ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਸਖ਼ਤ ਮੁਕਾਬਲਾ

ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਸਖ਼ਤ ਮੁਕਾਬਲਾ

ਅੰਮ੍ਰਿਤਸਰ,-ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ’ਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਸਖਤ ਮੁਕਾਬਲਾ ਹੋਣ ਦੇ ਆਸਾਰ ਹਨ। ਮਾਝੇ ਦੇ ਤਿੰਨੋਂ ਹਲਕਿਆਂ ਅੰਮ੍ਰਿਤਸਰ, ਗੁਰਦਾਸਪੁਰ ਤੇ ਖਡੂਰ ਸਾਹਿਬ ’ਚ ਸੂਬੇ ਦੀ ਹਾਕਮ ਧਿਰ ‘ਆਪ’ ਨੂੰ ਜੇਤੂ ਸਥਿਤੀ ਕਾਇਮ ਰੱਖਣ ਲਈ ਸਖ਼ਤ ਮੁਕਾਬਲਾ ਦਰਪੇਸ਼ ਹੈ। ਅੰਮ੍ਰਿਤਸਰ ਹਲਕੇ ’ਚ ਮੁੱਖ ਤੌਰ ’ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਤੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਆਹਮੋ-ਸਾਹਮਣੇ ਹਨ। ਦੋ ਵਾਰ ਜੇਤੂ ਰਹੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਲਈ ਜਿੱਤ ‘ਨਿੱਜੀ ਵੱਕਾਰ’ ਦਾ ਮੁੱਦਾ ਹੈ। ਦੂਜੇ ਪਾਸੇ ‘ਆਪ’ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ ਜਿਨ੍ਹਾਂ ਦੇ ਹੱਕ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋੋਅ ਕੀਤੇ ਹਨ। ਉਨ੍ਹਾਂ ਦੀ ਜਿੱਤ ਪਾਰਟੀ ਦੇ ਵੱਕਾਰ ਦਾ ਸਵਾਲ ਹੈ। ਅਕਾਲੀ ਦਲ ਦੇ ਅਨਿਲ ਜੋਸ਼ੀ ਤੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੇ ਵੀ ਲੋਕਾਂ ਤੱਕ ਪਹੁੰਚ ਬਣਾਉਣ ’ਚ ਪੂਰੀ ਵਾਹ ਲਾਈ ਹੈ ਹਾਲਾਂਕਿ ਦੋਵੇਂ ਪਾਰਟੀਆਂ ਆਪਣੀ ਵੱਖਰੀ ਹੋਂਦ ਕਾਇਮ ਰੱਖਣ ਲਈ ਜੂਝ ਰਹੀਆਂ ਹਨ। ਇਸ ਹਲਕੇ ਤੋਂ ਮਾਨ ਦਲ ਦੇ ਇਮਾਨ ਸਿੰਘ ਮਾਨ ਅਤੇ ਸੀਪੀਆਈ ਦੀ ਦਸਵਿੰਦਰ ਕੌਰ ਵੀ ਮੈਦਾਨ ’ਚ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ’ਚ ਵੀ ਚਹੁੰਕੋਣਾ ਮੁਕਾਬਲਾ ਹੈ ਜਿੱਥੇ ਕਾਂਗਰਸ ਦਾ ਖੇਮਾ ਮਜ਼ਬੂਤ ਦੱਸਿਆ ਜਾ ਰਿਹਾ ਹੈ ਅਤੇ ‘ਆਪ’ ਨੂੰ ਸਖਤ ਮੁਕਾਬਲੇ ’ਚੋਂ ਲੰਘਣਾ ਪੈ ਰਿਹਾ। ਇੱਥੇ ਮੁੱਖ ਮੁਕਾਬਲਾ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ, ‘ਆਪ’ ਦੇ ਵਿਧਾਇਕ ਅਮਨਸ਼ੇਰ ਸਿੰਘ, ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਤੇ ਭਾਜਪਾ ਦੇ ਦਿਨੇਸ਼ ਸਿੰਘ ਵਿਚਾਲੇ ਹੈ। ਮਾਝੇ ਦੇ ਤੀਜੇ ਸੰਸਦੀ ਹਲਕਾ ਖਡੂਰ ਸਾਹਿਬ ’ਚ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਸਾਰੀਆਂ ਹੀ ਸਿਆਸੀ ਧਿਰਾਂ ਦੇ ਉਮੀਦਵਾਰਾਂ ਵਾਸਤੇ ਚੁਣੌਤੀ ਬਣਿਆ ਹੋਇਆ ਹੈ। ਹਲਕੇ ’ਚ ਮੁੱਖ ਮੁਕਾਬਲਾ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ, ‘ਆਪ’ ਦੇ ਲਾਲਜੀਤ ਸਿੰਘ ਭੁੱਲਰ, ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ, ਭਾਜਪਾ ਦੇ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਵਿਚਾਲੇ ਹੈ।