ਅੰਮ੍ਰਿਤਸਰ,(ਪੰਜਾਬੀ ਰਾਈਟਰ)- ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8.27 ਕਿਲੋਗ੍ਰਾਮ ਹੈਰੋਇਨ, 6 ਕਿਲੋ ਅਫੀਮ, 13.1 ਕਿਲੋ ਕੈਮੀਕਲ ਅਤੇ ਆਧੁਨਿਕ 9 ਐੱਮਐੱਮ ਗਲਾਕ ਸਮੇਤ 4 ਪਿਸਤੌਲਾਂ ਤੇ 17 ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਅਦਿੱਤਿਆ ਪ੍ਰਤਾਪ ਉਰਫ਼ ਕਾਕਾ (23) ਵਾਸੀ ਭੱਲਾ ਕਲੋਨੀ ਛੇਹਰਟਾ, ਅੰਮ੍ਰਿਤਸਰ ਅਤੇ ਸ਼ੰਭੂ ਕਬੀਰ (35) ਵਾਸੀ ਪ੍ਰੇਮ ਨਗਰ, ਕੋਟ ਖਾਲਸਾ (ਹੁਣ ਭਾਈ ਮੰਝ ਸਾਹਿਬ), ਤਰਨ ਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਦੋਵਾਂ ਖ਼ਿਲਾਫ਼ ਐੱਨਡੀਪੀਐਸ ਐਕਟ ਅਤੇ ਅਸਲਾ ਐਕਟ ਨਾਲ ਸਬੰਧਤ ਕਈ ਕੇਸ ਦਰਜ ਹਨ, ਜਦਕਿ ਮੁਲਜ਼ਮ ਸ਼ੰਭੂ ਕਬੀਰ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਦਿੱਤਿਆ ਉਰਫ਼ ਕਾਕਾ ਦੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਸੂਹ ’ਤੇ ਕਰਵਾਈ ਕਰਦਿਆਂ ਥਾਣਾ ਇਸਲਾਮਾਬਾਦ ਦੀਆਂ ਪੁਲੀਸ ਨੇ ਉਸ ਨੂੰ ਕੋਟ ਖਾਲਸਾ ਤੋਂ ਕਾਬੂ ਕੀਤਾ ਅਤੇ ਉਸ ਕੋਲੋਂ ਦੋ ਪਿਸਤੌਲਾਂ .32 ਬੋਰ ਅਤੇ .30 ਬੋਰ ਸਮੇਤ 13 ਕਾਰਤੂਸ ਬਰਾਮਦ ਕੀਤੇ। ਇਸ ਤੋਂ ਬਾਅਦ ਹੋਰਾਂ ਦੀ ਨਿਸ਼ਾਨਦੇਹੀ ’ਤੇ ਹੋਰ ਅਸਲਾ ਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ।
ਸਰਹੱਦ ਨੇੜਿਉਂ ਛੇ ਕਿੱਲੋ ਹੈਰੋਇਨ ਤੇ ਦੋ ਡਰੋਨ ਬਰਾਮਦ
ਬੀਐੱਸਐੱਫ ਨੇ ਅੱਜ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ ਅਤੇ ਲਗਪਗ 6 ਕਿਲੋ ਹੈਰੋਇਨ ਅਤੇ ਦੋ ਡਰੋਨ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਦੀ ਸਰਹੱਦ ਤੋਂ 11 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਹਨ। ਬੀਤੀ ਦੇਰ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਾਨਵਾਲਾ ਵਿਚ ਤਲਾਸ਼ੀ ਮੁਹਿੰਮ ਦੌਰਾਨ ਸੱਤ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਜਿਸ ਦਾ ਕੁੱਲ ਵਜ਼ਨ ਤਿੰਨ ਕਿਲੋ 800 ਗਰਾਮ ਹੈ। ਦੂਜੀ ਘਟਨਾ ਵਿੱਚ ਬੀਐੱਸਐੱਫ ਅਤੇ ਪੰਜਾਬ ਪੁਲੀਸ ਨੇ ਪਿੰਡ ਸਾਹੋਵਾਲ ਦੇ ਸਰਹੱਦੀ ਇਲਾਕੇ ਵਿੱਚੋਂ ਇੱਕ ਡਰੋਨ ਅਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪਿੰਡ ਲੋਧੀ ਗੁੱਜਰ ਨੇੜੇ ਇੱਕ ਵਿਅਕਤੀ ਨੂੰ 1580 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ। ਇੱਕ ਹੋਰ ਕਾਰਵਾਈ ਦੌਰਾਨ ਬੀਐੱਸਐੱਫ ਨੇ ਸਰਹੱਦੀ ਪਿੰਡ ਦਾਓਕੇ ਨੇੜਿਓਂ ਡਰੋਨ ਬਰਾਮਦ ਕੀਤਾ ਹੈ।