ਕ੍ਰਿਸਮਸ: ਲੁਧਿਆਣਾ ਦੇ ਗਿਰਜਾਘਰਾਂ ਵਿੱਚ ਰੌਣਕਾਂ

ਕ੍ਰਿਸਮਸ: ਲੁਧਿਆਣਾ ਦੇ ਗਿਰਜਾਘਰਾਂ ਵਿੱਚ ਰੌਣਕਾਂ

ਲੁਧਿਆਣਾ-ਭਲਕੇ ਸੋਮਵਾਰ ਨੂੰ ਕ੍ਰਿਸਮਸ ਦੇ ਤਿਓਹਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਅੱਜ ਸ਼ਹਿਰ ਦੇ ਸਾਰੇ ਹੀ ਗਿਰਜਾ ਘਰਾਂ ਵਿੱਚ ਰੌਣਕਾਂ ਲੱਗੀਆਂ ਰਹੀਆਂ। ਗਿਰਜਾਘਰਾਂ ਦੇ ਬਾਹਰ ਸੜਕ ’ਤੇ ਭਾਰੀ ਗਿਣਤੀ ਵਿੱਚ ਸਜਾਵਟੀ ਵਸਤਾਂ ਤੇ ਕੱਪੜਿਆਂ ਆਦਿ ਦੀਆਂ ਲੱਗੀਆਂ ਫੜੀਆਂ ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਤਿਓਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਤਿਆਰੀਆਂ ਤਾਂ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਗਈਆਂ ਸਨ। ਇੱਥੋਂ ਦੇ ਸੀਐੱਮਸੀ ਚੌਕ ਨੇੜੇ ਪੈਂਦੇ ਪੁਰਾਣੇ ਗਿਰਜਾਘਰ ਨੂੰ ਜਿੱਥੇ ਬਿਜਲਈ ਲੜੀਆਂ ਨਾਲ ਸਜਾਇਆ ਹੋਇਆ ਸੀ, ਉੱਥੇ ਬਾਹਰ ਵੱਖ-ਵੱਖ ਸਜਾਵਟੀ ਸਾਮਾਨ ਦੀਆਂ ਫੜੀਆਂ ਵੀ ਲੱਗੀਆਂ ਹੋਈਆਂ ਸਨ। ਇਨ੍ਹਾਂ ਫੜੀਆਂ ’ਤੇ ਕ੍ਰਿਸਮਸ ਮੌਕੇ ਵਰਤਿਆ ਜਾਣ ਵਾਲਾ ਸਜਾਵਟੀ ਸਾਮਾਨ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਸਰਾਭਾ ਨਗਰ, ਫੁਆਰਾ ਚੌਕ ਤੇ ਜਲੰਧਰ ਬਾਈਪਾਸ ਸਮੇਤ ਹੋਰ ਥਾਵਾਂ ’ਤੇ ਬਣੇ ਗਿਰਜਾ ਘਰਾਂ ਵਿੱਚ ਵੀ ਅੱਜ ਸਾਰਾ ਦਿਨ ਤਿਆਰੀਆਂ ਚੱਲਦੀਆਂ ਰਹੀਆਂ ਅਤੇ ਸ਼ਰਧਾਲੂਆਂ ਦੀ ਭੀੜ ਰਹੀ।