ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਨਵੀਂ ਦਿੱਲੀ,-ਨਰਿੰਦਰ ਮੋਦੀ ਨੇ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ। ਉਹ ਅਜਿਹੇ ਮੰਤਰੀ ਮੰਡਲ ਦੀ ਪ੍ਰਧਾਨਗੀ ਕਰ ਰਹੇ ਹਨ ਜਿਸ ਵੱਲੋਂ ਨਿਰੰਤਰਤਾ ਤੇ ਤਜਰਬੇ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਵਿੱਚ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਇਸ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਹਾਜ਼ਰ ਸਨ ਜਦਕਿ ਵਿਰੋਧੀ ਧਿਰ ਦੇ ਹੋਰ ਆਗੂ ਗੈਰ-ਹਾਜ਼ਰ ਰਹੇ। ਮੋਦੀ ਕੈਬਨਿਟ ਦੀ ਭਲਕੇ ਸ਼ਾਮ 5.30 ਵਜੇ ਪਹਿਲੀ ਮੀਟਿੰਗ ਸੱਦ ਲਈ ਗਈ ਹੈ।

ਰਾਸ਼ਟਰਪਤੀ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮੋਦੀ ਦੇ ਨਾਲ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਾਮਨ ਅਤੇ ਐੱਸ ਜੈਸ਼ੰਕਰ ਸਣੇ ਸਾਰੇ ਸੀਨੀਅਰ ਭਾਜਪਾ ਆਗੂਆਂ (ਜੋ ਕਿ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਦੂਜੇ ਕਾਰਜਕਾਲ ਵਿੱਚ ਵੀ ਮੰਤਰੀ ਸਨ) ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੋਦੀ ਅਤੇ 30 ਕੈਬਨਿਟ ਮੰਤਰੀਆਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਮਾਰੋਹ ਦੌਰਾਨ ਚਿੱਟੇ ਕੁੜਤੇ ਤੇ ਚੂੜੀਦਾਰ ਪਜਾਮੀ ਦੇ ਨਾਲ ਨੀਲੀ ਜੈਕਟ ਵਿੱਚ ਮੋਦੀ (73) ਨੇ ਅਹੁਦੇ ਦੀ ਸਹੁੰ ਚੁੱਕੀ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਤੋਂ ਬਾਅਦ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੂਜੇ ਆਗੂ ਹਨ। ਮੋਦੀ 3.0 ਸਰਕਾਰ ਵਿੱਚ 33 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਅਤੇ ਘੱਟੋ-ਘੱਟ ਛੇ ਅਜਿਹੀਆਂ ਸ਼ਖ਼ਸੀਅਤਾਂ ਹਨ ਜੋ ਕਿ ਮਸ਼ਹੂਰ ਸਿਆਸੀ ਪਰਿਵਾਰਾਂ ਨਾਲ ਸਬੰਧਤ ਹਨ।