦੀ ਟੀਮ 1742 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਮਨੂ ਨੇ ਕੁਲੀਫਿਕੇਸ਼ਨ ਗੇੜ ਵਿੱਚ ਕੁੱਲ 590 ਅੰਕਾਂ ਨਾਲ ਸਿਖਰ ’ਤੇ ਰਹਿ ਕੇ ਫਾਈਨਲ ’ਚ ਜਗ੍ਹਾ ਬਣਾਈ। ਈਸ਼ਾ 586 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹਿ ਕੇ ਫਾਈਨਲ ’ਚ ਪਹੁੰਚੀ ਜਦਕਿ ਰਿਦਮ (583) ਵੀ ਸੱਤਵੇਂ ਸਥਾਨ ’ਤੇ ਰਹੀ ਪਰ ਫਾਈਨਲ ਵਿਚ ਨਹੀਂ ਪਹੁੰਚ ਸਕੀ ਕਿਉਂਕਿ ਇਕ ਦੇਸ਼ ਦੇ ਸਿਰਫ ਦੋ ਨਿਸ਼ਾਨੇਬਾਜ਼ਾਂ ਨੂੰ ਫਾਈਨਲ ਵਿਚ ਖੇਡਣ ਦੀ ਇਜਾਜ਼ਤ ਹੁੰਦੀ ਹੈ। ਈਸ਼ਾ ਨੇ 25 ਮੀਟਰ ਰੇਂਜ ਵਿੱਚ 34 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਚੀਨ ਦੀ ਰੁਈ ਲਿਊ ਨੇ ਖੇਡਾਂ ਦੇ ਰਿਕਾਰਡ 38 ਅੰਕਾਂ ਨਾਲ ਸੋਨ ਤਮਗਾ ਜਿੱਤਿਆ, ਜਦਕਿ ਦੱਖਣੀ ਕੋਰੀਆ ਦੀ ਜਨਿ ਯਾਂਗ ਨੇ 29 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਲਿਊ ਨੇ ਸੋਨ ਤਮਗਾ ਜਿੱਤਦਿਆਂ ਭਾਰਤ ਦੀ ਰਾਹੀ ਸਰਨੋਬਤ ਦੇ 34 ਅੰਕਾਂ ਦਾ ਰਿਕਾਰਡ ਤੋੜਿਆ। ਸੋਨ ਤਗਮੇ ਦੇ ਮੁਕਾਬਲੇ ਵਿੱਚ ਈਸ਼ਾ ਪੰਜ ’ਚੋਂ ਤਿੰਨ ਨਿਸ਼ਾਨਿਆਂ ਤੋਂ ਖੁੰਝ ਗਈ ਜਦੋਂ ਕਿ ਚੀਨੀ ਖਿਡਾਰਨ ਚਾਰ ਨਿਸ਼ਾਨੇ ਲਗਾ ਕੇ ਸਿਖਰ ’ਤੇ ਰਹੀ।