ਕੇਜਰੀਵਾਲ ਮਾਮਲੇ ’ਚ ਨਿਰਪੱਖ ਤੇ ਪਾਰਦਰਸ਼ੀ ਪ੍ਰਕਿਰਿਆ ਚਾਹੁੰਦੇ ਹਾਂ: ਅਮਰੀਕਾ

ਕੇਜਰੀਵਾਲ ਮਾਮਲੇ ’ਚ ਨਿਰਪੱਖ ਤੇ ਪਾਰਦਰਸ਼ੀ ਪ੍ਰਕਿਰਿਆ ਚਾਹੁੰਦੇ ਹਾਂ: ਅਮਰੀਕਾ

ਵਾਸ਼ਿੰਗਟਨ- ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਕਥਿਤ ਮਨੀ ਲਾਂਡਰਿੰਗ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਅਮਰੀਕੀ ਕੂਟਨੀਤਕ ਦੀਆਂ ਟਿੱਪਣੀਆਂ ਦੇ ਸਬੰਧ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿੱਲਰ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਨਿਰਪੱਖ, ਪਾਰਦਰਸ਼ੀ ਤੇ ਬਗੈਰ ਦੇਰੀ ਦੇ ਕਾਨੂੰਨੀ ਕਾਰਵਾਈ ਦੀ ਹਮਾਇਤ ਕਰਦੇ ਹਨ।ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਮਿੱਲਰ ਤੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫਰੀਜ਼ ਕਰਨ ਸਬੰਧੀ ਟਿੱਪਣੀਆਂ ’ਤੇ ਭਾਰਤ ਵੱਲੋਂ ਅਮਰੀਕੀ ਕੂਟਨੀਤਕ ਨੂੰ ਤਲਬ ਕੀਤੇ ਜਾਣ ਬਾਰੇ ਪੁੱਛਿਆ ਗਿਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਇਨ੍ਹਾਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਮਿੱਲਰ ਨੇ ਕਿਹਾ, ‘ਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਤ ਇਨ੍ਹਾਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖਣਾ ਜਾਰੀ ਰੱਖਾਂਗੇ। ਅਸੀਂ ਕਾਂਗਰਸ ਪਾਰਟੀ ਵੱਲੋਂ ਲਾਏ ਗਏ ਦੋਸ਼ਾਂ ਤੋਂ ਵੀ ਜਾਣੂ ਹਾਂ ਕਿ ਟੈਕਸ ਅਧਿਕਾਰੀਆਂ ਨੇ ਉਨ੍ਹਾਂ ਦੇ ਕੁਝ ਬੈਂਕ ਖਾਤੇ ਇਸ ਤਰ੍ਹਾਂ ਫਰੀਜ਼ ਕਰ ਦਿੱਤੇ ਹਨ ਕਿ ਆਉਂਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਲਈ ਅਸਰਦਾਰ ਢੰਗ ਨਾਲ ਚੋਣ ਪ੍ਰਚਾਰ ਕਰਨਾ ਔਖਾ ਹੋ ਜਾਵੇਗਾ।’ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮਸਲਿਆਂ ’ਤੇ ਨਿਰਪੱਖ, ਪਾਰਦਰਸ਼ੀ ਤੇ ਸਮੇਂ ਸਿਰ ਕਾਨੂੰਨੀ ਪ੍ਰਕਿਰਿਆ ’ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਹਾਲਾਂਕਿ ਕਿਸੇ ਵੀ ਨਿੱਜੀ ਕੂਟਨੀਤਕ ਗੱਲਬਾਤ ਬਾਰੇ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਿਹਾ, ‘ਜੋ ਮੈਂ ਇੱਥੋਂ ਕਿਹਾ ਹੈ, ਉਹੀ ਅਸੀਂ ਜਨਤਕ ਤੌਰ ’ਤੇ ਕਿਹਾ ਹੈ। ਸਾਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਇਸ ’ਤੇ ਇਤਰਾਜ਼ ਹੋਣਾ ਚਾਹੀਦਾ ਹੈ।’ ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤ ਵਿੱਚ ਅਮਰੀਕੀ ਮਿਸ਼ਨ ਦੀ ਕਾਰਜਕਾਰੀ ਡਿਪਟੀ ਮੁਖੀ ਗਲੋਰੀਆ ਬਰਬੈਨਾ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ ’ਚੋਂ ਬਾਹਰ ਨਿਕਲਦੀ ਦਿਖਾਈ ਦਿੱਤੀ। ਇੱਥੇ ਉਨ੍ਹਾਂ ਵੱਲੋਂ ਘੱਟੋ-ਘੱਟ 40 ਮਿੰਟ ਮੀਟਿੰਗ ਕੀਤੀ ਗਈ।