-ਅਰਜਨ ਰਿਆੜ (ਮੁੱਖ ਸੰਪਾਦਕ)
ਬੀਤੇ ਦਿਨੀਂ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਗੋਲ ਮੋਲ ਤਰੀਕੇ ਨਾਲ ਹੀ ਸਹੀ ਪਰ ਬੇਅਦਬੀ ਮਾਮਲਿਆਂ ਉੱਤੇ ਪੰਥ ਤੋਂ ਮੁਆਫ ਮੰਗ ਲਈ ਹੈ। ਸਭ ਜਾਣਦੇ ਸਨ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਮਾਮਲਿਆਂ ਉੱਤੇ ਬਹੁਤ ਹੀ ਪਾਪ ਖੱਟਿਆ ਹੈ ਪਰ ਇਕ ਸੁਖਬੀਰ ਬਾਦਲ ਹੀ ਇਹ ਮੰਨਣ ਲਈ ਤਿਆਰ ਨਹੀਂ ਸੀ। ਸੁਖਬੀਰ ਸਿੰਘ ਬਾਦਲ ਨੂੰ ਸਿਰਫ ’ਤੇ ਸਿਰਫ ਇਸ ਗੱਲ ਦਾ ਹੀ ਹੰਕਾਰ ਸੀ ਕਿ ਉਸਦੇ ਹੱਥ ਪ੍ਰਧਾਨਗੀ ਹੈ ਅਤੇ ਸਮੱੁਚਾ ਅਕਾਲੀ ਦਲ ਉਸਦਾ ਨੌਕਰ ਹੈ ਤੇ ਉਹ ਜੋ ਮਰਜੀ ਫੈਸਲੇ ਲਵੇ ਕੋਈ ਵੀ ਉਸਦੇ ਅੱਗੇ ਬੋਲ ਨਹੀਂ ਸਕਦਾ। ਪਰ ਜਦੋਂ ਗੁਰੂ ਦੀ ਗੱਲ ਹੋਵੇ ਤਾਂ ਫਿਰ ਸੰਗਤ ਜਾਗ ਜਾਂਦੀ ਹੈ। ਸੰਗਤ ਦੀ ਅਵਾਜ਼ ਸੁਣਦਿਆਂ ਬਹੁਤ ਹੀ ਸਾਰੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਛੱਡਦੇ ਗਏ ਅਤੇ ਨਤੀਜਾ ਇਹ ਨਿਕਲਿਆ ਕਿ ਸੁਖਬੀਰ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ 2017 ਤੇ 2022 ਵਿਚ ਸ਼ਰਮਨਾਕ ਹਾਰ ਹੋਈ। 2022 ਵਿਚ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਸਿਰਫ 3 ਸੀਟਾਂ ਹੀ ਮਿਲੀਆਂ ਅਤੇ ਲਗਾਤਾਰ ਦੂਜੀ ਵਾਰ ਇਤਿਹਾਸ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਅਹੁਦਾ ਵੀ ਨਾ ਮਿਲਿਆ। ਪੰਜਾਬ ਨੂੰ ਬਣਾਉਣ ਵਾਲੀ ਪਾਰਟੀ, ਪੰਜਾਬੀ ਲਈ ਸੰਘਰਸ਼ ਕਰਨ ਵਾਲੀ ਪਾਰਟੀ ਅਤੇ ਮਨੱੁਖਤਾ ਲਈ ਲੜਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਪੰਜਾਬ ਦੀ ਸਿਆਸਤ ਵਿਚ ਹਾਸ਼ੀਏ ਉੱਤੇ ਖੜ੍ਹੀ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਦੌਰਾਨ ਜੋ ਜ਼ੁਲਮ ਕੀਤੇ ਹਨ ਅਜੇ ਉਸਨੂੰ ਇਸ ਤੋਂ ਵੀ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਪਰ ਸ਼ਾਇਦ ਉਸਨੇ ਸੱਤਾ ਸ਼ਕਤੀ ’ਚ ਹੋਏ ਬੋਲੇਪਨ ਅਤੇ ਅੰਨੇਪਣ ਦਾ ਇਲਾਜ ਕਰਵਾ ਲਿਆ ਹੈ। ਉਸਨੂੰ ਹੁਣ ਦਿਖਣ ਲੱਗ ਪਿਆ ਹੈ ਕਿ ਉਸਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਸੰਗਤ ਅਤੇ ਆਗੂਆਂ ਦੇ ਨਾਲ ਹੀ ਹੈ। ਇਸ ਲਈ ਨਾ ਚਾਹੁੰਦੇ ਹੋਏ ਵੀ ਉਸਨੂੰ ਮੁਆਫ਼ੀ ਮੰਗਣੀ ਪਈ। ਭਾਵੇਂ ਮੁਆਫ਼ੀ ਝੂਠੀ ਮੂਠੀ ਹੀ ਮੰਗੀ ਗਈ ਹੈ ਪਰ ਇਸਦਾ ਵੀ ਅਕਾਲੀ ਦਲ ਵਿਚ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਰੱੁਸ ਕੇ ਬੈਠੇ ਕੇ ਅਕਾਲੀ ਆਗੂ ਤੇ ਵਰਕਰ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸ ਆਉਣੇ ਸ਼ੁਰੂ ਹੋ ਗਏ ਹਨ। ਭਾਵੇਂ ਪੰਜਾਬ ਵਿਚੋਂ ਵੀ ਕੁਝ ਖਬਰਾਂ ਆਈਆਂ ਪਰ ਦਿੱਲੀ ਤੋਂ ਆਈ ਖਬਰ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ ਪਾਰਟੀ’ ਦੇ ਮੁਖੀ ਮਨਜੀਤ ਸਿੰਘ ਜੀ.ਕੇ. ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਿਲ ਕਰਵਾਇਆ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਆਗੂਆਂ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਅਕਾਲੀ ਦਲ ਵਿਚ ਵਾਪਸੀ ਤੋਂ ਬਾਅਦ ਜੀ.ਕੇ. ਨੇ ਕਿਹਾ, ‘‘ਮੈਂ ਬਿਨਾਂ ਸ਼ਰਤ ਵਾਪਸੀ ਕਰ ਰਿਹਾ ਹਾਂ। ਅੱਜ ਸਿੱਖਾਂ ਦੇ ਮਸਲਿਆਂ ’ਤੇ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ। ਅਸੀਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਾਂਗੇ। ਕੌਮ ਦੇ ਹਿੱਤ ਸਾਡੇ ਲਈ ਸਭ ਤੋਂ ਉੱਪਰ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਿੱਖਾਂ ਦੇ ਮਾਮਲਿਆਂ ’ਤੇ ਇਕਜੁੱਟ ਹੋਣ ਦੀ ਲੋੜ ਹੈ। ਜੀ.ਕੇ. ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਇਕੱਠੇ ਹੋ ਕੇ ਲੜਾਂਗੇ।
ਇਹ ਖਬਰ ਇਸ ਲਈ ਅਹਿਮ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਦੋਂ ਤੋਂ ਕਿਸਾਨ ਅੰਦੋਲਨ ਤੋਂ ਬਾਅਦ ਅਕਾਲੀ ਦਲ ਬਾਦਲ ਨਾਲੋਂ ਤੋੜ ਵਿਛੋੜਾ ਹੋਇਆ ਹੈ ਉਦੋਂ ਤੋਂ ਹੀ ਮੋਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਛਾਂਗਣ ’ਤੇ ਲੱਗੀ ਹੋਈ ਹੈ ਤੇ ਉਹਨਾਂ ਅਕਾਲੀ ਦਲ ਨੂੰ ਛਾਂਗਿਆ ਵੀ। ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਸੀ ਕਿ ਉਸਦੇ ਆਗੂ ਅਕਾਲੀ ਦਲ ਨਹੀਂ ਛੱਡਣਗੇ ਪਰ ਦੇਰ ਨਹੀਂ ਲੱਗੀ ਕਈ ਅਕਾਲੀ ਆਗੂ ਸਿੱਖਾਂ ਦੀ ਵਿਰੋਧੀ ਸਮਝੀ ਜਾਂਦੀ ਪਾਰਟੀ ਭਾਜਪਾ ਵਿਚ ਛੜੱਪੇ ਮਾਰ ਗਏ। ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ’ਚ ਸ਼ਾਮਿਲ ਹੋ ਕੇ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਹੀ ਪਾ ਦਿੱਤਾ ਸੀ। ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਭਾਜਪਾ ਦਾ ਹੀ ਅਸਿੱਧੇ ਰੂਪ ਵਿਚ ਕਬਜ਼ਾ ਹੈ।
ਖੈਰ! ਮਨਜੀਤ ਸਿੰਘ ਜੀ.ਕੇ. ਦਿੱਲੀ ਵਿਚ ਇਕ ਸਾਫ ਸੁਥਰੇ ਅਕਸ ਵਾਲੇ ਸਿੱਖ ਆਗੂ ਹਨ ਅਤੇ ਉਹਨਾਂ ਨਾਲ ਵੱਡੀ ਗਿਣਤੀ ’ਚ ਸੰਗਤ ਜੁੜੀ ਹੋਈ ਹੈ। ਹੁਣ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਦਿੱਲੀ ਵਿਚ ਸੁਖਬੀਰ ਸਿੰਘ ਬਾਦਲ ਨੂੰ ਠਾਹਰ ਤਾਂ ਮਿਲੇਗੀ ਹੀ ਪਰ ਮੋਦੀ ਪਾਰਟੀ ਵਲੋਂ ਉਸ ਪਿੱਛੇ ਜਲਦੀ ਹੀ ਈ.ਡੀ. ਵੀ ਛੱਡ ਦਿੱਤੀ ਜਾਵੇਗੀ। ਅਸਲ ਵਿਚ ਮਨਜੀਤ ਸਿੰਘ ਜੀ.ਕੇ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ ਅਤੇ ਸਿਰਸਾ ਸਾਬ੍ਹ ਉਹਨਾਂ ਦੇ ਸਭ ਪਰਦੇ ਜਾਣਦੇ ਹਨ ਇਸ ਲਈ ਬਹੁਤ ਹੀ ਦੇਰ ਨਹੀਂ ਲੱਗੇਗੀ ਕਿ ਜਦੋਂ ਮਨਜੀਤ ਸਿੰਘ ਜੀ.ਕੇ. ਨੂੰ ਈ.ਡੀ. ਦੇ ਸੰਮਨ ਸ਼ੁਰੂ ਹੋ ਜਾਣਗੇ। ਪਰ ਇਹ ਦੇਖਣਾ ਹੈ ਕਿ ਮਨਜੀਤ ਸਿੰਘ ਜੀ.ਕੇ. ਆਪਣੇ ਇਸ ਨਵੇਂ ਚੁਣੌਤੀਪੂਰਨ ਸਫ਼ਰ ਉੱਤੇ ਅਡੋਲ ਚੱਲਦੇ ਰਹਿੰਦੇ ਹਨ ਕਿ ਸਰਸਾ ਵਾਂਗ ਡੋਲ ਕੇ ਮਜਬੂਰਨ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿਚ ਛੜੱਪਾ ਮਾਰ ਜਾਣਗੇ? ਆਮੀਂਨ!