
‘ਆਪ’ ਕਨਵੀਨਰ ਵੱਲੋਂ ਪਹਿਲੀ ਅਪਰੈਲ ਤੋਂ ਜਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ; ਹੈਲਪਲਾਈਨ ਨੰਬਰ ਜਾਰੀ
ਲੁਧਿਆਣਾ,(ਪੰਜਾਬੀ ਰਾਈਟਰ)- ਇਥੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦੀ ਸ਼ੁਰੂਆਤ ਹੋਵੇਗੀ। ਇਸ ਦੀ ਸ਼ੁਰੂਆਤ ਪਹਿਲੀ ਅਪਰੈਲ ਤੋਂ ਜਨ ਅੰਦੋਲਨ ਨਾਲ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਸਾਡੇ ਪਿੰਡਾਂ ਵਿੱਚ ਨਸ਼ੀਲੇ ਪਦਾਰਥ ਲੈ ਕੇ ਆਏ ਅਤੇ ਪੀੜ੍ਹੀਆਂ ਨੂੰ ਤਬਾਹ ਕਰ ਦਿੱਤਾ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ੀਲੇ ਪਦਾਰਥਾਂ ਦੇ ਫੈਲਾਅ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਨਸ਼ੀਲੇ ਪਦਾਰਥ ਪੰਜਾਬ ਵਿੱਚ ਪੈਦਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਪਾਰਟੀ ਦੇ ਮੰਤਰੀਆਂ ਨੇ ਪੈਸੇ ਲਈ ਹਰ ਘਰ ਵਿੱਚ ਨਸ਼ੀਲੇ ਪਦਾਰਥ ਵੰਡੇ। ਉਨ੍ਹਾਂ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਚਾਰ ਹਫ਼ਤਿਆਂ ਵਿੱਚ ਨਸ਼ੀਲੇ ਪਦਾਰਥਾਂ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਪਰ ਉਹ ਪੰਜ ਸਾਲਾਂ ਤੱਕ ਆਪਣੇ ਘਰੋਂ ਬਾਹਰ ਵੀ ਨਹੀਂ ਨਿਕਲਿਆ ਜਦੋਂਕਿ ਨਸ਼ੀਲੇ ਪਦਾਰਥ ਦਿਨੋਂ ਦਿਨ ਵਧਦੇ ਗਏ। ਪਿਛਲੇ 20 ਦਿਨਾਂ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਦੁਆਰਾ ਢਾਹਿਆ ਜਾ ਰਿਹਾ ਹੈ। ਕਰੋੜਾਂ ਰੁਪਏ ਦੇ ਨਸ਼ੇ ਜ਼ਬਤ ਕੀਤੇ ਗਏ ਹਨ। ਪਹਿਲੀ ਵਾਰ ਕਿਸੇ ਸਰਕਾਰ ਨੇ ਇਨ੍ਹਾਂ ਤਸਕਰਾਂ ਦਾ ਸਾਹਮਣਾ ਕਰਨ ਦੀ ਹਿੰਮਤ ਕੀਤੀ ਹੈ। ਪਾਕਿਸਤਾਨ ਦੀ ਧਮਕੀ ’ਤੇ ਕੇਜਰੀਵਾਲ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ’ਚ 70 ਫ਼ੀਸਦੀ ਨਸ਼ੇ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਆਉਂਦੇ ਹਨ। ਇਸ ਦਾ ਮੁਕਾਬਲਾ ਕਰਨ ਲਈ ਐਂਟੀ ਡਰੋਨ ਸਿਸਟਮ ਖ਼ਰੀਦੇ ਜਾ ਰਹੇ ਹਨ। ਇਸ ਤੋਂ ਇਲਾਵਾ ਬੀਐੱਸਐੱਫ ਦੀ ਮਦਦ ਨਾਲ 5000 ਨਵੇਂ ਪੁਲੀਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ। ਨਸ਼ੇ ਤੋਂ ਪ੍ਰਭਾਵਿਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਪੰਜਾਬ ਭਰ ਵਿੱਚ ਇਲਾਜ ਸਹੂਲਤਾਂ ਅਤੇ ਖੇਡ ਮੈਦਾਨਾਂ ਦੀ ਉਸਾਰੀ ਦਾ ਵਾਅਦਾ ਕੀਤਾ। ਕੇਜਰੀਵਾਲ ਨੇ ਨਸ਼ਿਆਂ ਦੀ ਲੜਾਈ ਵਿੱਚ ਪੰਜਾਬ ਪੁਲੀਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਹੈਲਪਲਾਈਨ ਨੰਬਰ (9779100200) ’ਤੇ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਦੀ ਰਿਪੋਰਟ ਕਰਨ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਕਰਨ ਅਤੇ ਢੁਕਵੇਂ ਇਲਾਜ ਨੂੰ ਯਕੀਨੀ ਬਣਾਉਣ ਲਈ ਰਾਜ ਵਿਆਪੀ ਡਰੱਗ ਜਨਗਣਨਾ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਨੂੰ ਅਸੰਭਵ ਬਣਾਉਣ ਲਈ ਸਿਸਟਮ ਵਿੱਚ ਬਦਲਾਅ ਕੀਤੇ ਜਾ ਰਹੇ ਹਨ।
ਭਗਵੰਤ ਮਾਨ ਨੇ ਬਾਦਲਾਂ ’ਤੇ ਸੇਧੇ ਨਿਸ਼ਾਨੇ
ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲਾਂ ਅਤੇ ਅਕਾਲੀ ਦਲ ’ਤੇ ਨਿਸ਼ਾਨਾ ਸੇਧਿਆ ਅਤੇ ਆਪਣੇ ਰਾਜ ਦੌਰਾਨ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਆਪਣੀ ਨਿੱਜੀ ਜਾਇਦਾਦ ਵਾਂਗ ਸਮਝਿਆ, ਰਾਜ ਨੂੰ ਆਰਥਿਕ ਅਤੇ ਸਮਾਜਿਕ ਤਬਾਹੀ ਵੱਲ ਧੱਕ ਦਿੱਤਾ। ਉਨ੍ਹਾਂ ਦੇ ਰਾਜ ਵਿੱਚ ਨਸ਼ਿਆਂ ਅਤੇ ਮਾਫ਼ੀਆ ਰਾਜ ਅੱਗੇ ਵਧਿਆ, ਜਿਸ ਨੇ ਅਣਗਿਣਤ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਅੱਜ ਕੋਈ ਨੈਤਿਕ ਸਥਾਨ ਨਹੀਂ ਹੈ। ਇਸ ਮੌਕੇ ਉਨ੍ਹਾਂ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚ ਨਸ਼ੇ ਸਬੰਧੀ ਵਾਪਰੀ ਘਟਨਾ ਸਾਂਝੀ ਕੀਤੀ, ਜਿੱਥੇ ਇੱਕ ਔਰਤ ਨੇ ਅਧਿਕਾਰੀਆਂ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ। ਇਸ ’ਤੇ ਤੇਜ਼ੀ ਨਾਲ ਕਾਰਵਾਈ ਕੀਤੀ, ਇਮਾਰਤ ’ਤੇ ਛਾਪਾ ਮਾਰਿਆ ਅਤੇ ਘਰ ਢਾਹ ਦਿੱਤਾ। ਪਿੰਡ ਵਾਸੀਆਂ ਨੇ ਧੰਨਵਾਦ ਕੀਤਾ ਅਤੇ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਜਸ਼ਨ ਮਨਾਇਆ।
ਲਾਵਾਰਸ ਪਸ਼ੂਆਂ ਨੂੰ ਰੋਕਣ ਲਈ ਗਰਿੱਲਾਂ ਲਾਈਆਂ
ਹਸਪਤਾਲ ਦੇ ਬਾਹਰੀ ਖ਼ੇਤਰ ਨੂੰ ਵਧੀਆ ਦਿੱਖ ਦੇਣ ਲਈ ਸਮੁੱਚੇ ਲੈਂਡਸਕੇਪ ਨੂੰ ਹਰੀ-ਭਰੀ ਦਿੱਖ ਦਿੱਤੀ ਗਈ ਹੈ। ਹਸਪਤਾਲ ਦੇ ਮੁੱਖ ਗੇਟ ਨੂੰ ਨਾ ਸਿਰਫ਼ ਮਜ਼ਬੂਤ ਬਣਾਇਆ ਗਿਆ ਹੈ, ਸਗੋਂ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਲਾਵਾਰਸ ਪਸ਼ੂਆਂ ਨੂੰ ਰੋਕਣ ਲਈ ਹਸਪਤਾਲ ਦੇ ਮੁੱਖ ਗੇਟ ’ਤੇ ਗਰਿੱਲਾਂ ਲਾਈਆਂ ਗਈਆਂ ਹਨ। ਚੂਹਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਕੇਜਰੀਵਾਲ ਤੇ ਮਾਨ ਵੱਲੋਂ ਅਤਿ ਆਧੁਨਿਕ ਹਸਪਤਾਲ ਲੋਕਾਂ ਨੂੰ ਸਮਰਪਿਤ
ਲੁਧਿਆਣਾ : ਇੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਿਵਲ ਹਸਪਤਾਲ ਲੁਧਿਆਣਾ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਦੋਵਾਂ ਆਗੂਆਂ ਨੇ ਲੋਕਾਂ ਨੂੰ ਹਸਪਤਾਲ ਵਿੱਚੋਂ ਸਿਹਤ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀਆਂ ਕੋਸ਼ਿਸ਼ਾਂ ਸਦਕਾ ਸਿਵਲ ਹਸਪਤਾਲ ਦੀ ਕਾਇਆ-ਕਲਪ ਹੋਈ ਹੈ। ਇਸ ਵਿੱਚ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਆਰਥੋਪੈਡਿਕ ਅਪਰੇਸ਼ਨ ਥੀਏਟਰ ਬਣਾਇਆ ਗਿਆ ਹੈ। ਹਸਪਤਾਲ ਵਿੱਚ ਪਖ਼ਾਨਿਆਂ ਵਿੱਚ ਸਾਰੀ ਫਿਟਿੰਗਜ਼ ਬਦਲਣ ਤੋਂ ਇਲਾਵਾ ਫ਼ਰਸ਼ ਨੂੰ ਤਿਲਕਣ ਰਹਿਤ ਅਤੇ ਕੁਸ਼ਲ ਡਰੇਨੇਜ ਸਿਸਟਮ ਨਾਲ ਲੈਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਧੀਆ ਮਿਆਰ ਵਾਲੀਆਂ 500 ਨਵੀਆਂ ਚਾਂਦਰਾਂ ਸਪਲਾਈ ਕੀਤੀਆਂ ਗਈਆਂ ਹਨ। ਹਸਪਤਾਲ ਵਿੱਚ ਅਹਿਮ ਥਾਵਾਂ ’ਤੇ 80 ਲਿਟਰ ਦੀ ਸਮਰੱਥਾ ਵਾਲੇ ਪੰਜ ਆਧੁਨਿਕ ਵਾਟਰ ਕੂਲਰ ਲਗਾਏ ਗਏ ਹਨ। ਵਧੀਆ ਦਿੱਖ ਦੇਣ ਅਤੇ ਸਾਫ਼-ਸੁਥਰਾ ਵਾਤਾਵਰਨ ਬਣਾਉਣ ਲਈ ਹਸਪਤਾਲ ਦੇ ਪੂਰੇ ਅਹਾਤੇ ਵਿੱਚ ਪੰਜ ਫੁੱਟ ਦੀ ਉਚਾਈ ਤੱਕ ਚਾਰਦੀਵਾਰੀ ਤੇ ਨਵੀਆਂ ਟਾਈਲਾਂ ਲਗਾਈਆਂ ਗਈਆਂ ਹਨ। ਬਰਸਾਤ ਦੌਰਾਨ ਚੋਣ ਤੋਂ ਬਚਾਉਣ ਤੇ ਹੋਰ ਸੰਭਾਵੀ ਨੁਕਸਾਨ ਦੇ ਮੱਦੇਨਜ਼ਰ ਸਾਰੀ ਛੱਤ ’ਤੇ ਆਧੁਨਿਕ ਮਟੀਰੀਅਲ ਤੇ ਤਕਨੀਕ ਨਾਲ ਵਾਟਰ ਪਰੂਫਿੰਗ ਕਰਵਾਈ ਗਈ। ਖ਼ਸਤਾ ਹਾਲ ਦਰਵਾਜ਼ਿਆਂ ਤੇ ਖਿੜਕੀਆਂ ਨੂੰ ਬਦਲਿਆ ਗਿਆ ਹੈ। ਹਸਪਤਾਲ ਦੀਆਂ 12 ਸਾਲਾਂ ਤੋਂ ਬੰਦ ਦੋ ਪੁਰਾਣੀਆਂ ਲਿਫਟਾਂ ਨੂੰ ਤਬਦੀਲ ਕੀਤਾ ਗਿਆ ਹੈ ਅਤੇ ਬੰਦ ਪਏ ਪੱਖਿਆਂ ਨੂੰ ਬਦਲਿਆ ਗਿਆ ਹੈ। ਹਸਪਤਾਲ ਵਿੱਚ ਸਾਰੀਆਂ ਖ਼ਸਤਾ ਹਾਲ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ। ਪਾਰਕਿੰਗ ਖ਼ੇਤਰ ਵਿੱਚ ਉੱਚ ਮਿਆਰ ਵਾਲੇ ਪੇਵਰ ਬਲਾਕ ਲਗਾਏ ਗਏ ਹਨ। ਮਰੀਜ਼ਾਂ ਨੂੰ ਇੰਤਜ਼ਾਰ ਵੇਲੇ ਠਹਿਰ ਦੇਣ ਲਈ ਪੰਜ ਹਜ਼ਾਰ ਸਕੁਏਅਰ ਫੁੱਟ ਦੇ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ।