ਇੰਡੋ ਕੈਨੇਡੀਅਨ: ਅੰਮ੍ਰਿਤਸਰ ਤੋਂ ਨਾਂਦੇੜ ਲਈ ਬੱਸ ਸੇਵਾ ਸ਼ੁਰੂ

ਇੰਡੋ ਕੈਨੇਡੀਅਨ: ਅੰਮ੍ਰਿਤਸਰ ਤੋਂ ਨਾਂਦੇੜ ਲਈ ਬੱਸ ਸੇਵਾ ਸ਼ੁਰੂ

ਹਫਤੇ ਵਿੱਚ ਚਾਰ ਵਾਰੀ ਜਾਵੇਗੀ ਬੱਸ; ਇਕ ਪਾਸੇ ਦਾ ਕਿਰਾਇਆ ਪ੍ਰਤੀ ਵਿਅਕਤੀ ਚਾਰ ਹਜ਼ਾਰ ਰੁਪਏ ਰੱਖਿਆ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਰੇਲ ਤੇ ਹਵਾਈ ਮਾਰਗ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਪ੍ਰਾਈਵੇਟ ਬੱਸ ਸੇਵਾ ਸ਼ੁਰੂ ਹੋ ਗਈ ਹੈ ਜਿਸ ਤਹਿਤ ਅੱਜ ਪਹਿਲੀ ਬੱਸ ਅੰਮ੍ਰਿਤਸਰ ਤੋਂ ਨਾਂਦੇੜ ਲਈ ਰਵਾਨਾ ਹੋਈ। ਇਹ ਬੱਸ ਸੇਵਾ ਇੰਡੋ ਕੈਨੇਡੀਅਨ ਬੱਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹ ਬੱਸ ਹਫਤੇ ਵਿੱਚ ਚਾਰ ਦਿਨ ਅੰਮ੍ਰਿਤਸਰ ਤੋਂ ਨਾਂਦੇੜ ਵਾਸਤੇ ਚੱਲੇਗੀ ਅਤੇ ਚਾਰ ਦਿਨ ਨਾਂਦੇੜ ਤੋਂ ਅੰਮ੍ਰਿਤਸਰ ਲਈ ਚੱਲੇਗੀ। ਇਹ ਬਸ ਲਗਪਗ 37 ਘੰਟਿਆਂ ਵਿੱਚ ਅੰਮ੍ਰਿਤਸਰ ਤੋਂ ਨਾਂਦੇੜ ਪੁੱਜੇਗੀ। ਲਗਪਗ 42 ਸਲੀਪਰ ਸੀਟਾਂ ਵਾਲੀ ਇਹ ਬੱਸ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ, ਦਿੱਲੀ, ਉਜੈਨ, ਇੰਦੌਰ ਹੁੰਦੀ ਹੋਈ ਨਾਂਦੇੜ ਪੁੱਜੇਗੀ। ਇਸ ਬੱਸ ਨੂੰ ਸ੍ਰੀ ਹਜੂਰ ਸਾਹਿਬ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ ਹੈ।

ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਮੈਨੇਜਰ ਅਪਰੇਸ਼ਨ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਬੱਸ ਸੇਵਾ ਤਹਿਤ ਬੱਸ ਹਫਤੇ ਵਿੱਚ ਚਾਰ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਅੰਮ੍ਰਿਤਸਰ ਵਾਸਤੇ ਹਫਤੇ ਵਿੱਚ ਚਾਰ ਵਾਰ ਐਤਵਾਰ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਹ ਬੱਸ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਚੱਲ ਕੇ ਅਗਲੇ ਦਿਨ ਰਾਤ ਨੂੰ 9 ਵਜੇ ਨਾਂਦੇੜ ਪੁੱਜੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਸਵੇਰੇ 8 ਵਜੇ ਚੱਲ ਕੇ ਅਗਲੇ ਦਿਨ ਰਾਤ 9 ਵਜੇ ਅੰਮ੍ਰਿਤਸਰ ਪੁੱਜੇਗੀ। ਬੱਸ ਦਾ ਕਰਾਇਆ ਪ੍ਰਤੀ ਵਿਅਕਤੀ 4000 ਰੁਪਏ ਇੱਕ ਪਾਸੇ ਦਾ ਰੱਖਿਆ ਗਿਆ ਹੈ। ਬੱਸ ਵਿੱਚ ਦੋ ਡਰਾਈਵਰ ਹੋਣਗੇ ਜੋ ਦਿਨ ਰਾਤ ਬੱਸ ਨੂੰ ਚਲਾਉਣਗੇ। ਇਹ ਬੱਸ ਰਸਤੇ ਵਿੱਚ ਦੁਪਹਿਰ ਦੇ ਭੋਜਨ, ਸ਼ਾਮ ਦੀ ਚਾਹ, ਰਾਤ ਦੀ ਰੋਟੀ ਅਤੇ ਅਗਲੇ ਦਿਨ ਸਵੇਰ ਦੇ ਨਾਸ਼ਤੇ, ਮੁੜ ਦੁਪਹਿਰ ਦੇ ਭੋਜਨ ਅਤੇ ਸ਼ਾਮ ਦੀ ਚਾਹ ਵਾਸਤੇ ਰੁਕੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੁਰੂ ਕੀਤੀ ਇਸ ਬੱਸ ਸੇਵਾ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਅੱਜ ਵੀ ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰ ਕੇ ਗਈ ਹੈ ਅਤੇ ਭਵਿੱਖ ਵਾਸਤੇ ਬੁਕਿੰਗ ਵੀ ਹੋ ਰਹੀ ਹੈ।

ਦੱਸਣ ਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਨਾਂਦੇੜ ਵਾਸਤੇ ਰੋਜ਼ਾਨਾ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਚਲਾਈ ਜਾਂਦੀ ਹੈ ਪਰ ਸ਼ਰਧਾਲੂਆਂ ਦੀ ਵੱਡੀ ਮੰਗ ਕਾਰਨ ਇਸ ਰੇਲ ਗੱਡੀ ਦੀਆਂ ਸੀਟਾਂ ਹਮੇਸ਼ਾ ਹੀ ਬੁੱਕ ਰਹਿੰਦੀਆਂ ਹਨ ਅਤੇ ਯਾਤਰੂਆਂ ਨੂੰ ਯਾਤਰਾ ਦੀ ਤਰੀਕ ਕਾਫੀ ਦੇਰ ਬਾਅਦ ਮਿਲਦੀ ਹੈ।

ਪਹਿਲਾਂ ਅੰਮ੍ਰਿਤਸਰ ਤੋਂ ਨਾਂਦੇੜ ਵਾਸਤੇ ਹਵਾਈ ਸੇਵਾ ਵੀ ਸ਼ੁਰੂ ਹੋਈ ਸੀ ਪਰ ਕਰੋਨਾ ਦੇ ਚੱਲਦਿਆਂ ਇਹ ਸੇਵਾ ਬੰਦ ਹੋ ਗਈ ਸੀ, ਜਿਸ ਨੂੰ ਮੁੜ ਸ਼ੁਰੂ ਕਰਨ ਦੀ ਲਗਾਤਾਰ ਮੰਗ ਹੋ ਰਹੀ ਹੈ। ਸੜਕ ਮਾਰਗ ਰਾਹੀਂ ਅੰਮ੍ਰਿਤਸਰ ਤੋਂ ਨਾਂਦੇੜ ਤੱਕ ਇਹ ਪਹਿਲੀ ਬੱਸ ਸੇਵਾ ਹੈ। ਇਹ ਬੱਸ ਸੇਵਾ ਸ਼ੁਰੂ ਹੋਣ ਨਾਲ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ।