ਨੌਜਵਾਨ ਆਪਣੀ ਕਿਸਮਤ ਖੁਦ ਲਿਖਣ : ਭਗਵੰਤ ਮਾਨ

ਨੌਜਵਾਨ ਆਪਣੀ ਕਿਸਮਤ ਖੁਦ ਲਿਖਣ : ਭਗਵੰਤ ਮਾਨ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਸੈਕਟਰ-35 ਸਥਿਤ ਮਿਉਂਸਿਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦੇ 401 ਕਲਰਕਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 17 ਜੂਨੀਅਰ ਇੰਜਨੀਅਰਾਂ (ਜੇਈ) ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਇਕ ਸਾਲ ’ਚ ਸੂਬੇ ਦੇ 29,684   ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ।  ਸ੍ਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੇਲੇ ਚਾਰ ਸਾਲਾਂ ਬਾਅਦ ਇਕ ਵਾਰ ਨੌਕਰੀ ਦਾ ਮੌਕਾ ਮਿਲਦਾ ਸੀ, ਉਹ ਵੀ ਕਿਸਮਤ ਵਾਲੇ ਨੂੰ ਹੀ ਮਿਲਦੀ ਸੀ। ਪਰ ‘ਆਪ’ ਸਰਕਾਰ ਵੱਲੋਂ ਰੋਜ਼ਾਨਾ ਵੱਖ-ਵੱਖ ਵਿਭਾਗਾਂ ’ਚ ਅਸਾਮੀਆਂ ਕੱਢੀ ਜਾ ਰਹੀਆਂ ਹਨ, ਜਿੱਥੇ ਮਿਹਨਤ ਕਰਨ ਵਾਲਿਆਂ ਨੂੰ ਲਾਜ਼ਮੀ ਤੌਰ ’ਤੇ ਨੌਕਰੀ ਮਿਲੇਗੀ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਹੁਣ ਕਿਸਮਤ ’ਤੇ ਨਿਰਭਰ ਨਾ ਰਹਿੰਦੇ ਹੋਏ ਆਪਣੀ ਕਿਸਮਤ ਖੁਦ ਲਿਖਣ। ਸ੍ਰੀ ਮਾਨ ਨੇ ਪੁਰਾਣੇ ਆਗੂਆਂ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਇਹ ਆਗੂ ਆਪਣੇ ਕਾਰਜਕਾਲ  ਦੌਰਾਨ ਕਦੇ ਵੀ ਆਪਣੇ ਆਲੀਸ਼ਾਨ ਮਹਿਲਾਂ ਤੋਂ ਬਾਹਰ ਨਹੀਂ ਆਏ ਪਰ ਹੁਣ ਉਹ ਅਮਨ,   ਖ਼ੁਸ਼ਹਾਲੀ ਤੇ ਤਰੱਕੀ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਪੰਜਾਬ ਦੇ ਹਰੇਕ ਕੋਨੇ-ਕੋਨੇ ਵਿੱਚ ਘੁੰਮ ਰਹੇ ਹਨ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੀ ਜਿੱਤ ’ਤੇ ਘਮੰਡ ਨਾ ਕਰਨ, ਸਗੋਂ ਜ਼ਮੀਨ ਨਾਲ ਜੁੜੇ ਰਹਿ ਕੇ ਹੋਰ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ।