ਨਵੀਂ ਦਿੱਲੀ- ਆਬਕਾਰੀ ਨੀਤੀ ਕੇਸ ’ਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੇ ਇਕ ਦਿਨ ਬਾਅਦ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਅੱਜ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਜੇਲ੍ਹ ਦੇ ਬਾਹਰ ਮੌਜੂਦ ਵੱਡੀ ਗਿਣਤੀ ਪਾਰਟੀ ਵਰਕਰਾਂ ਨੂੰ ਆਪਣੀ ਗੱਡੀ ਉਪਰ ਚੜ੍ਹ ਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜਸ਼ਨ ਮਨਾਉਣ ਦਾ ਨਹੀਂ ਸਗੋਂ ਸੰਘਰਸ਼ ਕਰਨ ਦਾ ਸਮਾਂ ਹੈ। ‘ਇਹ ਸੰਘਰਸ਼ ਦਾ ਸਮਾਂ ਹੈ। ਅਰਵਿੰਦ ਕੇਜਰੀਵਾਲ ਜ਼ਿੰਦਾਬਾਦ। ਸਾਡੇ ਜੇਲ੍ਹ ’ਚ ਬੰਦ ਆਗੂ ਵੀ ਛੇਤੀ ਹੀ ਬਾਹਰ ਆਉਣਗੇ। ਜੇਲ੍ਹ ਦੇ ਤਾਲੇ ਟੁੱਟਣਗੇ, ਸਾਡੇ ਸਾਰੇ ਨੇਤਾ ਛੁਟਣਗੇ।’ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਦਿੱਲੀ ਦੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖਣਗੇ। ਜੇਲ੍ਹ ਦੇ ਬਾਹਰ ਮੌਜੂਦ ਵੱਡੀ ਗਿਣਤੀ ‘ਆਪ’ ਸਮਰਥਕ ‘ਦੇਖੋ ਦੇਖੋ ਕੌਣ ਆਇਆ, ਸ਼ੇਰ ਆਇਆ, ਸ਼ੇਰ ਆਇਆ’ ਅਤੇ ‘ਸੰਜੈ ਸਿੰਘ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਗਲੇ ’ਚ ਹਾਰ ਪਾ ਕੇ ਸੰਜੈ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਅਤੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਵੀ ਹਾਜ਼ਰ ਸਨ। ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਸੰਜੈ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਗਏ ਅਤੇ ਉਨ੍ਹਾਂ ਕੇਜਰੀਵਾਲ ਦੀ ਪਤਨੀ ਸੁਨੀਤਾ ਨਾਲ ਮੁਲਾਕਾਤ ਕੀਤੀ।