ਝੋਨਾ ਸੰਕਟ: ਕਿਸਾਨਾਂ ਵੱਲੋਂ ਪੰਜਾਬ ’ਚ 150 ਥਾਵਾਂ ’ਤੇ ਚੱਕਾ ਜਾਮ

ਝੋਨਾ ਸੰਕਟ: ਕਿਸਾਨਾਂ ਵੱਲੋਂ ਪੰਜਾਬ ’ਚ 150 ਥਾਵਾਂ ’ਤੇ ਚੱਕਾ ਜਾਮ

ਅੱਜ ਵੀ ਰੋਕੇ ਜਾਣਗੇ ਮਾਰਗ; ਕੇਂਦਰ ਤੇ ਪੰਜਾਬ ਸਰਕਾਰ ਨੂੰ ਸੂਬੇ ਦੇ ਹਿੱਤਾਂ ਵੱਲ ਧਿਆਨ ਦੇਣ ਲਈ ਕਿਹਾ

ਚੰਡੀਗੜ੍ਹ,(ਪੰਜਾਬੀ ਰਾਈਟਰ)- ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਸੱਦੇ ’ਤੇ ਕਿਸਾਨਾਂ ਨੇ ਝੋਨੇ ਦੀ ਖ਼ਰੀਦ ’ਚ ਬਣੇ ਅੜਿੱਕਿਆਂ ਕਾਰਨ ਅੱਜ ਸਮੁੱਚੇ ਪੰਜਾਬ ਦੀਆਂ ਸੜਕਾਂ ਜਾਮ ਕਰ ਦਿੱਤੀਆਂ। ਕੌਮੀ ਅਤੇ ਲਿੰਕ ਮਾਰਗਾਂ ’ਤੇ ਕਿਸਾਨਾਂ ਨੇ ਚਾਰ ਘੰਟੇ ਲਈ ਆਵਾਜਾਈ ਬੰਦ ਰੱਖੀ। ਇਸ ਨਾਲ ਕਰੀਬ 150 ਥਾਵਾਂ ’ਤੇ ਆਵਾਜਾਈ ਠੱਪ ਰਹੀ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਮੋਗਾ, ਸੰਗਰੂਰ, ਫਗਵਾੜਾ ਤੇ ਬਟਾਲਾ ’ਚ ਸ਼ਨਿੱਚਰਵਾਰ ਨੂੰ ਚੱਕਾ ਜਾਮ ਕੀਤਾ ਜਾਵੇਗਾ।


ਮੁੱਖ ਮੰਤਰੀ ਭਗਵੰਤ ਮਾਨ ਨੇ 19 ਅਕਤੂਬਰ ਨੂੰ ਐੱਸਕੇਐੱਮ ਦੇ ਆਗੂਆਂ ਨਾਲ ਮੀਟਿੰਗ ਕਰਕੇ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਦੇ ਮਸਲੇ ਦਾ ਹੱਲ ਕਰਨ ਵਾਸਤੇ ਦੋ ਦਿਨਾਂ ਦਾ ਸਮਾਂ ਮੰਗਿਆ ਸੀ ਪ੍ਰੰਤੂ ਕਿਸਾਨ ਆਗੂਆਂ ਨੇ ਚਾਰ ਦਿਨਾਂ ਦੀ ਮੋਹਲਤ ਦਿੱਤੀ ਸੀ। ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਰਾਹਗੀਰਾਂ ਨੂੰ ਘੰਟਿਆਂ ਬੱਧੀ ਸੜਕਾਂ ’ਤੇ ਇੰਤਜ਼ਾਰ ਕਰਨਾ ਪਿਆ। ਇੱਥੋਂ ਤੱਕ ਕਿ ਜ਼ਰੂਰੀ ਕੰਮਾਂ ਵਾਲੇ ਲੋਕ ਵੀ ਜਾਮ ਵਿਚ ਫਸੇ ਰਹੇ। ਸਾਰੇ ਜ਼ਿਲ੍ਹਿਆਂ ਵਿੱਚ ਸਵੇਰੇ 11 ਤੋਂ ਦੁਪਹਿਰ ਬਾਅਦ ਤਿੰਨ ਵਜੇ ਤੱਕ ਕਿਸਾਨਾਂ ਦੇ ਨਾਅਰੇ ਗੂੰਜਦੇ ਰਹੇ। ਕਿਸਾਨ ਆਗੂਆਂ ਨੇ ਸੂਬਾ ਸਰਕਾਰ ਨੂੰ ਮੁੜ ਚਿਤਾਵਨੀ ਦਿੱਤੀ ਕਿ ਜੇ ਲਿਫ਼ਟਿੰਗ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗਾ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਸ਼ਨਿਚਰਵਾਰ ਨੂੰ ਚਾਰ ਥਾਵਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ, ਜਦੋਂ ਕਿ ਬੀਕੇਯੂ ਦੋਆਬਾ ਨੇ ਕਈ ਦਿਨਾਂ ਤੋਂ ਫਗਵਾੜਾ ’ਚ ਕੌਮੀ ਸੜਕ ਮਾਰਗ ਜਾਮ ਕੀਤਾ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ , ਬੂਟਾ ਸਿੰਘ ਬੁਰਜ ਗਿੱਲ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਮੌਜੂਦਾ ਸੰਕਟ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਆਪਸੀ ਖਿੱਚੋਤਾਣ ਅਤੇ ਦੂਸ਼ਣਬਾਜ਼ੀ ਛੱਡ ਕੇ ਕਿਸਾਨਾਂ ਅਤੇ ਸੂਬੇ ਦੇ ਹਿੱਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਬੁਲਾਰਿਆਂ ਨੇ ਚੱਕਾ ਜਾਮ ਦੌਰਾਨ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਡੀਏਪੀ ਦਾ ਤੁਰੰਤ ਪ੍ਰਬੰਧ ਕਰਨ ਦੇ ਨਾਲ ਨਾਲ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਐੱਮਐੱਸਪੀ ਦੇ ਕੇ ਕਾਸ਼ਤਕਾਰਾਂ ਨੂੰ ਰਾਹਤ ਦਿੱਤੀ ਜਾਵੇ। ਅੰਬਾਲਾ-ਚੰਡੀਗੜ੍ਹ ਸੜਕ ’ਤੇ ਲਾਲੜੂ, ਜਲੰਧਰ-ਅੰਮ੍ਰਿਤਸਰ ਸੜਕ ਮਾਰਗ ’ਤੇ ਹਮੀਰਾ ਕੋਲ, ਪਟਿਆਲਾ-ਸਰਹਿੰਦ ਰੋਡ, ਫ਼ਰੀਦਕੋਟ ’ਚ ਦਾਣਾ ਮੰਡੀ ਜੈਤੋ, ਫ਼ਿਰੋਜ਼ਪੁਰ ਵਿਚ ਤਲਵੰਡੀ ਭਾਈ ਚੌਕ, ਬਨੂੜ, ਬਾਬਰੀ ਚੌਕ ਗੁਰਦਾਸਪੁਰ, ਭਵਾਨੀਗੜ੍ਹ, ਜਲਾਲਾਬਾਦ, ਰਾਮਪੁਰਾ ਮੌੜ ਚੌਕ, ਬਡਬਰ, ਭਦੌੜ, ਧਰਮਕੋਟ, ਢਿਲਵਾਂ ਹਾਈਵੇਅ ਕਪੂਰਥਲਾ ਸਮੇਤ 150 ਥਾਵਾਂ ’ਤੇ ਚੱਕਾ ਜਾਮ ਰਿਹਾ। ਵੱਖ ਵੱਖ ਥਾਵਾਂ ’ਤੇ ਧਰਨਿਆਂ ਨੂੰ ਕਿਸਾਨ ਆਗੂ ਗੁਰਮੀਤ ਸਿੰਘ ਮਹਿਮਾ, ਰੁਲਦੂ ਸਿੰਘ ਮਾਨਸਾ, ਡਾ. ਸਤਨਾਮ ਸਿੰਘ ਅਜਨਾਲਾ, ਹਰਮੀਤ ਸਿੰਘ ਕਾਦੀਆਂ, ਸੁਖਦੇਵ ਸਿੰਘ ਅਰਾਈਆਂਵਾਲਾ, ਬਲਦੇਵ ਸਿੰਘ ਨਿਹਾਲਗੜ੍ਹ, ਬਲਵਿੰਦਰ ਸਿੰਘ ਮੱਲੀ ਨੰਗਲ, ਬੋਘ ਸਿੰਘ ਮਾਨਸਾ, ਫੁਰਮਾਨ ਸਿੰਘ ਸੰਧੂ ਆਦਿ ਨੇ ਸੰਬੋਧਨ ਕੀਤਾ।

ਸੜਕੀ ਪ੍ਰਦਰਸ਼ਨਾਂ ’ਤੇ ਉੱਠਣ ਲੱਗੀ ਉਂਗਲ
ਪੰਜਾਬ ’ਚ ਨਿੱਤ ਦੇ ਧਰਨਿਆਂ ਅਤੇ ਸੜਕੀ ਜਾਮ ਕਾਰਨ ਸੂਬੇ ਦਾ ਆਮ ਵਰਗ ਦਬੀ ਜ਼ੁਬਾਨ ’ਚ ਉਂਗਲ ਉਠਾਉਣ ਲੱਗਾ ਹੈ। ਰਾਹਗੀਰ ਹੁਣ ਮੁਜ਼ਾਹਰਿਆਂ ਖ਼ਿਲਾਫ਼ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਨਹੀਂ ਕਰਦੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਲੋਕਾਂ ਨੂੰ ਹਰਗਿਜ਼ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਹਨ ਪਰ ਦੂਸ਼ਣਬਾਜ਼ੀ ਦੀ ਸਿਆਸਤ ਵਿੱਚ ਪਿਸ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਵਾਰਸ ਨਹੀਂ ਛੱਡਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਨਦਾਤੇ ਦੀ ਤਕਲੀਫ਼ ਨੂੰ ਆਮ ਲੋਕ ਸਮਝਣ। ਉਂਝ ਆਗੂਆਂ ਨੇ ਚੱਕਾ ਜਾਮ ਲਈ ਆਮ ਲੋਕਾਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਹੈ।