ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਭਾਜਪਾ ਨੂੰ ਇੱਕ ਤਰੀਕੇ ਨਾਲ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਪੰਜਾਬ ਦੇ ਮੁੱਦਿਆਂ ਦਾ ਕੋਈ ਹੱਲ ਹੋਣ ਤੋਂ ਬਿਨਾਂ ਲੋਕ ਸਭਾ ਚੋਣਾਂ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੋਰ ਕਮੇਟੀ ਨੇ ਭਾਜਪਾ ਨੂੰ ਇਹ ਇਸ਼ਾਰਾ ਕੀਤਾ ਹੈ ਕਿ ਸੂਬੇ ਦੇ ਮੂਲ ਮੁੱਦਿਆਂ ਦੀ ਸ਼ਰਤ ’ਤੇ ਹੀ ਅੱਗੇ ਵਧਿਆ ਜਾ ਸਕਦਾ ਹੈ। ਅਹਿਮ ਸੂਤਰਾਂ ਅਨੁਸਾਰ ਕੋਰ ਕਮੇਟੀ ਵਿਚ ਅੱਜ ਇਹੋ ਸੁਰ ਭਾਰੂ ਰਿਹਾ ਕਿ ਭਾਜਪਾ ਨਾਲ ਓਨੀ ਦੇਰ ਕੋਈ ਸਿਆਸੀ ਗੱਠਜੋੜ ਨਾ ਕੀਤਾ ਜਾਵੇ, ਜਿੰਨੀ ਦੇਰ ਭਾਜਪਾ ਸੂਬੇ ਦੇ ਮੂਲ ਮੁੱਦਿਆਂ ’ਤੇ ਕੋਈ ਪ੍ਰਤੀਬੱਧਤਾ ਨਹੀਂ ਦਿਖਾਉਂਦੀ ਹੈ। ਕੋਰ ਕਮੇਟੀ ਵਿਚ ਇਹੋ ਗੱਲ ਉਭਰੀ ਕਿ ਅਕਾਲੀ ਦਲ ਲਈ ਸੀਟਾਂ ਦੀ ਵੰਡ ਤੋਂ ਵੱਧ ਸੂਬੇ ਦੇ ਹਿੱਤ ਪਿਆਰੇ ਹਨ। ਪਾਰਟੀ ਨੇ ਅੱਜ ਆਪਣੇ ਮੂਲ ਮੁੱਦਿਆਂ ਵੱਲ ਵਾਪਸੀ ਕੀਤੀ ਹੈ। ਭਾਜਪਾ ਦੇ ਪੰਜਾਬ ਦੇ ਮੁੱਦਿਆਂ ਪ੍ਰਤੀ ਰੌਂਅ ਤੋਂ ਕੋਰ ਕਮੇਟੀ ਸੰਤੁਸ਼ਟ ਦਿਖਾਈ ਨਹੀਂ ਦਿੱਤੀ। ਪਾਰਟੀ ਨੇ ਮੀਟਿੰਗ ਵਿਚ ਘੱਟੋ ਘੱਟ ਪ੍ਰੋਗਰਾਮ ਦੀ ਰਣਨੀਤੀ ਵੀ ਉਲੀਕੀ। ਅਕਾਲੀ ਦਲ ਨੇ ਮੁੱਦਿਆਂ, ਨੀਤੀਆਂ ਅਤੇ ਸਿਧਾਂਤਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਵਿਚ ਫਤਵਾ ਲੈਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਕਿ ਪਾਰਟੀ ਲਈ ਸਿਧਾਂਤ ਰਾਜਨੀਤੀ ਤੋਂ ਉਪਰ ਹਨ ਅਤੇ ਪਾਰਟੀ ਕਦੇ ਵੀ ਖਾਲਸਾ ਪੰਥ, ਘੱਟ ਗਿਣਤੀਆਂ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਡਟਣ ਦੀ ਇਤਿਹਾਸਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ।ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਣ ਵਾਸਤੇ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਿਆਂ ਵਾਸਤੇ ਵੱਧ ਅਧਿਕਾਰਾਂ ਅਤੇ ਵਾਜਬ ਖੁਦਮੁਖਤਿਆਰੀ ਦੀ ਲੜਾਈ ਜਾਰੀ ਰੱਖੀ ਜਾਵੇਗੀ ਅਤੇ ਇਨ੍ਹਾਂ ਹਿੱਤਾਂ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮਤੇ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਸਪੱਸ਼ਟ ਲਿਖਤੀ ਵਚਨਬੱਧਤਾ ਦਾ ਸਨਮਾਨ ਕਰੇ। ਮਤੇ ਵਿੱਚ ਕਿਹਾ ਗਿਆ ਹੈ ਕਿ ਇਹ ਵਾਅਦੇ ਪੰਜ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੇ ਗਏ ਸਨ। ਮਤੇ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ ਅਤੇ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣੇ ਚਾਹੀਦੇ ਹਨ। ਮਤੇ ਵਿੱਚ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਗਈ। ਕੋਰ ਕਮੇਟੀ ਨੇ ਅਟਾਰੀ ਅਤੇ ਫਿਰੋਜ਼ਪੁਰ ਸਰਹੱਦਾਂ ਨੂੰ ਹੋਰ ਦੇਸ਼ਾਂ ਨਾਲ ਜ਼ਮੀਨੀ ਰਸਤੇ ਰਾਹੀਂ ਵਪਾਰ ਦੀ ਸਹੂਲਤ ਲਈ ਖੋਲ੍ਹਣ ਦਾ ਵੀ ਸੱਦਾ ਦਿੱਤਾ।